ਸੀ.ਜੇ.ਐਮ. ਦੇ ਸਦਯਤਨਾਂ ਸਦਕਾ ਮਾਨਸਿਕ ਰੋਗੀ ਦਾ ਹੋਵੇਗਾ ਮੁਫ਼ਤ ਇਲਾਜ
ਅਮਰੀਕ ਸਿੰਘ
ਫਿਰੋਜ਼ਪੁਰ 06 ਜੂਨ
ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਵੀਰਇੰਦਰ ਅਗਰਵਾਲ ਜੀਆਂ ਦੀ ਰਹਿਨੁਮਾਈ ਹੇਠ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਿਸ ਏਕਤਾ ਉੱਪਲ ਵੱਲੋਂ ਪਿਛਲੇ ਦਿਨੀਂ ਇੱਕ ਸਪੈਸ਼ਲ ਵਿਅਕਤੀ (ਮਾਨਸਿਕ ਰੋਗੀ) ਦਾ ਕੇਸ ਹੱਥ ਵਿੱਚ ਲਿਆ ਗਿਆ ਸੀ। ਇਸ ਕੇਸ ਵਿੱਚ ਸਬੰਧਤ ਸਪੈਸ਼ਲ ਵਿਅਕਤੀ ਦੀ ਭੈਣ ਵੱਲੋਂ ਪਿਛਲੇ ਇੱਕ ਸਾਲ ਤੋਂ ਵੱਖ-ਵੱਖ ਅਦਾਰਿਆਂ/ਸੰਸਥਾਵਾਂ ਕੋਲ ਆਪਣੇ ਭਰਾ ਦੇ ਮਾਨਸਿਕ ਇਲਾਜ ਲਈ ਗੁਹਾਰ ਲਗਾਈ ਗਈ।
ਉਨ੍ਹਾਂ ਦੱਸਿਆ ਕਿ ਇਸ ਸਾਲ ਮਈ ਦੇ ਮਹੀਨੇ ਵਿੱਚ ਇਸ ਮਾਨਸਿਕ ਤੌਰ `ਤੇ ਮਰੀਜ ਵਿਅਕਤੀ ਦੀ ਭੈਣ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਕੋਲ ਪੇਸ਼ ਹੋਈ ਤਾਂ ਸੈਸ਼ਨਜ਼ ਜੱਜ ਸ਼੍ਰੀ ਵੀਰਇੰਦਰ ਅਗਰਵਾਲ ਨੇ ਇਸ ਕੇਸ ਵਿੱਚ ਖਾਸ ਦਿਲਚਸਪੀ ਲੈਂਦਿਆਂ ਇਹ ਮਾਮਲਾ ਮਿਸ ਏਕਤਾ ਉੱਪਲ ਜੱਜ ਸਾਹਿਬ ਨਾਲ ਵਿਚਾਰਿਆ ਤਾਂ ਇਹ ਪਾਇਆ ਗਿਆ ਕਿ ਇਸ ਕੇਸ ਵਿੱਚ ਮੈਂਟਲ ਹੈਲਥ ਬੋਰਡ ਦੀ ਮੀਟਿੰਗ ਵਿੱਚ ਜੱਜ ਸ਼੍ਰੀ ਗੁਰਮੀਤ ਸਿੰਘ ਟਿਵਾਣਾ ਨੇ ਇਸ ਵਿਅਕਤੀ ਨੂੰ ਡਾਇਰੈਕਟਰ ਮੈਂਟਲ ਹੈਲਥ ਅੰਮ੍ਰਿਤਸਰ ਵਿਖੇ ਭੇਜਣ ਦੀ ਹਦਾਇਤ ਦਿੱਤੀ ਹੋਈ ਹੈ ਪਰ ਇਸ ਦੇ ਬਾਵਜੂਦ ਇਸ ਮਰੀਜ਼ ਨੂੰ ਉੱਥੇ ਦਾਖਲ ਨਹੀਂ ਕੀਤਾ ਗਿਆ। ਫਿਰ ਇਸ ਸਬੰਧਤ ਮਰੀਜ ਦੀ ਭੈਣ ਵੱਲੋਂ ਬੇਨਤੀ ਕਰਨ `ਤੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮਿਸ ਏਕਤਾ ਉੱਪਲ ਨੇ ਆਪਣੇ ਵੱਲੋਂ ਪੱਤਰ ਭੇਜ ਕੇ ਸਬੰਧਤ ਇਸਟੀਚਿਊਟ ਨੂੰ ਹਦਾਇਤ ਕੀਤੀ ਕਿ ਇਸ ਵਿਅਕਤੀ ਦੇ ਇਲਾਜ ਦੇ ਹੁਕਮਾਂ ਦੀ ਪਾਲਣਾ ਨੂੰ ਛੇਤੀ ਤੋਂ ਛੇਤੀ ਯਕੀਨੀ ਬਣਾਇਆ ਜਾਵੇ।
ਸੀ.ਜੇ.ਐਮ. ਦੇ ਸਦਯਤਨਾਂ ਸਦਕਾ ਇਹ ਦਰਖਾਸਤ ਡਾਇਰੈਕਟਰ ਮੈਂਟਲ ਹੈਲਥ ਕੇਅਰ ਇੰਸਟੀਚਿਊਟ ਅੰਮ੍ਰਿਤਸਰ ਨੂੰ ਭੇਜ ਕੇ ਦੁਬਾਰਾ ਇਸ ਕੇਸ ਦੀ ਪੈਰਵੀ ਕੀਤੀ ਗਈ ਤਾਂ ਮਿਤੀ 03 ਜੂਨ, 2022 ਨੂੰ ਉਪਰੋਕਤ ਹਸਪਤਾਲ ਦੇ ਡਾਇਰੈਕਟਰ ਨੇ ਸਬੰਧਤ ਮਰੀਜ ਨੂੰ ਉਸ ਦਾ ਕੋਵਿਡ ਟੈਸਟ ਕਰਵਾਉਣ ਉਪਰੰਤ ਆਪਣੇ ਹਸਪਤਾਲ ਵਿੱਚ ਦਾਖਲ ਕਰ ਲਿਆ ਹੈ ਅਤੇ ਜੱਜ ਸਾਹਿਬ ਨੂੰ ਇਸ ਸਬੰਧੀ ਪੱਤਰ ਭੇਜ ਕੇ ਲਿਖਿਆ ਗਿਆ ਹੈ ਕਿ ਇਸ ਮਰੀਜ਼ ਦਾ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਪਹਿਲ ਦੇ ਆਧਾਰ `ਤੇ ਮੁਫ਼ਤ ਇਲਾਜ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਯਕੀਨ ਦੁਆਇਆ ਕਿ ਹਸਪਤਾਲ ਵੱਲੋਂ ਹਰ ਸੰਭਵ ਇਲਾਜ/ਯਤਨ ਕਰਕੇ ਇਸ ਵਿਅਕਤੀ ਜਲਦੀ ਤੋਂ ਜਲਦੀ ਠੀਕ ਕਰਨ ਦਾ ਪ੍ਰਯਤਨ ਕੀਤਾ ਜਾਵੇਗਾ।
—-