ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ
ਅਮਰੀਕ ਸਿੰਘ
ਅੰਮ੍ਰਿਤਸਰ, 25 ਮਾਰਚ-
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ ਸਾਹਿਬ ਵਿਖੇ ਚਲਦੀਆਂ ਸੇਵਾਵਾਂ ਲਈ ਰਾਸ਼ੀ ਦਾ ਇਹ ਚੈੱਕ ਕੰਪਨੀ ਦੇ ਡਾਇਰੈਕਟਰ ਸ. ਹਰਪ੍ਰੀਤ ਸਿੰਘ ਮਿਨਹਾਸ, ਡਾ. ਗੁਰਪ੍ਰੀਤ ਸਿੰਘ ਮਿਨਹਾਸ ਤੇ ਬੀਬੀ ਸਵਰੀਨ ਕੌਰ ਮਿਨਹਾਸ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਓਐਸਡੀ ਸ. ਸਤਬੀਰ ਸਿੰਘ ਧਾਮੀ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੂੰ ਸੌਪਿਆ।
ਇਸ ਮੌਕੇ ਸ. ਸਤਬੀਰ ਸਿੰਘ ਨੇ ਕਿਹਾ ਕਿ ਪੂਰੇ ਵਿਸ਼ਵ ਦੀਆਂ ਸੰਗਤਾਂ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਹੈ ਅਤੇ ਸੰਗਤਾਂ ਵੱਲੋਂ ਚੱਲ ਰਹੀਆਂ ਸੇਵਾਵਾਂ ਵਿੱਚ ਭੇਟਾਵਾਂ ਅਰਪਨ ਕਰਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਇਸੇ ਤਹਿਤ ਹੀ ਮਿਨਹਾਸ ਪਰਿਵਾਰ ਵੱਲੋਂ ਆਪਣੀ ਕੰਪਨੀ ਦੀ ਤਰਫੋਂ ਅੱਜ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ ਹੈ।
ਇਸ ਦੌਰਾਨ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਦੇ ਡਾਇਰੈਕਟਰ ਸ. ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਖਸ਼ਿਸ ਸਦਕਾ ਹੀ ਉਨ੍ਹਾਂ ਦੇ ਪਰਿਵਾਰ ਵੱਲੋਂ ਗੁਰੂ ਘਰ ਦੀਆਂ ਸੇਵਾਵਾਂ ਵਿੱਚ ਹਿੱਸਾ ਪਾਇਆ ਗਿਆ ਹੈ। ਉਨ੍ਹਾਂ ਅਰਦਾਸ ਕੀਤੀ ਕਿ ਸ੍ਰੀ ਗੁਰੂ ਰਾਮਦਾਸ ਜੀ ਪਰਿਵਾਰ ’ਤੇ ਕਿਰਪਾ ਕਰਕੇ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਓਐਸਡੀ ਸ. ਸਤਬੀਰ ਸਿੰਘ ਧਾਮੀ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੇ ਸ੍ਰੀ ਦਰਬਾਰ ਸਾਹਿਬ ਵੱਲੋਂ ਸ. ਹਰਪ੍ਰੀਤ ਸਿੰਘ ਮਿਨਹਾਸ ਤੇ ਉਨ੍ਹਾਂ ਦੇ ਪਰਿਵਾਰ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ, ਲੋਈ ਤੇ ਪੁਸਤਕ ਦੇ ਕੇ ਸਨਮਾਨਿਤ ਕੀਤਾ।