ਸੰਘਣੀ ਧੁੰਦ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵਾਹਨਾਂ ਦੀ ਜਾਂਚ ਦੇ ਨਿਰਦੇਸ਼ ਹਰ ਵਾਹਨ ਦੇ ਪਿੱਛੇ ਲਾਇਟਾਂ ਅਤੇ ਰਿਫਲੈਕਟਰ ਜਰੂਰ ਵੇਖੇ ਜਾਣ
ਅਮਰੀਕ ਸਿੰਘ
ਅੰਮ੍ਰਿਤਸਰ, 21 ਦਸੰਬਰ ( )-ਜਿਲ੍ਹੇ ਵਿਚ ਪੈ ਰਹੀ ਸੰਘਣੀ ਧੁੰਦ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਹਰਪ੍ਰੀਤ ਸਿੰਘ ਆਈ ਏ ਐਸ ਨੇ ਟਰੈਫਿਕ ਪੁਲਿਸ, ਆਰ ਟੀ ਏ ਅੰਮ੍ਰਿਤਸਰ ਅਤੇ ਜਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਧੁੰਦ ਦੇ ਮੱਦੇਨਜ਼ਰ ਵਾਹਨਾਂ ਦੀ ਜਾਂਚ ਯਕੀਨੀ ਬਨਾਉਣ। ਉਨਾਂ ਕਿਹਾ ਕਿ ਸੰਘਣੀ ਧੁੰਦ ਵਿਚ ਜਿੱਥੇ ਵਾਹਨਾਂ ਦੀਆਂ ਅਗਲੀਆਂ ਲਾਇਟਾਂ ਜਰੂਰੀ ਹਨ, ਉਸ ਤੋਂ ਵੀ ਵੱਧ ਉਸਦੇ ਮਗਰ ਲੱਗੀ ਲਾਈਟ, ਜਿਸ ਵਿਚ ਬਰੇਕ ਲਾਈਟ ਵੀ ਸ਼ਾਮਿਲ ਹੋਵੇ, ਹਰ ਹਾਲਤ ਚਾਲੂ ਹੋਣੀ ਬੇਹੱਦ ਜਰੂਰੀ ਹੈ। ਇਸ ਤੋਂ ਇਲਾਵ ਜਿੰਨਾ ਵਾਹਨਾਂ ਮਗਰ ਲਾਈਟ ਦਾ ਪ੍ਰਬੰਧ ਨਹੀਂ ਹੈ, ਉਦਾਹਨਰ ਵਜੋਂ ਟਰਾਲੀ, ਸਾਈਕਲ ਆਦਿ ਉਨਾਂ ਮਗਰ ਰਿਫਲੈਕਟਰ ਲੱਗਾ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਉਕਤ ਸਾਰੇ ਵਿਭਾਗ ਵਾਹਨਾਂ ਦੀ ਜਾਂਚ ਕਰਦੇ ਵਕਤ ਪਿੱਛੇ ਲੱਗੀ ਲਾਈਟ ਅਤੇ ਰਿਫਲੈਕਟਰ ਨੂੰ ਵੇਖਣਾ ਯਕੀਨੀ ਬਨਾਉਣ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕੱਲ ਕੀਤੇ ਗਏ ਇੰਨਾ ਹੁਕਮਾਂ ਦੇ ਤਰੁੰਤ ਬਾਅਦ ਹਰਕਤ ਵਿਚ ਆਉਂਦੇ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਆਪਣੀ ਟੀਮ ਨਾਲ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਜਿਲ੍ਹਾ ਟਾਸਕ ਫੋਰਸ ਨੂੰ ਨਾਲ ਲੈ ਕੇ ਸਕੂਲ ਵਾਹਨਾਂ ਦੀ ਜਾਂਚ ਕੀਤੀ। ਉਨਾਂ ਦੱਸਿਆ ਕਿ ਅੱਜ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੁਤਲੀਘਰ ਵਿਖੇ ਸਵੇਰੇ ਨਾਕਾ ਲਗਾ ਕੇ ਬੱਸਾਂ ਦੀ ਜਾਂਚ ਕੀਤੀ ਗਈ, ਪਰ ਅੱਜ ਅਜਿਹੇ ਕੋਈ ਵਾਹਨ ਨਹੀਂ ਮਿਲਿਆ, ਜਿਸ ਪਿੱਛੇ ਲਾਈਟ ਨਾ ਹੋਵੇ। ਉਨਾਂ ਨੇ ਸਾਰੇ ਸਕੂਲ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੀ ਸੁਰੱਖਿਆ ਲਈ ਅਜਿਹੀ ਧੁੰਦ ਵਿਚ ਗੱਡੀਆਂ ਦੀ ਖੁਦ ਜਾਂਚ ਕਰੋ ਅਤੇ ਹਰ ਵਾਹਨ ਦੀ ਬਰੇਕ, ਲਾਈਟ, ਬੈਕ ਲਾਈਟ ਆਦਿ ਦਾ ਖਾਸ ਖਿਆਲ ਰੱਖੋ। ਇਸੇ ਦੌਰਾਨ ਆਰ ਟੀ ਏ ਸ. ਅਰਸ਼ਦੀਪ ਸਿੰਘ ਨੇ ਆਪਣੀ ਜਾਂਚ ਟੀਮਾਂ ਨੂੰ ਧੁੰਦ ਦੇ ਮੱਦੇਨਜ਼ਰ ਵਾਹਨਾਂ ਦੀ ਜਾਂਚ ਕਰਨ ਦੀਆਂ ਹਦਾਇਤਾਂ ਕਰ ਦਿੱਤੀਆਂ ਹਨ। ਉਨਾਂ ਆਪਣੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਜੇਕਰ ਕਿਸੇ ਵਾਹਨ ਮਗਰ ਰਿਲੈਕਟਰ ਜਾਂ ਲਾਈਟ ਨਹੀਂ ਹਨ, ਤਾਂ ਉਸ ਨੂੰ ਜੁਰਮਾਨਾ ਕਰਨ ਦੇ ਨਾਲ-ਨਾਲ ਤਰੁੰਤ ਇਹ ਪ੍ਰਬੰਧ ਕਰਨ ਦੀ ਹਦਾਇਤ ਵੀ ਕੀਤੀ ਜਾਵੇ।