ਭਾਰਤੀ ਸਬ ਜੂਨੀਅਰ ਹਾਕੀ ਕੈਂਪ ਲਈ ਚੁਣੇ ਸ਼੍ਰੋਮਣੀ ਕਮੇਟੀ ਦੇ ਖਿਡਾਰੀ ਹਰਸ਼ਦੀਪ ਸਿੰਘ ਨੂੰ ਕੀਤਾ ਸਨਮਾਨਿਤ
ਅਮਰੀਕ ਸਿੰਘ
ਅੰਮ੍ਰਿਤਸਰ, 16 ਅਗਸਤ-
ਹਾਕੀ ਇੰਡੀਆ ਵੱਲੋਂ ਰੋੜਕਿਲ੍ਹਾ ਵਿਖੇ ਲਗਾਏ ਜਾ ਰਹੇ ਭਾਰਤੀ ਸਬ ਜੂਨੀਅਰ ਹਾਕੀ ਕੈਂਪ ਲਈ ਚੁਣੇ ਗਏ ਸ਼੍ਰੋਮਣੀ ਕਮੇਟੀ ਦੇ ਖਿਡਾਰੀ ਹਰਸ਼ਦੀਪ ਸਿੰਘ ਦਾ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਹਾਕੀ ਕਿੱਟ ਦੇ ਕੇ ਸਨਮਾਨ ਕੀਤਾ ਗਿਆ। ਦੱਸਣਯੋਗ ਹੈ ਕਿ ਹਾਕੀ ਇੰਡੀਆ ਵੱਲੋਂ ਕਰਵਾਏ ਜਾ ਰਹੇ ਭਾਰਤੀ ਸਬ ਜੂਨੀਅਰ ਹਾਕੀ ਕੈਂਪ ਲਈ ਪੰਜਾਬ ਦੇ ਪੰਜ ਖਿਡਾਰੀਆਂ ਦੀ ਚੋਣ ਹੋਈ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਖਿਡਾਰੀ ਹਰਸ਼ਦੀਪ ਸਿੰਘ ਦੇ ਨਾਲ ਪ੍ਰਭਜੋਤ ਸਿੰਘ, ਮਨਮੀਤ ਸਿੰਘ ਰਾਏ ਖਿਡਾਰਣਾਂ ਹਰਜੀਤ ਕੌਰ ਅਤੇ ਸ਼ਰਨਜੀਤ ਕੌਰ ਵੀ ਸ਼ਾਮਲ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਲਈ ਵੀ ਪ੍ਰੇਰਿਤ ਕਰਦੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਚਲਾਈ ਜਾ ਰਹੀ ਹਾਕੀ ਅਕੈਡਮੀ ਵਿਚ ਸੈਂਕੜੇ ਬੱਚੇ ਨਾਮਵਰ ਕੋਚਾਂ ਤੋਂ ਟ੍ਰੇਨਿੰਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਪੱਧਰ ਦੇ ਕੈਂਪ ਲਈ ਸ਼੍ਰੋਮਣੀ ਕਮੇਟੀ ਦੀ ਹਾਕੀ ਅਕੈਡਮੀ ਨਾਲ ਸਬੰਧਤ ਵਿਦਿਆਰਥੀ ਅਰਸ਼ਦੀਪ ਸਿੰਘ ਦੀ ਚੋਣ ਹੋਣੀ ਖੁਸ਼ੀ ਦੀ ਗੱਲ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਖਿਡਾਰੀ ਆਪਣੇ ਵਧੀਆ ਪ੍ਰਦਰਸ਼ਨ ਰਾਹੀਂ ਸੰਸਥਾ ਦਾ ਨਾਮ ਰੌਸ਼ਨ ਕਰੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਇੰਚਾਰਜ ਸ. ਬਲਵਿੰਦਰ ਸਿੰਘ ਖੈਰਾਬਾਦ, ਹਾਕੀ ਐਡਵਾਈਜ਼ਰ ਸ. ਗੁਰਮੀਤ ਸਿੰਘ, ਹਾਕੀ ਕੋਚ ਸ. ਅਵਤਾਰ ਸਿੰਘ ਤੇ ਸ. ਭੁਪਿੰਦਰ ਸਮੇਤ ਹੋਰ ਹਾਜ਼ਰ ਸਨ।