ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਖਾਲਸਾ ਸਾਜਨਾ ਦਿਵਸ ਦੀ ਸਿੱਖਾਂ ਨੂੰ ਵਧਾਈ ਦਿੱਤੀ ਹੈ।ਗੁਰਸ਼ਰਨ ਸਿੰਘ ਸੰਧੂ
ਅੰਮ੍ਰਿਤਸਰ 13 ਅਪ੍ਰੈਲ
ਸਿੱਖ ਧਰਮ ਦੇ ਸਰਵਉੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਹੈ। ਜਿਸ ਵਿਚ ਉਨ੍ਹਾਂ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਮੌਕੇ ‘ਤੇ ਸਿੱਖ ਕੌਮ ਨੂੰ 13 ਤੋਂ 15 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ‘ਤੇ ਨਿਡਰ ਹੋ ਕੇ ਪਹੁੰਚਣ ਦੀ ਅਪੀਲ ਕੀਤੀ ਹੈ |
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੇ ਇਤਿਹਾਸਕ ਮੌਕੇ ਦੀ ਵਧਾਈ ਦਿੱਤੀ ਹੈ ਅਤੇ ਬਾਣੀ ਤੇ ਬਾਣੇ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਹੈ।ਐਡਵੋਕੇਟ ਧਾਮੀ ਨੇ ਕਿਹਾ ਕਿ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਾਜਨਾ ਕਰਕੇ ਸਵੈਮਾਣ ਨਾਲ ਜਿਊਣ ਦਾ ਮਾਰਗ ਦਿਖਾਇਆ।
ਐਡਵੋਕੇਟ ਧਾਮੀ ਨੇ ਸਿੱਖ ਕੌਮ ਨੂੰ ਇਸ ਪਵਿੱਤਰ ਦਿਹਾੜੇ ‘ਤੇ ਗੁਰੂ ਸਾਹਿਬ ਵੱਲੋਂ ਦਰਸਾਏ ਜੀਵਨ ਜਾਚ ਨਾਲ ਜੁੜ ਕੇ ਕੌਮੀ ਹਿੱਤਾਂ ‘ਤੇ ਪਹਿਰਾ ਦੇਣ ਦੀ ਅਪੀਲ ਕੀਤੀ |
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਣਾ ਦਿਵਸ ਦੇ ਇਤਿਹਾਸਕ ਮੌਕੇ ’ਤੇ ਸੰਗਤ ਨੂੰ ਵਧਾਈ ਦਿੰਦਿਆਂ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਪ੍ਰੇਰਣਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਦੀ ਸਿਰਜਣਾ ਕਰਕੇ ਸਵੈਮਾਣ ਨਾਲ ਜੀਣ ਦਾ ਰਾਹ ਦਿਖਾਇਆ। ਸਿੱਖ ਇਤਿਹਾਸ ਦਾ ਇਹ ਪੰਨਾ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਵੱਡੀ ਅਹਿਮੀਅਤ ਰੱਖਦਾ ਹੈ। ਐਡਵੋਕੇਟ ਧਾਮੀ ਨੇ ਸਿੱਖ ਕੌਮ ਨੂੰ ਆਪਣੇ ਇਸ ਪਵਿੱਤਰ ਦਿਹਾੜੇ ’ਤੇ ਗੁਰੂ ਸਾਹਿਬ ਵੱਲੋਂ ਦਰਸਾਈ ਜੀਵਨ ਜਾਚ ਨਾਲ ਜੁੜ ਕੇ ਕੌਮੀ ਹਿੱਤਾਂ ਦੀ ਪਹਿਰੇਦਾਰੀ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ ਅੰਦਰ ਵਸਦੀ ਸਿੱਖ ਸੰਗਤ ਇਸ ਦਿਹਾੜੇ ਨੂੰ ਉਤਸ਼ਾਹ ਨਾਲ ਮਨਾਉਂਦਿਆਂ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਇਸ ਸੁਨਹਿਰੀ ਪੰਨੇ ਤੋਂ ਜ਼ਰੂਰ ਜਾਣੂ ਕਰਵਾਏ, ਤਾਂ ਜੋ ਭਵਿੱਖ ਦੀਆਂ ਪੀੜ੍ਹੀਆਂ ਅੰਦਰ ਸਿੱਖੀ ਸਰੋਕਾਰ ਦ੍ਰਿੜ੍ਹ ਹੋ ਸਕਣ। ਉਨ੍ਹਾਂ ਸੰਗਤ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਖਾਲਸਾ ਸਾਜਣਾ ਦਿਵਸ ਮੌਕੇ ਹੋਣ ਵਾਲੇ ਸਮਾਗਮਾਂ ਵਿਚ ਭਰਵੀਂ ਸ਼ਮੂਲੀਅਤ ਕਰਨ ਦੀ ਵੀ ਅਪੀਲ ਕੀਤੀ।
-ਦਸਮ ਪਾਤਸ਼ਾਹ ਵੱਲੋਂ ਵਿਸਾਖੀ ਦਿਹਾੜੇ ਤੇ ਖਾਲਸੇ ਦੀ ਸਾਜਨਾ ਇਸ ਧਰਤੀ ਤੇ ਨਵੇਕਲਾ ਇਨਕਲਾਬ ਸੀ। ਇਸ ਚਮਤਕਾਰੀ ਵਿਸਾਖੀ ਦਿਹਾੜੇ ਦੀ ਸਮੁੱਚੇ ਖਾਲਸਾ ਪੰਥ ਨੂੰ ਵਧਾਈ ਦੇਂਦਿਆਂ ਨਿਹੰਗ ਸਿੰਘਾਂ ਦੀ ਸਿਰਮੌਰ ਮੁੱਖ ਸੰਸਥਾ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਨੇ ਸਮੁੱਚੀ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਸਾਹਿਬ-ਏ-ਕਮਾਲ, ਸਰਬੰਸਦਾਨੀ, ਬਾਦਸ਼ਾਹ-ਦਰਵੇਸ਼ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ, ਨੂਰਾਨੀ, ਇਨਕਲਾਬੀ ਅਤੇ ਕ੍ਰਾਂਤੀਕਾਰੀ ਸ਼ਖ਼ਸੀਅਤ ਦਾ ਦੁਨੀਆਂ ਵਿਚ ਕੋਈ ਸਾਨੀ ਨਹੀਂ। ਉਨ੍ਹਾਂ ਦਾ ਸਾਰਾ ਜੀਵਨ ਸਬਰ, ਸਿਦਕ, ਸਹਿਜ, ਦ੍ਰਿੜ੍ਹਤਾ ਅਤੇ ਸਾਹਸ ਨਾਲ ਭਰਪੂਰ ਅਚੰਭਿਤ ਕਰ ਦੇਣ ਵਾਲਾ ਹੈ। ਦਸਮ ਪਾਤਸ਼ਾਹ ਜੀ ਨੇ ਵਿਸਾਖੀ ਦਿਹਾੜੇ ਤੇ ‘ਖਾਲਸਾ-ਪੰਥ’ ਸਾਜ ਕੇ ਇਸ ਧਰਤੀ ਉੱਪਰ ਇਕ ਨਵੇਂ ਇਨਕਲਾਬ ਦਾ ਆਗ਼ਾਜ਼ ਕੀਤਾ। ਉਨ੍ਹਾਂ ਦੇ ਜੀਵਨ ਦਾ ਸਾਰਾ ਸੰਘਰਸ਼ ਲੋਕਾਂ ਨੂੰ ਗ਼ੈਰਤ, ਗੌਰਵ, ਅਣਖ, ਜ਼ਮੀਰ ਦੀ ਅਜ਼ਾਦੀ, ਮਨੁੱਖੀ ਬਰਾਬਰੀ, ਸਵੈਮਾਣ, ਪਰਉਪਕਾਰ, ਗਰੀਬਾਂ, ਅਨਾਥਾਂ, ਕਿਰਤੀਆਂ ਦੇ ਉਥਾਨ ਅਤੇ ਉੱਚ ਮਾਨਵੀ ਕਦਰਾਂ-ਕੀਮਤਾਂ ਸਥਾਪਿਤ ਕਰਨ ਲਈ ਰਿਹਾ ਅਤੇ ਇਸ ਮਹਾਨ ਕ੍ਰਾਂਤੀਕਾਰੀ ਮਿਸ਼ਨ ਨੂੰ ਸਾਕਾਰ ਕਰਨ ਲਈ ਆਪਣਾ ਸਾਰਾ ਸਰਬੰਸ ਅਡੋਲ ਅਤੇ ਸਹਿਜ ਵਿਚ ਰਹਿੰਦਿਆਂ ਕੁਰਬਾਨ ਕਰ ਦਿੱਤਾ।
ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਸੰਦੇਸ਼ ਜਾਰੀ ਰਖਦਿਆਂ ਕਿਹਾ ਕਿ ਵਿਸ਼ਵ ਦੇ ਧਾਰਮਿਕ ਇਤਿਹਾਸ ਅਤੇ ਭਾਰਤ ਵਿਚ ਮਾਨਤਾ ਪ੍ਰਾਪਤ ਧਰਮਾਂ ਵਿਚ ਸਿੱਖ ਧਰਮ ਇਕ ਮਹੱਤਵਪੂਰਨ, ਲਾਸਾਨੀ ਤੇ ਲੋਕ-ਹਿਤਕਾਰੀ ਚਰਿੱਤਰ ਵਾਲਾ ਨਵੀਨਤਮ ਧਰਮ ਹੈ। ਇਸ ਧਰਮ ਦੀ ਅਧਿਆਤਮਕ, ਵਿਚਾਰਧਾਰਕ, ਦਾਰਸ਼ਨਿਕ ਤੇ ਕ੍ਰਿਆਤਮਿਕ ਦ੍ਰਿਸ਼ਟੀ ਦਾ ਸਿਖ਼ਰ ਖਾਲਸੇ ਦੇ ਰੂਪ ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਦਭੁੱਤ ਚਰਿੱਤਰ ਦਾ ਧਾਰਨੀ ਖਾਲਸਾ ਸੰਨ 1699 ਨੂੰ ਸਾਜਿਆ ਗਿਆ। ਉਨ੍ਹਾਂ ਕਿਹਾ ਸਾਜੇ ਖਾਲਸੇ ਨੇ ਆਪਣੇ ਸਿਰਜਣਾਤਮਕ-ਕਾਲ ਵਿਚ ਅਜਿਹੇ ਕਾਰਨਾਮੇ ਸਰਅੰਜ਼ਾਮ ਦਿੱਤੇ ਜਿਸ ਦੀ ਸਮੁੱਚੇ ਧਰਮ-ਇਤਿਹਾਸ ਵਿਚ ਮਿਸਾਲ ਲੱਭਣੀ ਸੰਭਵ ਨਹੀਂ। ਇਹੋ ਕਾਰਨ ਹੈ ਕਿ ਜਨਮਾਨਸ ਦੇ ਦੁਖ ਹਰਣ ਤੇ ਉਸ ਲਈ ਸਹਾਇਕ ਭੂਮਿਕਾ ਨਿਭਾਉਣ ਦੇ ਦ੍ਰਿਸ਼ਟੀਕੋਣ ਤੋਂ ਅਜਿਹੇ ਉਦਮੀ ਜਾਂਬਾਜ਼, ਪਰ-ਹਿਤਕਾਰੀ ਤੇ ਕੁਰਬਾਨੀ ਦੇ ਪੁੰਜ ਖਾਲਸੇ ਦਾ ਬਦਲ ਲੱਭਣਾ ਸੰਭਵ ਹੀ ਨਹੀਂ। ਉਨ੍ਹਾਂ ਕਿਹਾ ਕਿ ਵਿਸਾਖੀ ਦਿਹਾੜੇ ਦੇ ਸੰਦੇਸ਼ ਤੇ ਭਾਵ ਨੂੰ ਹਰ ਪ੍ਰਾਣੀ ਨੂੰ ਬਾਣੀ ਬਾਣੇ ਦੇ ਧਾਰਨੀ ਹੁੰਦਿਆਂ ਇਕ ਨਿਸ਼ਾਨ ਇਕ ਵਿਧਾਨ ਦੀ ਅਗਵਾਈ ਵਿਚ ਇਕੱਤਰ ਹੋ ਤੁਰਨਾ ਚਾਹੀਦਾ ਹੈ।