ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਖੋਜ ਮੰਚ ਵੱਲੋਂ ਪਰਵਾਸੀ ਪੰਜਾਬੀ ਕਵੀ ਚਰਨ ਸਿੰਘ ਦਾ ਰੂਬਰੂ ਸਮਾਗਮ ਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ Feb 8ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਖੋਜ ਮੰਚ ਵੱਲੋਂ ਪਰਵਾਸੀ ਪੰਜਾਬੀ ਕਵੀ ਚਰਨ ਸਿੰਘ ਦਾ ਰੂਬਰੂ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਆਰੰਭ ਵਿਚ ਵਿਭਾਗ ਦੇ ਮੁਖੀ ਡਾ਼ ਮਨਜਿੰਦਰ ਸਿੰਘ ਨੇ ਚਰਨ ਸਿੰਘ ਦਾ ਸਵਾਗਤ ਕਰਦਿਆਂ ਉਹਨਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਚਾਨਣਾ ਪਾਇਆ। ਉਹਨਾਂ ਅਨੁਸਾਰ ਚਰਨ ਸਿੰਘ ਆਧੁਨਿਕ ਸੰਵੇਦਨਾ ਦਾ ਕਵੀ ਹੈ ਜਿਸ ਨੇ ਪੂੰਜੀਵਾਦੀ ਯੁੱਗ ਦੀ ਮਾਨਸਿਕਤਾ ਨੂੰ ਬੌਧਿਕ ਵਿਸ਼ਲੇਸ਼ਣ ਰਾਹੀਂ ਪ੍ਰਸਤੁਤ ਕੀਤਾ ਹੈ। ਉਸਦੀ ਰਚਨਾ ਵਿੱਚੋਂ ਆਧੁਨਿਕਤਾ ਤੇ ਉਤਰ-ਆਧੁਨਿਕਤਾ ਦਾ ਦਵੰਦ ਨਜ਼ਰ ਆਉਂਦਾ ਹੈ। ਉਪਰੰਤ ਡਾ਼ ਮੇਘਾ ਸਲਵਾਨ (ਅਸਿਸਟੈਂਟ ਪ੍ਰੋਫ਼ੈਸਰ ਪੰਜਾਬੀ ਅਧਿਐਨ ਸਕੂਲ) ਨੇ ਚਰਨ ਸਿੰਘ ਦੇ ਜੀਵਨ ਤੇ ਰਚਨਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਚਰਨ ਸਿੰਘ ਦੀ ਕਵਿਤਾ ਆਧੁਨਿਕ ਮਨੁੱਖ ਦਾ ਮਾਨਵੀ ਕੀਮਤਾਂ 'ਤੇ ਕੇਂਦਰਤ ਹੋਣ ਦਾ ਪ੍ਰਵਚਨ ਸਿਰਜਦੀ ਹੈ। ਇਸ ਮੌਕੇ ਚਰਨ ਸਿੰਘ ਨੇ ਆਪਣੇ ਜੀਵਨ ਤੇ ਸਿਰਜਣਾਤਮਕ ਅਨੁਭਵਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਤੇ ਕਿਹਾ ਕਿ ਉਹਨਾਂ ਦਾ ਸਾਰਾ ਕਾਵਿ ਪੂੰਜੀਵਾਦ ਦੇ ਮਨੁੱਖੀ ਜੀਵਨ 'ਤੇ ਪੈਂਦੇ ਪ੍ਰਭਾਵ ਦੇ ਪ੍ਰਤੀਕਰਮ ਵਿੱਚੋਂ ਉਪਜਿਆ ਹੈ । ਆਧੁਨਿਕਤਾ ਦੇ ਸੰਕਲਪ ਅਤੇ ਇਸ ਦੇ ਪ੍ਰਭਾਵ ਨੂੰ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿਚ ਆਧੁਨਿਕਤਾ ਦੇ ਨਾਮ ਹੇਠ ਮਨੁੱਖ ਮਾਨਸਿਕ ਲੁੱਟ -ਖਸੁੱਟ ਦਾ ਸ਼ਿਕਾਰ ਹੋ ਰਿਹਾ ਹੈ। ਮੰਚ ਸੰਚਾਲਨ ਦੀ ਭੂਮਿਕਾ ਡਾ਼ ਪਵਨ ਕੁਮਾਰ ਦੁਆਰਾ ਬਾਖ਼ੂਬੀ ਨਿਭਾਈ ਗਈ। ਸਮਾਗਮ ਦੇ ਅੰਤ 'ਤੇ ਵਿਭਾਗ ਦੇ ਸੀਨੀਅਰ ਅਧਿਆਪਕ ਡਾ਼ ਰਮਿੰਦਰ ਕੌਰ ਜੀ ਨੇ ਚਰਨ ਸਿੰਘ ਦਾ ਵਿਭਾਗ ਵੱਲੋਂ ਰਸਮੀ ਧੰਨਵਾਦ ਕੀਤਾ । ਇਸ ਮੌਕੇ ਡਾ਼ ਹਰਿੰਦਰ ਕੌਰ, ਡਾ਼ ਕੰਵਲਦੀਪ ਕੌਰ, ਡਾ਼ ਕੰਵਲਜੀਤ ਕੌਰ,ਡਾ਼ ਇੰਦਰਪ੍ਰੀਤ ਕੌਰ, ਡਾ਼ ਹਰਿੰਦਰ ਸਿੰਘ, ਡਾ਼ ਗੁਰਪ੍ਰੀਤ ਸਿੰਘ, ਡਾ਼ ਚੰਦਨਪ੍ਰੀਤ ਸਿੰਘ, ਵਿਭਾਗ ਦੇ ਖੋਜ- ਵਿਦਿਆਰਥੀ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।