ਗੁ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਬੁੱਢਾ ਦਲ ਵਲੋਂ ਵੱਖ-ਵੱਖ ਸ਼ਹਿਰਾਂ ਵਿੱਚ ਗੁਰਮਤਿ ਸਮਾਗਮ ਹੋਣਗੇ: ਦਿਲਜੀਤ ਸਿੰਘ ਬੇਦੀਗੁਰਸ਼ਰਨ ਸਿੰਘ ਸੰਧੂ ਮੁਕਤਸਰ ਸਾਹਿਬ 16 ਜਨਵਰੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਗੁਰਦੁਆਰਾ ਬਾਬਾ ਨੈਣਾ ਸਿੰਘ ਵਿਖੇ ਜੁੜੇ ਨਿਹੰਗ ਸਿੰਘਾਂ ਦੇ ਇਕ ਵਿਸ਼ੇਸ਼ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਬਾਮਿਸਾਲ ਸੇਵਾ ਨਿਭਾਉਣ ਵਾਲੇ ਅਕਾਲੀ ਫੋਜਾਂ ਦੇ ਮੁਖੀ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਜੋ ਮਾਰਚ 12,13,14 ਨੂੰ ਪੂਰੇ ਖਾਲਸਾਈ ਜਾਹੋ ਜਲਾਲ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਧਾਰਿਮਕ ਸੰਸਥਾਵਾਂ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿਖੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਈ ਜਾ ਰਹੀ ਹੈ। ਸ. ਬੇਦੀ ਨੇ ਕਿਹਾ ਕਿ ਇਨ੍ਹਾਂ ਸਮਾਗਮਾਂ ਦੀ ਅਰੰਭਤਾ 14 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਉਪਰੰਤ ਅਰੰਭੀ ਗਈ ਸੀ। ਏਸੇ ਲੜੀ ਤਹਿਤ 2 ਨਵੰਬਰ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਵਿਖੇ ਬੁੱਢਾ ਦਲ ਵਲੋਂ ਵਿਸ਼ਾਲ ਗੁਰਮਤਿ ਸਮਾਗਮ ਤੇ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਨੰਦੇੜ ਦੀਆਂ ਸੰਗਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬ ਹਰਿਆਣਾ ਤੋਂ ਵੀ ਸੰਗਤਾਂ ਤੇ ਪ੍ਰਮੁੱਖ ਧਾਰਮਿਕ ਸਖਸ਼ੀਅਤਾਂ ਸ਼ਾਮਲ ਹੋਈਆਂ। ਏਸੇ ਤਰ੍ਹਾਂ 17, 18 ਦਸੰਬਰ ਨੂੰ ਇੰਦੋਰ ਵਿੱਚ ਦੋ ਰੋਜ਼ਾ ਕੀਰਤਨ ਦਰਬਾਰ ਹੋਇਆ। ਹੁਣ 21 ਜਨਵਰੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਤਾਬਦੀ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਕੀਤਾ ਜਾਵੇਗਾ। ਜਿਸ ਵਿਚ ਕੌਮੀ ਪ੍ਰਚਾਰਕ ਰਾਗੀ, ਢਾਡੀ ਤੇ ਗੁਰਮਤਿ ਦੇ ਵਿਦਵਾਨ ਹਾਜ਼ਰੀ ਭਰਨਗੇ। ਏਸੇ ਤਰ੍ਹਾਂ 26 ਫਰਵਰੀ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਸ਼ਤਾਬਦੀ ਸਮਾਗਮ ਹੋਣਗੇ। ਉਨ੍ਹਾਂ ਕਿਹਾ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦੀ ਦੀ ਦੂਸਰੀ ਸ਼ਤਾਬਦੀ ਨੂੰ ਸਮਾਗਮ ਇਕ ਸਾਲ ਲਗਾਤਾਰ ਚੱਲਣਗੇ।ਉਨ੍ਹਾਂ ਕਿਹਾ ਦੇਸ਼ ਭਰ ਦੇ ਮਹਾਂਨਗਰਾਂ ਵਿੱਚ ਜਿਵੇਂ ਹੈਦਰਾਬਾਦ, ਦਿਲੀ, ਪਟਨਾ ਸਾਹਿਬ, ਔਰੰਗਾਬਾਦ ਮੁੰਬਈ, ਕਲੱਕਤਾ, ਲਖਨਉ ਆਦਿ ਸ਼ਹਿਰਾਂ ਵਿੱਚ ਇਹ ਸਮਾਗਮ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਫਰਵਰੀ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਜਨਮ ਅਸਥਾਨ ਦੇਹਲਾਂ ਸੀਹਾਂ ਤੋਂ ਇਕ ਵਿਸ਼ਾਲ ਨਗਰ ਕੀਰਤਨ ਹੋਵੇਗਾ ਜੋ ਜਨਮ ਅਸਥਾਨ ਤੋਂ ਅਰੰਭ ਹੋ ਕੇ ਵੱਖ-ਵੱਖ ਸ਼ਹਿਰਾਂ ਨਗਰਾਂ ਦੀ ਯਾਤਰਾ ਕਰਦਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਪੂਰਨ ਹੋਵੇਗਾ।