ਮੁਕਤਸਰ ਜੰਗ ਦੇ ਚਾਲੀ (ਮੁਕਤਿਆਂ) ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ 15 ਜਨਵਰੀ ਨੂੰ ਨਿਹੰਗ ਸਿੰਘਾਂ ਵਲੋਂ ਮਹੱਲਾ ਕੱਢਿਆ ਜਾਵੇਗਾ।ਗੁਰਸ਼ਰਨ ਸਿੰਘ ਸੰਧੂ ਮੁਕਤਸਰ ਸਾਹਿਬ ਜਨਵਰੀ 14ਮੁਕਤਸਰ ਜੰਗ ਦੇ ਚਾਲੀ (ਮੁਕਤਿਆਂ) ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਵਲੋਂ ਚਲੀ ਆਉਂਦੀ ਖਾਲਸਾਈ ਰਵਾਇਤ ਅਨੁਸਾਰ 15 ਜਨਵਰੀ ਨੂੰ ਸਮੂਹ ਨਿਹੰਗ ਸਿੰਘਾਂ ਦਲਾਂ ਦੇ ਸਹਿਯੋਗ ਨਾਲ ਪੁਰਾਤਨ ਖਾਲਸਾਈ ਪਰੰਪਰਾ ਅਨੁਸਾਰ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਛਾਉਣੀ ਬੁੱਢਾ ਦਲ ਨੇੜੇ ਗੁਰਦੁਆਰਾ ਤੰਬੂ ਸਾਹਿਬ ਤੋਂ ਗੁਰੂ ਸਾਹਿਬ ਵਲੋਂ ਬਖਸ਼ਿਸ਼ ਨਿਸ਼ਾਨ ਨਿਗਾਰੇ ਦੀ ਛਤਰ ਛਾਇਆ ਹੇਠ ਅਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ 14 ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚਲਦਾਵਹੀਰ ਦੀ ਅਗਵਾਈ ਵਿੱਚ ਖਾਲਸਾਈ ਸਿੱਖੀ ਜਾਹੋ ਜਲਾਲ ਨਾਲ ਨਿਹੰਗ ਸਿੰਘਾਂ ਵਲੋਂ ਮਹੱਲਾ ਕੱਢਿਆ ਜਾਵੇਗਾ।ਤੋਂ ਜਾਰੀ ਪ੍ਰੈਸ ਬਿਆਨ ਵਿੱਚ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਹੈ ਕਿ ਪੁਰਾਤਨ ਸਮਿਆਂ ਤੋਂ ਖਾਲਸਾ ਪੰਥ ਵਲੋਂ ਮਹੱਲਾ ਕੱਢਣ ਦੀ ਰਵਾਇਤ ਚਲੀ ਆ ਰਹੀ ਹੈ।ਨਿਹੰਗ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਅਤੇ ਸਰਬਲੋਹ ਗ੍ਰੰਥ ਦੇ ਅਖੰਡਪਾਠਾਂ ਦੇ ਭੋਗ ਉਪਰੰਤ ਮਹੱਲਾ ਕੱਢਦੇ ਹਨ।ਇਹ ਮਹੱਲਾ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਜੋ ਬੁੱਢਾ ਦਲ ਦੇ ਪੰਜਵੇਂ ਜਥੇਦਾਰ ਹੋਏ ਹਨ, ਦੇ ਅਸਥਾਨ ਬੁੱਢਾ ਦਲ ਦੀ ਛਾਉਣੀ ਨੇੜੇ ਗੁਰਦੁਆਰਾ ਤੰਬੂ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਦਸਮ ਪਾਤਸ਼ਾਹ ਵਲੋਂ ਬੁੱਢਾ ਦਲ ਨੂੰ ਬਖਸ਼ਿਸ਼ ਨਿਸ਼ਾਨ ਨਿਗਾਰਿਆਂ ਦੀ ਛੱਤਰ ਛਾਇਆ ਅਤੇ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਹੇਠ ਆਰੰਭ ਹੋਵੇਗਾ।ਜਿਸ ਵਿੱਚ ਨਿਹੰਗ ਸਿੰਘ ਆਪਣੇ ਹਾਥੀਆਂ, ਊਠਾਂ, ਘੋੜਿਆਂ ਨੂੰ ਸ਼ਿੰਗਾਰ ਕੇ ਰਵਾਇਤੀ ਸ਼ਸ਼ਤਰਾਂ ਨਾਲ ਸਵਾਰੀ ਕਰਨਗੇ।ਮਹੱਲੇ ਵਿੱਚ ਸਭ ਨਿਹੰਗ ਸਿੰਘ ਦਲਾਂ ਦੇ ਮੁਖੀ ਜਥੇਦਾਰ ਸਾਹਿਬਾਨ ਬੇਅੰਤ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਸ਼ਾਮਲ ਹੋਣਗੀਆਂ ਤੇ ਗੁਰਦੁਆਰਾ ਟਿੱਬੀ ਸਾਹਿਬ ਦੇ ਨਜ਼ਦੀਕ ਮੈਦਾਨ ਵਿੱਚ ਮਹੱਲਾ ਖੇਡਿਆ ਜਾਵੇਗਾ ਜਿਥੇ ਨਿਹੰਗ ਸਿੰਘ ਘੋੜਿਆਂ ਦੀਆਂ ਦੌੜਾਂ ਹੋਣਗੀਆਂ ਤੇ ਗਤਕੇ ਦੇ ਜੌਹਰ ਵਿਖਾਉਣਗੇ।