Breaking News

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦਾ ਵਿਰਸਾ ਗੁਰਦਾਸਪੁਰ ਕੈਲੰਡਰ ਜਾਰੀ
ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਜ਼ਿਲ੍ਹੇ ਦੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਬਾਰੇ ਕਾਫੀ ਟੇਬਲ ਬੁੱਕ ਅਤੇ ਬਰਾਊਸ਼ਰ ਛਾਪੇ ਜਾਣਗੇ – ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦਾ `ਵਿਰਸਾ ਗੁਰਦਾਸਪੁਰ` ਕੈਲੰਡਰ ਜਾਰੀ
ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਜ਼ਿਲ੍ਹੇ ਦੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਬਾਰੇ ਕਾਫੀ ਟੇਬਲ ਬੁੱਕ ਅਤੇ ਬਰਾਊਸ਼ਰ ਛਾਪੇ ਜਾਣਗੇ – ਡਿਪਟੀ ਕਮਿਸ਼ਨਰ

’ਗੁਰਸ਼ਰਾਂਸਿੰਘ  ਸੰਧੂ 
ਗੁਰਦਾਸਪੁਰ, 2 ਜਨਵਰੀ
 ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵੱਲੋਂ ਤਿਆਰ ਕੀਤਾ ਸਾਲ 2023 ਦਾ ਕੈਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਮਨਮੋਹਨ ਸਿੰਘ, ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਜਨਰਲ ਸਕੱਤਰ ਸ. ਤਜਿੰਦਰਪਾਲ ਸਿੰਘ ਸੰਧੂ (ਸਾਬਕਾ ਏ.ਡੀ.ਸੀ.), ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਹੈਰੀਟੇਜ ਸੁਸਾਇਟੀ ਦੇ ਸਕੱਤਰ ਪ੍ਰੋ. ਰਾਜ ਕੁਮਾਰ ਸ਼ਰਮਾਂ, ਸ. ਹਰਮਨਜੀਤ ਸਿੰਘ, ਸ੍ਰੀ ਮੋਹਿਤ ਮਹਾਜਨ, ਸ. ਖਜ਼ਾਨ ਸਿੰਘ, ਸ. ਦਮਨਜੀਤ ਸਿੰਘ, ਸ੍ਰੀਮਤੀ ਮਨਦੀਪ ਕੌਰ ਸਮੇਤ ਸੁਸਾਇਟੀ ਦੇ ਹੋਰ ਮੈਂਬਰ ਵੀ ਮੌਜੂਦ ਸਨ।

ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਕੈਲੰਡਰ ਨੂੰ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ  ਇਹ ਕੈਲੰਡਰ ਬਹੁਤ ਘੱਟ ਸਮੇਂ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਹੈਰੀਟੇਜ ਸੁਸਾਇਟੀ ਨੇ ਇਸ ਕੈਲੰਡਰ ਵਿੱਚ ਜ਼ਿਲ੍ਹੇ ਦੇ ਅਮੀਰ ਵਿਰਸੇ ਨੂੰ ਦਰਸਾਉਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਕੈਲੰਡਰ ਦਾ ਪੰਜਾਬੀ ਵਾਲੀਅਮ ਵੀ ਜਾਰੀ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਕਾਫੀ ਟੇਬਲ ਬੁੱਕ ਅਤੇ ਬਰਾਊਸ਼ਰ ਤਿਆਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਬਰਾਊਸ਼ਰ ਜਨਤਕ ਟਰਾਂਸਪੋਰਟ, ਰਾਜ ਭਰ ਦੇ ਸਰਕਾਰੀ ਦਫ਼ਤਰਾਂ, ਲਾਇਬ੍ਰੇਰੀਆਂ ਆਦਿ ਵਿੱਚ ਰੱਖੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕ ਜ਼ਿਲ੍ਹੇ ਦੀਆਂ ਇਤਿਹਾਸਕ ਥਾਵਾਂ ਬਾਰੇ ਜਾਣਕਾਰੀ ਹਾਸਲ ਕਰ ਸਕਣ।

ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਆਪਣੇ ਵਿਰਸੇ ਅਤੇ ਇਤਿਹਾਸ ਦੀ ਸੰਭਾਲ ਦੇ ਨਾਲ ਇਸਦੇ ਪ੍ਰਸਾਰ-ਪ੍ਰਚਾਰ ਲਈ ਯਤਨ ਜਾਰੀ ਹਨ। ਇਨ੍ਹਾਂ ਯਤਨਾਂ ਦੀ ਲੜੀ ਤਹਿਤ ਹੀ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਪਤੰਗਬਾਜ਼ੀ ਦੌਰਾਨ ਸੂਤੀ ਧਾਗੇ ਦੀ ਡੋਰ ਨੂੰ ਉਤਸ਼ਾਹਤ ਕਰਨ ਅਤੇ ਪੰਜਾਬੀ ਵਿਰਸੇ ਦੇ ਪਸਾਰ ਲਈ ਲੋਹੜੀ ਤੋਂ ਪਹਿਲਾਂ ਗੁਰਦਾਸਪੁਰ ਵਿਖੇ ‘ਵਿਰਸਾ ਉਤਸਵ’ ਕਰਵਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ, ਸ੍ਰੀ ਹਰਗੋਬਿੰਦਪੁਰ, ਕਲਾਨੌਰ, ਬਟਾਲਾ, ਸ੍ਰੀ ਅੱਚਲ ਸਾਹਿਬ, ਘੁਮਾਣ, ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਕਾਹਨੂੰਵਾਨ, ਗੁਰਦਾਸਪੁਰ, ਗੁਰਦਾਸ ਨੰਗਲ, ਦੀਨਾਨਗਰ, ਧਿਆਨਪੁਰ, ਪੰਡੋਰੀ ਧਾਮ, ਫ਼ਤਹਿਗੜ੍ਹ ਚੂੜੀਆਂ, ਨਾਨਕ ਚੱਕ, ਕਾਦੀਆਂ, ਕੇਸ਼ੁਪੁਰ ਛੰਬ ਸਮੇਤ ਬਹੁਤ ਸਾਰੇ ਧਾਰਮਿਕ, ਇਤਿਹਾਸਕ ਤੇ ਕੁਦਰਤੀ ਸਥਾਨ ਹਨ ਜਿਨ੍ਹਾਂ ਨੂੰ ਉਜ਼ਾਗਰ ਤੇ ਉਤਸ਼ਾਹਤ ਕਰਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਰ ਪੰਦਰਾਂ ਦਿਨਾਂ ਬਾਅਦ ਗੁਰਦਾਸਪੁਰ ਤੇ ਬਟਾਲਾ ਤੋਂ ਜ਼ਿਲ੍ਹੇ ਦੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਾਉਣ ਲਈ ਬੱਚਿਆਂ ਲਈ ਮੁਫ਼ਤ ਬੱਸਾਂ ਪਹਿਲਾਂ ਹੀ ਚਲਾਈਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਦੇ ਸਮੂਹ ਮੈਂਬਰਾਂ ਨੂੰ ਆਪਣੇ ਵਿਰਸੇ ਤੇ ਵਿਰਾਸਤ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਕਾਰਜਾਂ ਲਈ ਮੁਬਾਕਰਬਾਦ ਦਿੱਤੀ।    

About Gursharan Singh Sandhu

Check Also

ਨਹਿਰੂ ਯੁਵਾ ਕੇਂਦਰ ਦੁਆਰਾ ਆਯੋਜਿਤ “ਮੇਰੇ ਭਾਰਤ ਦੇ ਨਾਲ ਦੀਵਾਲੀ” ਪ੍ਰੋਗਰਾਮ

Amritsar Crime Latest News National Politics Punjab Uncategorized World ਨਹਿਰੂ ਯੁਵਾ ਕੇਂਦਰ ਦੁਆਰਾ ਆਯੋਜਿਤ “ਮੇਰੇ …