ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਅੱਜ ਹੀ ਦਿੱਤੇ ਸਨ ਜਾਂਚ ਕਰਕੇ ਸ਼ਿਕਾਇਤ ਹੱਲ ਕਰਨ ਦੇ ਨਿਰਦੇਸ਼ਗੁਰਸ਼ਰਨ ਸਿੰਘ ਸੰਧੂ ਗੁਰਦਾਸਪੁਰ, 23 ਦਿਸੰਬਰ ਗੁਰਦਾਸਪੁਰ ਸ਼ਹਿਰ ਨਾਲ ਸਬੰਧਤ ਇੱਕ ਪ੍ਰਵਾਸੀ ਭਾਰਤੀ ਜਸਪਿੰਦਰਜੀਤ ਸਿੰਘ ਵੱਲੋਂ ਅੱਜ ਪੰਜਾਬ ਦੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਦੇ ਧਿਆਨ ਵਿੱਚ ਮਸਲਾ ਲਿਆਂਦਾ ਗਿਆ ਸੀ ਕਿ ਕੁਝ ਵਿਅਕਤੀਆਂ ਵੱਲੋਂ ਉਸਦੀ ਗੁਰਦਾਸਪੁਰ ਸਥਿਤ ਜਾਇਦਾਦ ਉੱਪਰ ਨਜ਼ਾਇਜ ਕਬਜ਼ਾ ਕਰ ਲਿਆ ਗਿਆ ਹੈ। ਇਸ ਸ਼ਿਕਾਇਤ ਨੂੰ ਸੁਣਨ ਤੋਂ ਬਾਅਦ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੂੰ ਫੋਨ ਕਰਕੇ ਇਸ ਮਸਲੇ ਦੀ ਜਾਂਚ ਕਰਕੇ ਇਸਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਕੈਬਨਿਟ ਮੰਤਰੀ ਸ. ਧਾਲੀਵਾਲ ਵੱਲੋਂ ਇਸ ਸਬੰਧੀ ਆਪਣੇ ਟਵੀਟਰ ਹੈਡਲਰ ’ਤੇ ਬਕਾਇਦਾ ਵੀਡਿਓ ਵੀ ਸਾਂਝੀ ਕੀਤੀ ਗਈ ਸੀ।ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਤੁਰੰਤ ਤਹਿਸੀਲਦਾਰ ਗੁਰਦਾਸਪੁਰ ਅਤੇ ਪੁਲਿਸ ਦੇ ਅਧਿਕਾਰੀਆਂ ਦੀ ਸਾਂਝੀ ਟੀਮ ਦਾ ਗਠਨ ਕਰਕੇ ਜਾਂਚ ਦੇ ਨਿਰਦੇਸ਼ ਦੇ ਦਿੱਤੇ ਸਨ। ਇਸ ਜਾਂਚ ਟੀਮ ਵੱਲੋਂ ਫੌਰੀ ਤੌਰ ’ਤੇ ਕਾਰਵਾਈ ਕਰਦੇ ਹੋਏ ਪ੍ਰਵਾਸੀ ਭਾਰਤੀ ਵੱਲੋਂ ਦੱਸੀ ਜਾਇਦਾਦ ਦਾ ਦੌਰਾ ਕੀਤਾ ਗਿਆ ਅਤੇ ਉਸ ਜਾਇਦਾਦ ਦੇ ਸਾਰੇ ਕਾਗਜ਼ਾਤ ਚੈੱਕ ਕੀਤੇ ਗਏ। ਪ੍ਰਵਾਸੀ ਭਾਰਤੀ ਦੀ ਸ਼ਿਕਾਇਤ ਸਹੀ ਪਾਏ ਜਾਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਸ਼ਾਂਤਮਈ ਢੰਗ ਨਾਲ ਉਸ ਕਬਜ਼ੇ ਨੂੰ ਛੁਡਾ ਕੇ ਕੋਠੀ ਦੀਆਂ ਚਾਬੀਆਂ ਪਰਵਾਸੀ ਭਾਰਤੀ ਜਸਪਿੰਦਰਜੀਤ ਸਿੰਘ ਨੂੰ ਸੌਂਪ ਦਿੱਤੀਆਂ।ਦੱਸਣਯੋਗ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਸੰਤ ਨਗਰ ਇਲਾਕੇ ਨਾਲ ਸਬੰਧਤ ਜਸਪਿੰਦਰਜੀਤ ਸਿੰਘ ਜੋ ਕਿ ਹੁਣ ਇੰਗਲੈਂਡ ਵਿਖੇ ਰਹਿ ਰਹੇ ਹਨ ਅਤੇ ਉਥੋਂ ਦੀ ਫੌਜ ਵਿੱਚ ਸੇਵਾਵਾਂ ਨਿਭਾ ਰਹੇ ਹਨ ਵੱਲੋਂ ਆਪਣੀ ਗੁਰਦਾਸਪੁਰ ਦੀ ਪੁੱਡਾ ਕਲੋਨੀ ਵਿੱਚ ਕੋਠੀ ਨੰਬਰ - 259 ’ਤੇ ਹੋਏ ਨਜ਼ਾਇਜ ਕਬਜ਼ੇ ਸਬੰਧੀ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੂੰ ਸ਼ਿਕਾਇਤ ਕੀਤੀ ਗਈ ਸੀ। ਜਿਸ ’ਤੇ ਕੈਬਨਿਟ ਮੰਤਰੀ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੂੰ ਮਾਮਲੇ ਦੀ ਜਾਂਚ ਕਰ ਤੁਰੰਤ ਮਾਮਲਾ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕਰਦੇ ਹੋਏ ਕੁਝ ਹੀ ਘੰਟਿਆਂ ਵਿੱਚ ਇਸਨੂੰ ਹੱਲ ਕਰ ਦਿੱਤਾ ਗਿਆ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਏ ਗਏ ਤੁਰੰਤ ਐਕਸ਼ਨ ਲਈ ਪਰਵਾਸੀ ਭਾਰਤੀ ਜਸਪਿੰਦਰਜੀਤ ਸਿੰਘ ਨੇ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।