ਸ੍ਰੀ ਦਰਬਾਰ ਸਾਹਿਬ ਵਿਖੇ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਐਂਬੂਲੈਂਸ ਭੇਟਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ, 19 ਦਸੰਬਰ-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਇਕ ਐਂਬੂਲੈਂਸ ਭੇਟ ਕੀਤੀ ਗਈ ਹੈ। ਐਸਬੀਆਈ ਦੇ ਚੇਅਰਮੈਨ ਸ੍ਰੀ ਦਨੇਸ਼ ਖਾਰਾ ਅਤੇ ਹੋਰ ਅਧਿਕਾਰੀਆਂ ਨੇ ਇਸ ਐਂਬੂਲੈਂਸ ਦੀ ਚਾਬੀਆਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸਕੱਤਰ ਸ. ਪ੍ਰਤਾਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ ਨੂੰ ਸੌਂਪੀਆਂ। ਇਸ ਦੌਰਾਨ ਬੈਂਕ ਅਧਿਕਾਰੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨ ਦਿੱਤਾ। ਦੱਸਣਯੋਗ ਹੈ ਇਸ ਤੋਂ ਪਹਿਲਾਂ ਵੀ ਸਟੇਟ ਬੈਂਕ ਆਫ ਇੰਡੀਆ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਪਾਲਕੀ ਵਾਲੀ ਬੱਸ ਅਤੇ ਇਕ ਐਂਬੂਲੈਂਸ ਭੇਟ ਕੀਤੀ ਜਾ ਚੁੱਕੀ ਹੈ। ਬੈਂਕ ਵੱਲੋਂ ਸਮੇਂ-ਸਮੇਂ ’ਤੇ ਅਜਿਹੀਆਂ ਭੇਟਾਵਾਂ ਨਾਲ ਸ਼ਰਧਾ ਪ੍ਰਗਟਾਈ ਜਾਂਦੀ ਹੈ। ਅੱਜ ਐਂਬੂਲੈਂਸ ਭੇਟ ਕਰਨ ਮੌਕੇ ਐਸਬੀਆਈ ਦੇ ਚੇਅਰਮੈਨ ਸ੍ਰੀ ਦਨੇਸ਼ ਖਾਰਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਵਤਾ ਦੀ ਸੇਵਾ ਵਿਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਬੈਂਕ ਇਸ ਵਿਚ ਯੋਗਦਾਨ ਪਾ ਕੇ ਆਪਣੇ ਆਪ ਨੂੰ ਵੱਡਭਾਗਾ ਸਮਝਦਾ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਲਈ ਅਧਿਆਤਮਿਕ ਸੋਮਾ ਹਨ, ਜਿਥੇ ਸ਼ਰਧਾ ਪ੍ਰਗਟਾਉਣੀ ਮਾਨਸਿਕ ਉਤਸ਼ਾਹ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਅਤੇ ਸਕੱਤਰ ਸ. ਪ੍ਰਤਾਪ ਸਿੰਘ ਨੇ ਬੈਂਕ ਦੇ ਪੁੱਜੇ ਅਧਿਕਾਰੀਆਂ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ, ਸ. ਅੰਮ੍ਰਿਤਪਾਲ ਸਿੰਘ, ਸ. ਰਣਧੀਰ ਸਿੰਘ, ਐਸਬੀਆਈ ਦੇ ਐਮਡੀ ਸ੍ਰੀ ਅਸ਼ਨਵੀ ਕੁਮਾਰ ਤਿਵਾੜੀ, ਡੀਐਮਡੀ ਸ੍ਰੀ ਸੁਭਰਾਤਾ ਵਿਸ਼ਵਾਸ, ਚੀਫ ਜਨਰਲ ਮੈਨੇਜਰ ਸ੍ਰੀ ਵਿਨੋਦ ਜਸਵਾਲ, ਸ੍ਰੀ ਗਿਰੀਦਰਾ ਕੀਨੀ, ਜੀਐਮ ਸ੍ਰੀ ਸੁਮੀਤ ਫਾਕਾ ਤੇ ਡੀਜੀਐਮ ਸ੍ਰੀ ਅਜਿਤਾਬ ਪ੍ਰਸ਼ਾਤ, ਖੇਤਰੀ ਮੈਨੇਜਰ ਸ੍ਰੀ ਰਜਨੀਸ਼ ਕੁਮਾਰ, ਮੈਨੇਜਰ ਸ. ਨਰਿੰਦਰ ਸਿੰਘ ਆਦਿ ਮੌਜੂਦ ਸਨ।