ਮਹਿਲਾ ਸ਼ਕਤੀਕਰਨ ਨੂੰ ਸਮਰਪਿਤ 'ਵਿਮੈਨ ਇਨ ਲੀਡਰਸ਼ਿਪ ਕਾਨਕਲੇਵ - 2022' ਦਾ ਆਯੋਜਨ- ਡੀਸੀ, ਐਸਐਸਪੀ ਤੇ ਸੀਈਓ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ; ਵਿਦਿਆਰਥਣਾਂ ਵੱਲੋਂ ਪੁੱਛੇ ਸਵਾਲਾਂ ਦੇ ਦਿੱਤੇ ਬੇਬਾਕੀ ਨਾਲ ਜਵਾਬ- ਜ਼ਿਲ੍ਹੇ ਦੇ ਵੱਖ-ਵੱਖ ਵਰਗਾਂ ਤੋਂ ਸਮਾਜ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੂੰ ਕੀਤਾ ਗਿਆ ਸਨਮਾਨਿਤGURSHARAN SINGH SANDHU ਫਿਰੋਜ਼ਪੁਰ, 06 ਦਸੰਬਰ 2022: ਮਹਿਲਾ ਸ਼ਕਤੀਕਰਨ ਨੂੰ ਸਮਰਪਿਤ 'ਵਿਮੈਨ ਇਨ ਲੀਡਰਸ਼ਿਪ ਕਾਨਕਲੇਵ - 2022' ਦਾ ਆਯੋਜਨ ਇੱਥੋਂ ਦੇ ਵਿਵੇਕਾਨੰਦ ਵਰਲਡ ਸਕੂਲ ਫਿਰੋਜ਼ਪੁਰ ਵਿਖੇ ਕੀਤਾ ਗਿਆ। ਇਸ ਸੰਮੇਲਨ ਵਿੱਚ ਡਿਪਟੀ ਕਮਿਸ਼ਨਰ ਮੈਡਮ ਅਮ੍ਰਿਤ ਸਿੰਘ, ਐਸ.ਐਸ.ਪੀ. ਮੈਡਮ ਕੰਵਰਦੀਪ ਕੌਰ ਅਤੇ ਸੀ.ਈ.ਓ. ਕੰਟੋਨਮੈਂਟ ਬੋਰਡ ਸ਼੍ਰੀਮਤੀ ਪ੍ਰੋਮਿਲਾ ਜੈਸਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਵੇਕਾਨੰਦ ਵਰਲਡ ਸਕੂਲ ਦੀ ਸਕੱਤਰ ਡੋਲੀ ਭਾਸਕਰ ਨੇ ਮੁੱਖ ਮਹਿਮਾਨਾਂ ਨੂੰ ਸੁੰਦਰ ਗੁਲਦਸਤੇ ਭੇਟ ਕਰਕੇ ਜੀ ਆਇਆਂ ਕਿਹਾ। ਇਸ ਅਵਸਰ ‘ਤੇ ਡਿਪਟੀ ਕਮਿਸ਼ਨਰ ਮੈਡਮ ਅਮ੍ਰਿਤ ਸਿੰਘ ਨੇ ਸਮਾਗਮ ਵਿੱਚ ਮੌਜੂਦ ਵਿਦਿਆਰਥਣਾਂ ਨੂੰ ਆਪਣੇ ਜੀਵਨ ਵਿੱਚ ਸੰਤੁਲਨ ਬਣਾ ਕੇ ਰੱਖਣ ਅਤੇ ਅਸਫ਼ਲਤਾਵਾਂ ਤੋਂ ਹਿੰਮਤ ਨਾ ਹਾਰਦੇ ਹੋਏ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਐਸ.ਐਸ.ਪੀ. ਸ੍ਰੀਮਤੀ ਕੰਵਰਦੀਪ ਕੌਰ ਨੇ ਵੀ ਮਹਿਲਾ ਸਸ਼ਕਤੀਕਰਨ ਅਤੇ ਸੁਰੱਖਿਆ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਔਰਤਾਂ ਨੂੰ ਸਵੈ-ਸੁਰੱਖਿਆ ਲਈ ਆਪਣੇ ਮੋਬਾਈਲ 'ਤੇ ਪੰਜਾਬ ਪੁਲਿਸ ਦੀ "ਸ਼ਕਤੀ" ਐਪ ਡਾਉਨਲੋਡ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਐਪ ਦੁਆਰਾ ਕਿਸੇ ਅਣਸੁਖਾਵੀਂ ਘਟਨਾ ਵਾਪਰਨ ‘ਤੇ ਪੁਲਿਸ ਨਾਲ ਇਕ ਕਲਿੱਕ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ 'ਤੇ ਪ੍ਰੋਮਿਲਾ ਜੈਸਵਾਲ ਨੇ ਮਹਿਲਾਵਾਂ ਨੂੰ ਪ੍ਰੇਰਣਾ ਦਿੰਦੇ ਹੋਏ ਕਿਹਾ ਕਿ ਔਰਤ ਜੇਕਰ ਮਨੁੱਖ ਨੂੰ ਜਨਮ ਦੇਣ ਵਿੱਚ ਸਮਰੱਥ ਹੈ ਤਾਂ ਉਹ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਦਾ ਮੁਕਾਬਲਾ ਸਫ਼ਲਤਾਪੂਰਵਕ ਕਰਨ ਵਿੱਚ ਸਮਰੱਥ ਹੈ। ਉਨ੍ਹਾਂ ਕਿਹਾ ਇਸ ਲਈ ਕਿਸੇ ਮਹਿਲਾ ਦਾ ਪ੍ਰਸ਼ਾਸਨਿਕ ਅਧਿਕਾਰੀ ਹੋਣਾ ਖੂਬੀ ਹੈ ਨਾ ਕਿ ਕਮਜ਼ੋਰੀ। ਸਮਾਗਮ ਦੌਰਾਨ ਮੁੱਖ ਮਹਿਮਾਨਾਂ ਨੇ ਆਪਣੇ ਵਿਦਿਆਰਥੀ ਜੀਵਨ ਤੋਂ ਹੁਣ ਤੱਕ ਦੇ ਸਫਰ ਅਤੇ ਆਪਣੀ ਸਫਲਤਾ ਦੇ ਤਜ਼ਰਬੇ ਵੀ ਵਿਦਿਆਰਥਰਣਾਂ ਨਾਲ ਸਾਂਝੇ ਕੀਤੇ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਮਾਨਸਿਕ ਦ੍ਰਿੜਤਾ ਅਤੇ ਸਵੈ-ਭਰੋਸੇ ਨਾਲ ਪੜ੍ਹਾਈ ‘ਤੇ ਧਿਆਨ ਕੇਂਦਰਿਤ ਕਰਕੇ ਚੰਗਾ ਭਵਿੱਖ ਬਣਾਇਆ ਜਾ ਸਕਦਾ ਹੈ। ਉਨ੍ਹਾਂ ਹਾਜ਼ਰ ਵਿਦਿਆਰਥਣਾਂ ਨੂੰ ਕਿਹਾ ਕਿ ਕਿਸੇ ਵੀ ਟੀਚੇ ਨੂੰ ਹਾਸਲ ਕਰਨ ਲਈ ਸਵੈ-ਪੜਚੋਲ ਕਰ ਕੇ ਛੋਟੇ-ਛੋਟੇ ਟੀਚੇ ਨਿਰਧਾਰਤ ਕਰ ਮੁੱਖ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਹਮੇਸ਼ਾ ਆਪਣੇ ਮਾਪਿਆਂ ਦੇ ਆਗਿਆਕਾਰ ਬਣਨ ਅਤੇ ਆਪਣੇ ਅਤੇ ਮਾਪਿਆਂ ਦੇ ਵਿਸ਼ਵਾਸ ਨੂੰ ਬਰਕਰਾਰ ਰੱਖਣ ਲਈ ਵੀ ਪ੍ਰੇਰਿਤ ਕੀਤਾ। ਇਸ ਦੌਰਾਨ ਵਿਦਿਆਰਥਣਾਂ ਨੇ ਮੁੱਖ ਮਹਿਮਾਨ ਨੂੰ ਕੁਝ ਸੁਆਲ ਵੀ ਕੀਤੇ ਜਿਸ ਦਾ ਮੁੱਖ ਮਹਿਮਾਨ ਵਲੋਂ ਬੜੀ ਹਲੀਮੀ ਤੇ ਬੇਬਾਕੀ ਨਾਲ ਜਵਾਬ ਦਿੱਤਾ ਗਿਆ। ਸਕੂਲ ਦੇ ਚੇਅਰਮੈਨ ਗੌਰਵ ਸਾਗਰ ਭਾਸਕਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੇ ਇਤਿਹਾਸ ‘ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਪ੍ਰਸ਼ਾਸਨ ਵਿੱਚ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੇ ਰੂਪ ਵਿੱਚ ਸ੍ਰੀਮਤੀ ਅਮ੍ਰਿਤ ਸਿੰਘ, ਐਸ.ਐਸ.ਪੀ. ਦੇ ਰੂਪ ਵਿੱਚ ਸ੍ਰੀਮਤੀ ਕੰਵਰਦੀਪ ਕੌਰ ਅਤੇ ਰੱਖਿਆ ਦੇ ਖੇਤਰ ਵਿੱਚ ਸੀ.ਈ.ਓ. ਕੰਟੋਨਮੈਂਟ ਬੋਰਡ ਦੇ ਸ੍ਰੀਮਤੀ ਪ੍ਰੋਮਿਲਾ ਜੈਸਵਾਲ ਨਾਰੀ ਸ਼ਕਤੀ ਦੇ ਰੂਪ ਵਿੱਚ ਇਨ੍ਹਾਂ ਤਿਨਾਂ ਖੇਤਰਾਂ ਦੀ ਬਖੂਬੀ ਅਗਵਾਈ ਕਰ ਰਹੀਆਂ ਹਨ । ਇਹ ਸਮਾਜ ਲਈ ਪ੍ਰੇਰਣਾ ਸਰੋਤ ਹਨ ਅਤੇ ਅੱਜ ਵਿਵੇਕਾਨੰਦ ਵਰਲਡ ਸਕੂਲ ਨੇ ਜੇਨੇਸਿਸ ਇੰਸਟੀਚਿਊਟ ਆਫ ਡੈਂਟਲ ਸਾਈਂਸ ਅਤੇ ਰਿਸਰਚ, ਰੱਖਿਆ ਫਾਊਂਡੇਸ਼ਨ, ਲਾਇਂਸ ਕਲੱਬ ਅਤੇ ਐਮ.ਐਲ.ਬੀ. ਫਾਊਂਡੇਸ਼ਨ ਦੇ ਸਹਿਯੋਗ ਨਾਲ ਇੱਕ ਇੰਟਰੈਕਟਿਵ ਸੈਸ਼ਨ ਦਾ ਆਯੋਜਨ ਕੀਤਾ ਤਾਂ ਕਿ ਜ਼ਿਲ੍ਹੇ ਦੀਆਂ ਹੋਰ ਲੜਕੀਆਂ ਅਤੇ ਔਰਤਾਂ ਵੀ ਇਨ੍ਹਾਂ ਤੋਂ ਪ੍ਰੇਰਿਤ ਹੋ ਕੇ ਉੱਚੇ ਮੁਕਾਮ ਹਾਸਲ ਕਰਨ। ਇਸ ਸਮਾਗਮ ਵਿੱਚ ਸਿੱਖਿਆ ਖੇਤਰ ਤੋਂ ਸ੍ਰੀਮਤੀ ਨਵਿਤਾ ਸਿੰਘਲ, ਸਿਹਤ ਖੇਤਰ ਤੋਂ ਡਾ. ਸਰੋਜ ਖੰਨਾ, ਡਾ. ਸਰਬਜੀਤ ਕੌਰ, ਸਨਅਤੀ ਖੇਤਰ ਤੋਂ ਸ੍ਰੀਮਤੀ ਸੰਜਨਾ ਮਿੱਤਲ, ਉੱਦਮੀ ਖੇਤਰ ਤੋਂ ਸ੍ਰੀਮਤੀ ਅੰਜਲੀ, ਵਕੀਲ ਸ੍ਰੀਮਤੀ ਹੇਮਾ ਤਲਵਾਰ, ਸ੍ਰੀਮਤੀ ਸੁਮਨ ਲਤਾ ਸ਼ਰਮਾ, ਛਵੀ ਸਲਾਹਕਾਰ ਕੁਮਾਰੀ ਭਵਦੀਪ ਕੋਹਲੀ, ਮਹਿਲਾ ਸਸ਼ਕਤੀਕਰਨ ਤੋਂ ਸ੍ਰੀਮਤੀ ਹਰਪਿੰਦਰ ਕੌਰ, ਖੇਡ ਖੇਤਰ ਤੋਂ ਸ੍ਰੀਮਤੀ ਅਵਤਾਰ ਕੌਰ ਕਬੱਡੀ ਕੋਚ, ਸ੍ਰੀਮਤੀ ਵੀਰਪਾਲ ਕੌਰ ਅਤੇ ਕਲਾ ਤੇ ਸਾਹਿਤ ਖੇਤਰ ਤੋਂ ਸ੍ਰੀਮਤੀ ਪ੍ਰਭਾ ਭਾਸਕਰ ਨੇ ਸ਼ਿਰਕਤ ਕੀਤੀ। ਇਸ ਮੌਕੇ ਨਾਰੀ ਸ਼ਕਤੀ ਦੀ ਅਗਵਾਈ ਕਰਨ ਵਾਲੀਆਂ ਸਾਰੀਆਂ ਮਹਿਲਾਵਾਂ ਨੂੰ ਸਕੂਲ ਦੁਆਰਾ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਭੁਮਿਜਾ ਭਾਸਕਰ ਅਤੇ ਭਵਦੀਪ ਕੋਹਲੀ ਨੇ ਬਾਖੂਬੀ ਕੀਤਾ। ਇਸ ਮੌਕੇ ਸਕੂਲ ਦੇ ਸਟਾਫ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਹਾਜ਼ਰ ਸਨ।