ਦਿਲੀ ਵਾਲੇ ਸਰਨੇ ਦੀ ਮੰਗ ਪ੍ਰਤੀ ਸੁਖਬੀਰ ਸਿੰਘ ਬਾਦਲ ਆਪਣੀ ਸਥਿਤੀ ਸਪਸ਼ਟ ਕਰਨ: ਪ੍ਰੋ: ਸਰਚਾਂਦ ਸਿੰਘ ਖਿਆਲਾ।
ਅਕਾਲੀ ਦਲ ਵੱਲੋਂ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਦੀ ਮੰਗ ’ਤੇ ਸੁਖਬੀਰ ਬਾਦਲ ਨੂੰ ਘੇਰਿਆ।
ਦਿਲੀ ਵਾਲੇ ਸਰਨੇ ਦੀ ਮੰਗ ਪ੍ਰਤੀ ਸੁਖਬੀਰ ਸਿੰਘ ਬਾਦਲ ਆਪਣੀ ਸਥਿਤੀ ਸਪਸ਼ਟ ਕਰਨ: ਪ੍ਰੋ: ਸਰਚਾਂਦ ਸਿੰਘ ਖਿਆਲਾ।
ਗੁਰਸ਼ਰਨ ਸਿੰਘ ਸੰਧੂ
ਅੰਮ੍ਰਿਤਸਰ 24 ਨਵੰਬਰ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਪ੍ਰਤੀ ਅਕਾਲੀ ਦਲ (ਬਾਦਲ ) ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਕੀਤੀ ਗਈ ਮੰਗ ਸੰਬੰਧੀ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਘੇਰ ਲਿਆ ਹੈ। ਅਤੇ ਉਨ੍ਹਾਂ ਨੂੰ ਇਸ ਮਾਮਲੇ ’ਤੇ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ।
ਉਨ੍ਹਾਂ ਸ: ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਿਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਕਤ ਸੰਬੰਧੀ ਕੀਤੀ ਗਈ ਅਪੀਲ ਬਾਰੇ ਸਵਾਲ ਕੀਤਾ ਕਿ ਕੀ ਉਹ ਆਪਣੀ ਹੀ ਪਾਰਟੀ ਦੇ ਦਿਲੀ ਇਕਾਈ ਦੇ ਪ੍ਰਧਾਨ ਦੀ ਮੰਗ ਨਾਲ ਸਹਿਮਤ ਹਨ? ਅਕਾਲੀ ਦਲ ਦਿਲੀ ਸਟੇਟ ਦੇ ਪ੍ਰਧਾਨ ਦੀ ਉਕਤ ਮੰਗ ਨੂੰ ਅਕਾਲੀ ਦਲ ਦੀ ਮੰਗ ਕਿਉਂ ਨਾ ਸਮਝਿਆ ਜਾਵੇ? ਉਨ੍ਹਾਂ ਕਿਹਾ ਦਸਮ ਪਿਤਾ ਦਾ ਪ੍ਰਕਾਸ਼ ਪੋਹ ਸੁਦੀ ਸੱਤਵੀਂ ਦਾ ਹੈ ਅਤੇ ਇਸ ਵਾਰ ਇਹ ਦਿਹਾੜਾ 29 ਦਸੰਬਰ ਨੂੰ ਆ ਰਿਹਾ ਹੈ । ਉਨ੍ਹਾਂ ਕਿਹਾ ਕਿ ਕੌਮੀ ਜਜ਼ਬਾਤਾਂ ਦੀ ਦੁਹਾਈ ਦੇਣ ਵਾਲੇ ਸ: ਸਰਨਾ ਦੀ ਉਸ ਦਲੀਲ ਵਿਚ ਕੋਈ ਦਮ ਨਹੀਂ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ’ਤੇ ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸੰਗਤਾਂ ਕਿਸ ਤਰਾਂ ਮਨਾਉਣਗੀਆਂ। ਉਨ੍ਹਾਂ ਕਿਹਾ ਕਿ 1704 ਈ: ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਹੁਣ ਤਕ ਅਜਿਹੇ ਕਈ ਮੌਕੇ ਆਏ ਹਨ ਜਦੋਂ ਸ਼ਹੀਦੀ ਦਿਹਾੜਾ ਅਤੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਇਕ ਦੂਜੇ ਦੇ ਐਨ ਨੇੜੇ ਆਉਂਦੇ ਰਹੇ ਹਨ। ਉਨ੍ਹਾਂ ਕਿਹਾ ਸ: ਸਰਨਾ ਪੰਥ ਵਿਚ ਸ਼ੰਕੇ ਪੈਦਾ ਕਰਨ ਦੀ ਬਜਾਏ ਸੰਨ 2023 ਦੀ ਥਾਂ ਨਾਨਕਸ਼ਾਹੀ ਕਲੰਡਰ ’ਤੇ ਪੋਹ ਸੁਦੀ ਸੱਤਵੀਂ ਦੀ ਤਲਾਸ਼ ਕਰਦੇ ਤਾਂ ਸਿਆਣਾ ਹੁੰਦਾ। ਉਨ੍ਹਾਂ ਸ: ਸਰਨਾ ਨੂੰ ਚੁਨੌਤੀ ਦਿੱਤੀ ਕਿ ਉਹ ਸਿੱਖ ਪੰਥ ਨੂੰ ਦਲੀਲ ਨਾਲ ਇਹ ਸਾਬਿਤ ਕਰਨ ਕਿ 5 ਜਨਵਰੀ ਨੂੰ ਹੀ ਗੁਰੂ ਦਸਮ ਪਿਤਾ ਦਾ ਅਵਤਾਰ ਪੁਰਬ ਹੈ? ਪ੍ਰੋ: ਸਰਚਾਂਦ ਸਿੰਘ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਸਰਨਾ ਵਰਗੇ ਕਈ ਲੋਕ ਹਨ ਜੋ ਪੰਥ ਵਿਚ ਭੰਬਲਭੂਸਾ ਪੈਦਾ ਕਰ ਰਹੇ ਹਨ, ਇਸ ਲਈ ਹੁਣ ਜ਼ਰੂਰੀ ਹੋ ਗਿਆ ਹੈ ਕਿ ਇਸ ਵਿਸ਼ੇ ਬਾਰੇ ਸਿੱਖ ਚਿੰਤਕ ਸ: ਸਤਿੰਦਰ ਸਿੰਘ ਲੁਧਿਆਣਾ ਵੱਲੋਂ ਪੰਥ ਵਿਦਵਾਨਾਂ ਅਤੇ ਕਲੰਡਰ ਮਾਹਿਰਾਂ ਦੀ ਇਕੱਤਰਤਾ ਵਿਚ ਵਿਚਾਰ ਗੋਸ਼ਟੀ ਰਾਹੀਂ ਇਸ ਮਸਲੇ ਦਾ ਸਥਾਈ ਅਤੇ ਸਦੀਵੀ ਹੱਲ ਕਰਨ ਬਾਰੇ ਕੀਤੀ ਗਈ ਅਪੀਲ ਨੂੰ ਅਕਾਲ ਤਖ਼ਤ ਸਾਹਿਬ ਵਿਖੇ 26 ਨਵੰਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਕੀਤੀ ਜਾ ਰਹੀ ਇਕੱਤਰਤਾ ਵਿਚ ਵਿਚਾਰਿਆ ਜਾਵੇ।