ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ‘ਡੀ’ ਜ਼ੋਨ ਦੇ ਕਾਲਜਾਂ ਦਾ ਯੁਵਕ ਮੇਲਾ ਸੰਪੰਨ
ਅਮਰੀਕ ਸਿੰਘ
ਅੰਮ੍ਰਿਤਸਰ, 16 ਅਕਤੂਬਰ,
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ‘ਡੀ’ ਜ਼ੋਨ (ਨਵਾਸ਼ਹਿਰ, ਕਪੂਰਥਲਾ, ਫਗਵਾੜਾ) ਦੇ ਕਾਲਜਾਂ ਦਾ ਯੁਵਕ ਮੇਲਾ ਅੱਜ ਸਮਾਪਤ ਹੋਇਆ ਜਿਸ ਦੇ ‘ਏ’ ਅਤੇ ‘ਬੀ’ ਡਿਵੀਜਨ ਵਿਚ ਕ੍ਰਮਵਾਰ ਸਿੱਖ ਨੈਸ਼ਨਲ ਕਾਲਜ ਬੰਗਾ ਅਤੇ ਹਿੰਦੂ ਕੰਨਿਆਂ ਕਾਲਜ ਕਪੂਰਥਲਾ ਜੇਤੂ ਰਹੇ। ‘ਬੀ’ ਡਿਵੀਜਨ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਵਿਚ ਗੁਰੂ ਨਾਨਕ ਖਾਲਸਾ ਕਾਲਜ ਕਾਮਯਾਬ ਰਿਹਾ ਅਤੇ ਤੀਜਾ ਸਥਾਨ ਕਮਲਾ ਨਹਿਰੂ ਕਾਲਜ ਫ਼ਾਰ ਵਿਮਨ ਫਗਵਾੜਾ ਨੇ ਪ੍ਰਾਪਤ ਕੀਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਚੈਂਪੀਅਨ ਟਰਾਫੀ ਪ੍ਰਾਪਤ ਕਰਨ ਸਮੇਂ ਵਿਦਿਆਰਥੀਆਂ ਦਾ ਜੋਸ਼ ਵੇਖਣ ਵਾਲਾ ਸੀ। ਓਵਰਆਲ ਚੈਂਪੀਅਨਸ਼ਿਪ ਪ੍ਰਦਾਨ ਕਰਨ ਸਮੇਂ ਜੇਤੂ ਟੀਮਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕ ਸਾਹਿਬਾਨ ਵੀ ਭਾਰੀ ਗਿਣਤੀ ਵਿਚ ਹਾਜ਼ਰ ਸਨ ਜਿਨ੍ਹਾਂ ਨੂੰ ਅੱਜ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਟਰਾਫੀਆਂ ਪ੍ਰਦਾਨ ਕੀਤੀਆਂ। ਇਸ ਸਮੇਂ ਉਨ੍ਹਾਂ ਦੇ ਨਾਲ ਡਾ. ਅਮਨਦੀਪ ਸਿੰਘ, ਡਾ. ਤੇਜਵੰਤ ਸਿੰਘ ਕੰਗ,ਡਾ. ਪਰਮਬੀਰ ਸਿੰਘ ਮੱਲ੍ਹੀ, ਡਾ ਸਤਨਾਮ ਸਿੰਘ ਿਦਓਲ ਡਾ. ਮੁਨੀਸ਼ ਸੈਣੀ ਡਾ ਗੁਰਪ੍ਰੀਤ ਸਿੰਘ ਹਰਪ੍ਰੀਤ ਿਸੰਘ ਤੋਂ ਇਲਾਵਾ ਹੋਰ ਵੀ ਸਟਾਫ ਦੇ ਮੈਂਬਰ ਹਾਜ਼ਰ ਸਨ।
ਪ੍ਰੋ. ਦੂਆ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਠੀਕ ਦਿਸ਼ਾ ਵਿਚ ਮਿਹਨਤ ਕਰਦੇ ਰਹਿਣ ਲਈ ਪ੍ਰੇਰਨਾ ਦਿਤੀ।
ਇਨ੍ਹਾਂ ਯੁਵਕ ਮੇਲਿਆਂ ਦਾ ਆਯੋਜਨ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੀ ਸੁਯੋਗ ਅਗਵਾਈ ਵਿਚ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਵੱਡੀ ਟੀਮ ਵੱਲੋਂ ਕੀਤਾ ਜਾਂਦਾ ਹੈ।