Breaking News

ਨਵਾਬ ਰਾਏ ਬੁਲਾਰ, ਭਾਈ ਬਲਵਿੰਦਰ ਸਿੰਘ ਜਟਾਣਾ, ਜਥੇਦਾਰ ਜੋਗਿੰਦਰ ਸਿੰਘ ਪੰਜਰਥ ਤੇ ਸ. ਹਰਿੰਦਰ ਸਿੰਘ ਰਣੀਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ’ਚ ਸੁਸ਼ੋਭਿਤ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਤਸਵੀਰਾਂ ਤੋਂ ਹਟਾਇਆ ਪਰਦਾ

ਨਵਾਬ ਰਾਏ ਬੁਲਾਰ, ਭਾਈ ਬਲਵਿੰਦਰ ਸਿੰਘ ਜਟਾਣਾ, ਜਥੇਦਾਰ ਜੋਗਿੰਦਰ ਸਿੰਘ ਪੰਜਰਥ ਤੇ ਸ. ਹਰਿੰਦਰ ਸਿੰਘ ਰਣੀਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ’ਚ ਸੁਸ਼ੋਭਿਤ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਤਸਵੀਰਾਂ ਤੋਂ ਹਟਾਇਆ ਪਰਦਾ

ਅਮਰੀਕ ਸਿੰਘ 
ਅੰਮ੍ਰਿਤਸਰ, 15 ਅਕਤੂਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਨਵਾਬ ਰਾਏ ਬੁਲਾਰ ਅਹਿਮਦ ਭੱਟੀ, ਸੰਘਰਸ਼ੀ ਯੋਧੇ ਭਾਈ ਬਲਵਿੰਦਰ ਸਿੰਘ ਜਟਾਣਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਜੋਗਿੰਦਰ ਸਿੰਘ ਪੰਜਰਥ ਤੇ ਸ. ਹਰਿੰਦਰ ਸਿੰਘ ਰਣੀਆਂ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ। ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਨਿਭਾਈ। 
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਸਿੱਖ ਇਤਿਹਾਸ ਅਤੇ ਵਿਰਾਸਤ ਦਾ ਅਹਿਮ ਸੋਮਾ ਹੈ ਅਤੇ ਇਥੇ ਕੌਮ ਲਈ ਘਾਲਣਾ ਘਾਲਣ ਵਾਲਿਆਂ ਦੀਆਂ ਤਸਵੀਰਾਂ ਸੁਸ਼ੋਭਿਤ ਕਰਕੇ ਕੌਮੀ ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਵਾਬ ਰਾਏ ਬੁਲਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਸ਼ਰਧਾਲੂ ਸਨ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਛੋਟੀ ਉਮਰ ਵਿਚ ਹੀ ਉਨ੍ਹਾਂ ਅੰਦਰੋਂ ਰੱਬੀ ਜੋਤਿ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਨੂੰ ਵੱਡਾ ਸਤਿਕਾਰ ਦਿੱਤਾ। ਰਾਏ ਬੁਲਾਰ ਜੀ ਨੇ ਗੁਰੂ ਸਾਹਿਬ ਨੂੰ ਸ਼ਰਧਾ ਭੇਟ ਕਰਦਿਆਂ ਆਪਣੀ ਜਾਇਦਾਦ ਦਾ ਵੱਡਾ ਹਿੱਸਾ ਭੇਟਾ ਕੀਤਾ। ਐਡਵੋਕੇਟ ਧਾਮੀ ਨੇ ਸਰਕਾਰਾਂ ’ਤੇ ਇਤਰਾਜ਼ ਜਿਤਾਇਆ ਕਿ ਸ਼੍ਰੋਮਣੀ ਕਮੇਟੀ ਨੇ ਨਵਾਬ ਰਾਏ ਬੁਲਾਰ ਜੀ ਦੀ ਤਸਵੀਰ ਲਗਾਉਣ ਲਈ ਉਨ੍ਹਾਂ ਦੇ ਵੰਜ਼ਸ਼ਾਂ ਨੂੰ ਕਈ ਵਾਰ ਸੱਦਾ ਭੇਜਿਆ, ਪਰ ਵੀਜ਼ਾ ਨਾ ਦਿੱਤੇ ਜਾਣ ਕਰਕੇ ਉਹ ਸ਼ਾਮਲ ਨਹੀਂ ਹੋ ਸਕੇ। ਸ਼੍ਰੋਮਣੀ ਕਮੇਟੀ ਚਾਹੁੰਦੀ ਸੀ ਕਿ ਉਨ੍ਹਾਂ ਦੇ ਵੰਜ਼ਸ਼ ਇਸ ਮੌਕੇ ’ਤੇ ਜ਼ਰੂਰ ਮੌਜੂਦ ਹੁੰਦੇ। 
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਕਰਦਿਆਂ ਆਖਿਆ ਕਿ ਪਾਣੀਆਂ ਦੇ ਰਖਵਾਲੇ ਇਸ ਸੰਘਰਸ਼ੀ ਯੋਧੇ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸਤਲੁਜ ਯਮੁਨਾ ਲਿੰਕ ਨਹਿਰ ਦਾ ਕਰੜਾ ਵਿਰੋਧ ਕੀਤਾ। ਐਡਵੋਕੇਟ ਧਾਮੀ ਨੇ ਪੰਜਾਬ ਦੇ ਪਾਣੀਆਂ ਦੇ ਮਾਮਲੇ ’ਤੇ ਸਰਕਾਰਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਇਹ ਪੰਜਾਬ ਦਾ ਅਤਿ ਅਹਿਮ ਤੇ ਸੰਵੇਦਨਸ਼ੀਲ ਮਸਲਾ ਹੈ ਅਤੇ ਸਰਕਾਰਾਂ ਨੂੰ ਇਸ ਨਾਲ ਬਿਨਾਂ ਮਤਲਬ ਛੇੜ ਛਾੜ ਅਤੇ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਈ ਜਟਾਣਾ ਦੇ ਸਾਥੀ ਭਾਈ ਚਰਨਜੀਤ ਸਿੰਘ ਦਾ ਜ਼ਿਕਰ ਕਰਕੇ ਉਨ੍ਹਾਂ ਨੂੰ ਵੀ ਯਾਦ ਕੀਤਾ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਾਬਕਾ ਮੈਂਬਰ ਜਥੇਦਾਰ ਜੋਗਿੰਦਰ ਸਿੰਘ ਪੰਜਰਥ ਤੇ ਸ. ਹਰਿੰਦਰ ਸਿੰਘ ਰਣੀਆਂ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਕੀਤੇ ਪੰਥਕ ਕਾਰਜਾਂ ਨੂੰ ਵੀ ਚੇਤੇ ਕੀਤਾ। 
ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਤੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਕੌਮ ਲਈ ਕੁਰਬਾਨੀਆਂ ਦੇਣ ਵਾਲਿਆਂ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਿਚ ਵੱਡੀ ਭੂਮਿਕਾ ਨਿਭਾਉਣ ਵਾਲਿਆਂ ਨੂੰ ਕੌਮ ਹਮੇਸ਼ਾ ਯਾਦ ਰੱਖਦੀ ਹੈ ਅਤੇ ਇਸੇ ਤਹਿਤ ਹੀ ਕੇਂਦਰੀ ਸਿੱਖ ਅਜਾਇਬ ਘਰ ਵਿਚ ਅਜਿਹੀਆਂ ਕੌਮੀ ਸ਼ਖ਼ਸੀਅਤਾਂ ਦੇ ਚਿੱਤਰ ਸਥਾਪਤ ਕਰਕੇ ਮਾਣ ਦਿੱਤਾ ਜਾਂਦਾ ਹੈ। 
ਇਸ ਦੌਰਾਨ ਭਾਈ ਬਲਵਿੰਦਰ ਸਿੰਘ ਜਟਾਣਾ, ਸਾਬਕਾ ਮੈਂਬਰ ਜਥੇਦਾਰ ਜੋਗਿੰਦਰ ਸਿੰਘ ਪੰਜਰਥ ਤੇ ਭਾਈ ਹਰਿੰਦਰ ਸਿੰਘ ਰਣੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਿਰੋਪਾਓ ਦੇ ਕੇ ਸਨਮਾਨ ਦਿੱਤਾ। ਇਸ ਤੋਂ ਪਹਿਲਾਂ ਗੁਰਬਾਣੀ ਕੀਰਤਨ ਹੋਇਆ ਅਤੇ ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ। ਬੁਲਾਰਿਆਂ ਨੂੰ ਸਮਾਂ ਦੇਣ ਦੀ ਸੇਵਾ ਵਧੀਕ ਸਕੱਤਰ ਸ. ਪ੍ਰਤਾਪ ਸਿੰਘ ਨੇ ਨਿਭਾਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸ. ਗੁਰਿੰਦਰਪਾਲ ਸਿੰਘ ਗੋਰਾ, ਮੈਂਬਰ ਸ. ਸੁਰਜੀਤ ਸਿੰਘ ਭਿੱਟੇਵੱਡ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਗੁਰਪ੍ਰੀਤ ਸਿੰਘ ਝੱਬਰ, ਬੀਬੀ ਨਰਿੰਦਰ ਕੌਰ ਰਣੀਆਂ, ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਸ. ਗੁਰਮੀਤ ਸਿੰਘ ਬੁੱਟਰ, ਸ. ਨਿਰਵੈਲ ਸਿੰਘ, ਸ. ਗੁਰਚਰਨ ਸਿੰਘ ਕੁਹਾਲਾ, ਸ. ਸਤਨਾਮ ਸਿੰਘ ਮਾਂਗਾਸਰਾਏ, ਸ. ਲਖਬੀਰ ਸਿੰਘ, ਸੁਪਰਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਸ. ਸ਼ਾਹਬਾਜ਼ ਸਿੰਘ, ਮੈਨੇਜਰ ਸ. ਸੁਖਰਾਜ ਸਿੰਘ, ਸ. ਬਘੇਲ ਸਿੰਘ, ਵਧੀਕ ਮੈਨੇਜਰ ਸ. ਇਕਬਾਲ ਸਿੰਘ, ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਬਖ਼ਸ਼ੀਸ ਸਿੰਘ, ਦਲ ਖਾਲਸਾ ਦੇ ਆਗੂ ਭਾਈ ਕੰਵਰਪਾਲ ਸਿੰਘ, ਸ. ਨਰੈਣ ਸਿੰਘ ਚੌੜਾ, ਸ. ਜਸਬੀਰ ਸਿੰਘ ਘੁੰੰਮਣ, ਸ. ਭੁਪਿੰਦਰ ਸਿੰਘ ਭਲਵਾਨ, ਸ. ਦਿਆ ਸਿੰਘ ਕੱਕੜ, ਪ੍ਰੋ. ਬਲਜਿੰਦਰ ਸਿੰਘ, ਤਸਵੀਰਾਂ ਲੱਗਣ ਵਾਲੀਆਂ ਸ਼ਖ਼ਸੀਅਤਾਂ ਦੇ ਪਰਿਵਾਰਕ ਮੈਂਬਰਾਂ ’ਚੋਂ ਬੀਬੀ ਸੁਰਿੰਦਰ ਕੌਰ, ਬੀਬੀ ਮਨਜੀਤ ਕੌਰ, ਬੀਬੀ ਕੰਵਲਜੀਤ ਕੌਰ, ਬੀਬੀ ਅਮਨਪ੍ਰੀਤ ਕੌਰ, ਸ. ਹਰਮਨਪ੍ਰੀਤ ਸਿੰਘ, ਸ. ਗਗਨਦੀਪ ਸਿੰਘ, ਸ. ਅਮਰਜੀਤ ਸਿੰਘ ਪੰਜਰਥ, ਸ. ਕੁਲਦੀਪ ਸਿੰਘ, ਸ. ਚੰਦਨਦੇਵ ਸਿੰਘ, ਬੀਬੀ ਜਸਪਿੰਦਰ ਕੌਰ, ਬੀਬੀ ਗੁਰਪਿੰਦਰ ਕੌਰ, ਬੀਬੀ ਅਮਨਪ੍ਰੀਤ ਕੌਰ ਆਦਿ ਮੌਜੂਦ ਸਨ।



About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …