Breaking News

ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਦੀ ਪੁਸਤਕ ‘ਗੁਰੂ ਨਾਨਕ ਉਦਾਸੀ ਦਰਪਣ’ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸੰਗਤ ਅਰਪਣ





ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਦੀ ਪੁਸਤਕ ‘ਗੁਰੂ ਨਾਨਕ ਉਦਾਸੀ ਦਰਪਣ’ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸੰਗਤ ਅਰਪਣ

ਅਮਰੀਕ ਸਿੰਘ 
ਅੰਮ੍ਰਿਤਸਰ, 13 ਅਕਤੂਬਰ-
ਉੱਘੇ ਸਿੱਖ ਵਿਦਵਾਨ ਅਤੇ ਕਥਾਵਾਚਕ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਯੂਕੇ ਦੀ ਪੁਸਤਕ ‘ਗੁਰੂ ਨਾਨਕ ਉਦਾਸੀ ਦਰਪਣ’ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸਾਂਝੇ ਤੌਰ ’ਤੇ ਸੰਗਤ ਅਰਪਣ ਕੀਤੀ ਗਈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਅਰਦਾਸ ਕੀਤੀ। ਪੁਸਤਕ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਚਾਰ ਦੌਰਿਆ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ ਹੈ। ਗਿਆਨੀ ਗੁਲਸ਼ਾਨ ਇਸ ਤੋਂ ਪਹਿਲਾਂ ਵੀ ਚਾਰ ਪੁਸਤਕਾਂ ਪੰਥ ਦੀ ਝੋਲੀ ਪਾ ਚੁੱਕੇ ਹਨ। ਉਨ੍ਹਾਂ ਨੇ ਆਪਣੀ ਇਸ ਵੱਡ-ਅਕਾਰੀ ਪੰਜਵੀਂ ਪੁਸਤਕ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਚਾਰੇ ਵੱਡੀਆਂ ਉਦਾਸੀਆਂ ਦੇ ਨਾਲ-ਨਾਲ ਉਨ੍ਹਾਂ ਦੇ ਹੋਰ ਪ੍ਰਚਾਰ ਦੌਰਿਆਂ, ਗੁਰੂ ਸਾਹਿਬ ਵੱਲੋਂ ਦਿੱਤੇ ਗਏ ਸੰਦੇਸ਼ ਆਦਿ ਨੂੰ ਇਤਿਹਾਸਕ ਗ੍ਰੰਥਾਂ ਦੀ ਰੌਸ਼ਨੀ ਵਿਚ ਪੇਸ਼ ਕੀਤਾ ਹੈ।
ਪੁਸਤਕ ਸੰਗਤ ਅਰਪਣ ਕਰਨ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਤਖ਼ਤ ਸ੍ਰੀਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਵੱਲੋਂ ਇਕ ਕਥਾਕਾਰ ਦੇ ਨਾਲ-ਨਾਲ ਖੋਜੀ ਵਿਦਵਾਨ ਵਜੋਂ ਸਿੱਖੀ ਪ੍ਰਚਾਰ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।
ਇਸ ਮੌਕੇ ਗਿਆਨੀ ਗੁਲਸ਼ਨ ਨੇ ਦੱਸਿਆ ਕਿ ਇਹ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਚਾਰ ਦੌਰਿਆਂ ਅਤੇ ਇਸ ਦੌਰਾਨ ਕੀਤੀਆਂ ਗੋਸ਼ਟਾਂ ਨਾਲ ਸਬੰਧਤ ਹੈ। ਇਸ ਵਿਚ ਮਹਿਮਾ ਪ੍ਰਕਾਸ਼, ਜਨਮ ਸਾਖੀਆਂ, ਗੁਰਪ੍ਰਤਾਪ ਸੂਰਜ ਗ੍ਰੰਥ, ਪੰਥ ਪ੍ਰਕਾਸ਼ ਅਤੇ ਪ੍ਰੰਪਰਾਵਾਂ ਨੂੰ ਅਧਾਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਦੇ ਨਾਲ-ਨਾਲ ਗੁਰਮਤਿ ਸਿਧਾਂਤਾਂ ਨੂੰ ਵੀ ਪੁਸਤਕ ਅੰਦਰ ਵਿਸ਼ੇਸ਼ ਤਰਜ਼ੀਹ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਠ ਅਧਿਆਵਾਂ ਵਿਚ 296 ਉਪ-ਸਿਰਲੇਖਾਂ ਅਧੀਨ ਸਬੰਧਿਤ ਪ੍ਰਸੰਗਾਂ ਨੂੰ ਲਿਆਂਦਾ ਹੈ, ਜਿਨ੍ਹਾਂ ਰਾਹੀਂ ਪੁਰਬੀ, ਦਖਣੀ, ਉਤਰੀ ਭਾਰਤ ਸਹਿਤ ਅਜੋਕੇ ਲੱਗਭਗ ਗਿਆਰਾਂ ਦੇਸ਼ਾਂ ਦੀਆਂ ਯਾਤਰਾਵਾਂ ਨੂੰ ਖੋਜ ਦਾ ਹਿੱਸਾ ਬਣਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਥੇ-ਜਿਥੇ ਗੁਰੂ ਸਾਹਿਬ ਗਏ, ਉਨ੍ਹਾਂ ਅਸਥਾਨਾਂ ਨੂੰ ਪੰਜ ਨਕਸ਼ਿਆਂ ਅਤੇ ਅਸਥਾਨਾਂ ਦੀ ਮੌਜੂਦਾ ਹਾਲਤ ਨੂੰ 170 ਤਸਵੀਰਾਂ ਰਾਹੀਂ ਮੂਰਤੀਮਾਨ ਕੀਤਾ ਗਿਆ ਹੈ। ਗਿਆਨੀ ਗੁਲਸ਼ਨ ਅਨੁਸਾਰ ਅਨੁਸਾਰ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਸ ਪੁਸਤਕ ਤੋਂ ਸਿੱਖ, ਗੈਰ-ਸਿੱਖ ਸੰਗਤਾਂ ਅਤੇ ਸਿੱਖ ਪ੍ਰਚਾਰਕਾਂ ਨੂੰ ਵੱਧ ਤੋਂ ਵੱਧ ਵਾਕਫੀਅਤ ਪ੍ਰਾਪਤ ਹੋਵੇ।
ਪੁਸਤਕ ਸੰਗਤ ਅਰਪਣ ਕਰਨ ਮੌਕੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ, ਗਿਆਨੀ ਮਲਕੀਤ ਸਿੰਘ, ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸ. ਕੁਲਵੰਤ ਸਿੰਘ ਮੰਨਣ, ਭਾਈ ਅਜਾਇਬ ਸਿੰਘ ਅਭਿਆਸੀ, ਬਾਬਾ ਜੱਸਾ ਸਿੰਘ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਬਾਬਾ ਮਨਮੋਹਨ ਸਿੰਘ ਬਾਰਨੇ ਵਾਲੇ, ਸ. ਦਿਲਜੀਤ ਸਿੰਘ ਬੇਦੀ, ਬਾਬਾ ਗੁਰਦੇਵ ਸਿੰਘ ਕੁਲੀ ਵਾਲੇ, ਸ. ਦਯਾਪਾਲ ਸਿੰਘ ਲੰਡਨ, ਗਿਆਨੀ ਕੁਲਵਿੰਦਰ ਸਿੰਘ ਜਲੰਧਰ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਸੁਲਖਣ ਸਿੰਘ ਭੰਗਾਲੀ, ਸ. ਜਸਪਾਲ ਸਿੰਘ, ਸ. ਰਾਜਿੰਦਰ ਸਿੰਘ ਰੂਬੀ ਅਤੇ ਸ. ਰਣਜੀਤ ਸਿੰਘ ਆਦਿ ਮੌਜੂਦ ਸਨ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …