ਹਰਿਆਣਾ ਕਮੇਟੀ ਨੂੰ ਹੋਂਦ ਵਿੱਚ ਲਿਆਉਣ ਲਈ ਬਾਦਲਾਂ ਦੀਆ ਧੱਕੇਸ਼ਾਹੀਆ ਜੁਮੇਂਵਾਰ - ਭੋਮਾ*ਸੁਖਬੀਰ ਬਾਦਲ ਸਾਰਿਆਂ ਨੂੰ ਜ਼ੀਰੋ ਕਰਦਾ ਕਰਦਾ ਅੱਜ ਖ਼ੁਦ ਜ਼ੀਰੋ ਹੋ ਗਿਆ!ਅਮਰੀਕ ਸਿੰਘ ਅੰਮ੍ਰਿਤਸਰ ਸਤੰਬਰ 21 _ਦਿੱਲੀ ਸਿੱ: ਗੁ: ਪ੍ਰ: ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ( ਪੰਜਾਬ ) ਦੇ ਚੇਅਰਮੈਨ ਭਾਈ ਮਨਜੀਤ ਸਿੰਘ ਭੋਮਾ ਨੇ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਹੱਕ ਵਿੱਚ ਆਏ ਫੈਸਲੇ ਦਾ ਭਰਵਾਂ ਸੁਆਗਤ ਕੀਤਾ ਹੈ, ਜਿਸ ਵਿੱਚ ਹਰਿਆਣਾ ਰਾਜ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਨੂੰ ਮਾਨਤਾ ਦਿੱਤੀ ਗਈ ਹੈ। ਭਾਈ ਭੋਮਾ ਨੇ ਕਿਹਾ ਕਿ ਇਸ ਨਾਲ ਹਰਿਆਣਾ ਰਾਜ ਦੀ ਸਿੱਖ ਸੰਗਤ ਆਪਣੇ ਪੱਧਰ ਤੇ ਉਥੋਂ ਦੇ ਗੁਰਦੁਆਰਿਆਂ, ਕਾਲਜਾਂ ਅਤੇ ਸਕੂਲਾਂ ਦਾ ਪ੍ਰਬੰਧ ਸੁਚੱਜੇ ਤੇ ਸੁਚਾਰੂ ਢੰਗ ਨਾਲ ਚਲਾ ਸਕੇਗੀ। ਉਹਨਾਂ ਕਿਹਾ ਕਿ ਇਹ ਵੀ ਗੰਭੀਰਤਾ ਨਾਲ ਵਿਚਾਰਨ ਵਾਲੀ ਗੱਲ ਹੈ ਕਿ ਹਰਿਆਣਾਂ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਵਿਚਾਰ ਉਥੋਂ ਦੀ ਸਿੱਖ ਸੰਗਤ ਦੇ ਮਨਾਂ ਵਿੱਚ ਕਿਉਂ ਆਇਆ? ਜਿਸ ਦਾ ਸਿੱਧਾ-ਸਿੱਧਾ ਉੱਤਰ ਇਹੋ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਕਾਬਜ਼ ਇਕ ਸਿਆਸੀ ਧਿਰ ਨੇ ਹਰਿਆਣਾਂ ਵਿਚਲੇ ਗੁਰਦੁਆਰਿਆਂ ਅਤੇ ਉਹਨਾਂ ਦੀਆਂ ਜਾਇਦਾਦਾਂ-ਜਮੀਨਾਂ ਉੱਪਰ ਆਪਣੇਂ ਟਰੱਸਟ ਬਣਾਂ ਕੇ ਕਬਜ਼ਾ ਕਰੀ ਰੱਖਿਆ। ਉਥੋਂ ਦੇ ਸਿੱਖਾਂ ਦੀ ਕੋਈ ਪੁੱਛ-ਪੜਤਾਲ ਨਹੀਂ ਕੀਤੀ, ਅਸਲ ਵਿੱਚ ਸ਼੍ਰੋਮਣੀ ਕਮੇਟੀ ਨੂੰ ਇਸਦੇ ਅਹੁਦੇਦਾਰਾਂ ਅਤੇ ਸਿਆਸੀ ਆਕਾਵਾਂ ਦੀ ਅਹਿਲੀਅਤ ਨੇ ਹੀ ਰਸਾਤਲ ਵੱਲ ਧਕੇਲਿਆ ਹੈ। ਭਾਈ ਭੋਮਾ ਨੇ ਇਹ ਵੀ ਕਿਹਾ ਕਿ ਪੰਜਾਬ ਨੂੰ ਸਿੱਖਾਂ ਦੇ ਕੇਂਦਰਿਤ ਸੂਬੇ ਵੱਜੋਂ ਜਾਣਿਆਂ ਜਾਂਦਾ ਹੈ ਅਤੇ ਪੂਰੀ ਦੁਨੀਆਂ ਵਿੱਚ ਵੱਸਦੇ ਸਿੱਖਾਂ ਦੀ ਮਾਣ ਮਰਿਆਦਾ ਦੁੱਖਾਂ-ਸੁੱਖਾਂ ਦੇ ਭਾਈਵਾਲ ਹੋਣਾ ਇਥੋਂ ਦੀਆਂ ਸਿੱਖ ਸਿਆਸੀ ਧਿਰਾਂ ਦਾ ਪਹਿਲਾ ਫਰਜ਼ ਬਣਦਾ ਹੈ, ਪ੍ਰੰਤੂ ਅਜਿਹਾ ਨਹੀਂ ਹੋਇਆ। ਬਾਦਲਾਂ ਦੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਣ ਕਰਕੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਤੇ ਪ੍ਰਸਾਰ ਪ੍ਰਤੀ ਆਪਣੀ ਸਹੀ ਡਿਊਟੀ ਨਹੀਂ ਨਿਭਾ ਸਕੀ ਜਿਸ ਕਾਰਨ ਸਾਡੇ ਕਈ ਸਿੱਖ ਪਰਿਵਾਰ ਅਣਗੋਲਿਆਂ ਹੋਣ ਕਾਰਨ ਧੜਾਂ ਧੜ ਕ੍ਰਿਸ਼ਚਨ ਬਣਦੇ ਗਏ । ਦੂਜਿਆਂ ਸੂਬਿਆਂ ਵਿੱਚ ਵੱਸਦੇ ਸਿੱਖਾਂ ਦੀਆਂ ਮੰਗਾਂ ਅਤੇ ਆਸ਼ਾਵਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਹਰਦਿਤਾ ਨਾਲ ਨਹੀਂ ਲਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਥੋਂ ਦੇ ਗੁਰਦੁਆਰਿਆਂ ਦੀਆਂ ਜਮੀਨਾਂ-ਜਾਇਦਾਦਾਂ ਦੀਆਂ ਆਮਦਨਾਂ ਨੂੰ ਉਥੋਂ ਦੀ ਸਿੱਖ ਸੰਗਤ ਵਾਸਤੇ ਅਤੇ ਗੁਰਦੁਆਰਿਆਂ ਨੂੰ ਸੁਚਾਰੂ ਨਾਲ ਚਲਾਉਣ ਵਾਸਤੇ ਨਹੀਂ ਵਰਤਿਆ ਜਾ ਰਿਹਾ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਤੇ ਸਿੱਧੇ ਤੌਰ ਤੇ ਬੌਲਦਿਆਂ ਭਾਈ ਭੋਮਾ ਨੇ ਕਿਹਾ ਕਿ ਕੋਈ ਵਕਤ ਸੀ ਜਦੋਂ ਸ਼੍ਰੌਮਣੀ ਅਕਾਲੀ ਦਲ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦੀ ਮੰਗ ਕਰਿਆ ਕਰਦਾ ਸੀ ਤਾਂ ਕਿ ਪੂਰੇ ਭਾਰਤ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਸ਼੍ਰੌਮਣੀ ਕਮੇਟੀ ਨੂੰ ਮਿਲ ਸਕੇ ਪਰ ਇਸਦੇ ਸਵਾਰਥੀ ਤੇ ਪਰਿਵਾਰਵਾਦ ਦੇ ਮਨਸ਼ਿਆਂ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੇਵਲ ਪੰਜਾਬ ਦੇ ਗੁਰਦੁਆਰਿਆਂ ਦੇ ਪ੍ਰਬੰਧ ਤੇ ਸੇਵਾ-ਸੰਭਾਲ ਤੱਕ ਸੀਮਿਤ ਕਰ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਸੁਖਬੀਰ ਸਿੰਘ ਬਾਦਲ ਸਾਰਿਆਂ ਨੂੰ ਜ਼ੀਰੋ ਕਰਦਾ ਕਰਦਾ ਅੱਜ ਖ਼ੁਦ ਜ਼ੀਰੋ ਹੋ ਗਿਆ ਹੈ । ਉਹਨਾਂ ਇਹ ਵੀ ਕਿਹਾ ਕਿ ਇਸ ਸਵਾਰਥੀ ਅਕਾਲੀ ਧਿਰ ਨੇ ਅਕਾਲੀ ਦਲ ਨੂੰ ਤੇ ਜੀਰੋ ਹਾਸ਼ੀਏ ਤੇ ਤਾਂ ਖੜਾ ਕੀਤਾ ਹੀ ਹੈ ਨਾਲ ਸਿੱਖਾਂ ਦੀ ਸਿਰਮੋਰ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਜੜੀਂ ਤੇਲ ਦੇ ਦਿੱਤਾ ਹੈ ਅਤੇ ਇਸਦੇ ਨਾਲ-ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਦਮਦਮੀ ਟਕਸਾਲ ਨੂੰ ਵੀ ਬਾਦਲਾਂ ਨੇ ਲੀਰੋ ਲੀਰ ਕਰਕੇ ਹੀਰੋ ਤੋਂ ਜ਼ੀਰੋ ਕੀਤਾ ਹੈ।