ਅਮ
ਜਥੇਦਾਰ ਸਿੱਖ ਪੰਥ ਦੀਆਂ ਅਕਾਂਖਿਆਵਾਂ ਦੀ ਤਰਜਮਾਨੀ ਲਈ ਅੱਗੇ ਆਵੇ ਤਾਂ ਸਵਾਗਤ ਹੈ : ਪ੍ਰੋ: ਸਰਚਾਂਦ ਸਿੰਘ ਖਿਆਲਾ।
ਅਮਰੀਕ ਸਿੰਘ
ਅੰਮ੍ਰਿਤਸਰ 19 setember
ਭਾਜਪਾ ਦੇ ਸਿੱਖ ਆਗੂ ਅਤੇ ਸਿੱਖ ਚਿੰਤਕ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਸਿੱਖ ਪੰਥ ਦੀਆਂ ਧਾਰਮਿਕ ਸੰਸਥਾਵਾਂ ਅਤੇ ਸਿਆਸੀ ਜਥੇਬੰਦੀਆਂ ਸਿੱਖ ਪੰਥ ਦੀਆਂ ਅਕਾਂਖਿਆਵਾਂ ਦੀ ਤਰਜਮਾਨੀ ਕਰਨ ਨਾਕਾਮ ਹੋ ਰਹੀਆਂ ਹਨ, ਅਜਿਹੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੀਰੀ ਪੀਰੀ ਦੇ ਸਿਧਾਂਤ ਮੁਤਾਬਿਕ ਪੰਥ ਦੀ ਅਗਵਾਈ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ, ਸਿੱਖ ਫ਼ਲਸਫ਼ੇ, ਸਿੱਖ ਇਤਿਹਾਸ ਤੇ ਮਾਣਮਤੀਆਂ ਸਿੱਖ ਪਰੰਪਰਾਵਾਂ ਦੇ ਪ੍ਰਚਾਰ ਪ੍ਰਸਾਰ, ਧਾਰਮਿਕ ਮਾਨਤਾਵਾਂ ਮਰਿਆਦਾ ਨਾਲ ਖਿਲਵਾੜ ਅਤੇ ਬੇਅਦਬੀਆਂ ਨਾਲ ਨਜਿੱਠਣ ’ਚ ਸਿੱਖ ਲੀਡਰਸ਼ਿਪ ਨਾਕਾਮ ਰਹੀ ਹੈ। ਅਜਿਹੀ ਸਥਿਤੀ ’ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੌਮ ਦੀ ਬਿਹਤਰੀ ਲਈ ਪੰਥ ਦੀ ਸਿਆਸੀ ਅਗਵਾਈ ਲਈ ਅੱਗੇ ਆਉਂਦੇ ਹਨ ਤਾਂ ਇਹ ਸਵਾਗਤ ਯੋਗ ਕਦਮ ਹੋਵੇਗਾ। ਉਨ੍ਹਾਂ ਜਥੇਦਾਰ ਦੇ ਭਾਜਪਾ ਆਗੂਆਂ ਨਾਲ ਸੰਬੰਧਾਂ ਪ੍ਰਤੀ ਚਰਚਾ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸਿੱਖ ਕੌਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਆਪਣਾ ਰੁਤਬਾ ਹੈ। ਜਿਸ ਪ੍ਰਤੀ ਦੇਸ਼ ਦੀਆਂ ਸੰਸਥਾਵਾਂ ’ਚ ਪੂਰਨ ਸਤਿਕਾਰ ਹੈ। ਇਕ ਜਥੇਦਾਰ ਵਜੋਂ ਉਨ੍ਹਾਂ ਦਾ ਪੰਥਕ ਮੁੱਦਿਆਂ ਬਾਰੇ ਚਿੰਤਤ ਹੋਣਾ ਕੁਦਰਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਵੱਲੋਂ ਜਥੇਦਾਰ ਨਾਲ ਸਦਭਾਵਨਾ ਵਜੋਂ ਕੀਤੀ ਗਈ ਮੀਟਿੰਗ ਬਾਰੇ ਸਭ ਜਾਣ ਦੇ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਕੁਝ ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਕੀਤਾ ਜਾ ਚੁੱਕਿਆ ਹੈ। ਪਰ ਕੁਝ ਅਜੇ ਵੀ ਜੇਲ੍ਹਾਂ ਵਿਚ ਹਨ। ਸਿੱਖ ਸੰਸਥਾਵਾਂ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਅਜਿਹੇ ਪੰਥਕ ਮਾਮਲਿਆਂ ਨੂੰ ਲੈ ਕੇ ਕੋਈ ਢਿੱਲਮੱਠ ਨਜ਼ਰ ਆਉਂਦੀ ਹੈ ਤਾਂ ਜਥੇਦਾਰ ਨੂੰ ਚਾਹੀਦਾ ਹੈ ਕਿ ਉਹ ਬਿਨਾ ਕਿਸੇ ਦੀ ਪ੍ਰਵਾਹ ਕੀਤਿਆਂ ਆਪਣੇ ਅਸਰ ਰਸੂਖ਼ ਅਤੇ ਰੁਤਬੇ ਦਾ ਇਸਤੇਮਾਲ ਪੰਥਕ ਹਿਤਾਂ ਲਈ ਕਰਨ । ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ’ਚ ਸਿਰਮੌਰ ਸੰਸਥਾ ਹੈ, ਜਿਸ ਦੀ ਤੁਲਨਾ ਸ਼੍ਰੋਮਣੀ ਕਮੇਟੀ ਜਾਂ ਇਕ ਦੂਜੇ ਤੋਂ ਉੱਚੇ ਨੀਵੇਂ ਹੋਣ ਨਾਲ ਨਹੀਂ ਕੀਤੀ ਜਾ ਸਕਦੀ। ਸ਼੍ਰੋਮਣੀ ਕਮੇਟੀ ਪੰਥ ਦੀ ਚੁਣੀ ਹੋਈ ਸੰਸਥਾ ਹੈ, ਜਿਸ ਦੀਆਂ ਆਪਣੀਆਂ ਹੱਦਾਂ ਹਨ। ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪੰਥਪ੍ਰਸਤ ਹਸਤੀ ਹਨ। ਜਿਸ ਨੇ ਸਿੱਖ ਸੰਸਥਾਵਾਂ ’ਤੇ ਕਬਜ਼ੇ ਨੂੰ ਲੈ ਕੇ ਆਪਸ ਵਿਚ ਭਿੜਨ ਦੀ ਥਾਂ ਸਿਰ ਜੋੜਨ ਦੇ ਜੁਗਤ ਦੀ ਵਕਾਲਤ ਕੀਤੀ। ਜਬਰੀ ਧਰਮ ਪਰਿਵਰਤਨ ਦੇ ਮੁੱਦੇ ’ਤੇ ਅਸਲ ਪਾਸਟਰਾਂ ਨਾਲ ਇਕੱਤਰਤਾ ਅਤੇ ਵਿਚਾਰਾਂ ਕਰਦਿਆਂ ਨਕਲੀ ਪਾਸਟਰਾਂ ਦਾ ਨਿਖੇੜਾ ਕੀਤਾ। ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਦੀ ਰਿਹਾਈ ’ਚ ਦੇਰੀ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਹਮੇਸ਼ਾਂ ਹੋਕਾ ਦੇਣ ਦੇ ਬਾਵਜੂਦ ਅਕਾਲੀ ਲੀਡਰਸ਼ਿਪ ਅਵੇਸਲੀ ਹੈ ਤਾਂ ਜਥੇਦਾਰ ਨੂੰ ਆਪਣਾ ਕੌਮੀ ਫਰਜ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਂ ਤਖਤਾਂ ਨੂੰ ਪੰਜ ਜਥੇਦਾਰ ਹੀ ਸੋਭਦੇ ਹਨ। ਇਸ ਲਈ ਸ਼੍ਰੋਮਣੀ ਕਮੇਟੀ ਨੂੰ ਚਾਹੀਦੀ ਹੈ ਕਿ ਆਪਣੀ ਲਿਆਕਤ ਦਾ ਲੋਹਾ ਮੰਨਵਾ ਚੁੱਕੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਪੰਥ ਨਾਲ ਵਿਚਾਰ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਕ ਫੁੱਲ ਟਾਈਮ ਜਥੇਦਾਰ ਦੇ ਦਿੱਤਾ ਜਾਵੇ।