ਐਨ ਕੇ ਸ਼ਰਮਾ ਤੇ ਪਰਮਬੰਸ ਸਿੰਘ ਰੋਮਾਣਾ ਨੇ ਐਸ ਐਸ ਪੀ ਨੂੰ ਸੌਂਪੀ ਸ਼ਿਕਾਇਤ
ਜਿਹੜੇ ਆਪ ਵਿਧਾਇਕਾਂ ਨੇ ਭਾਜਪਾ ਖਿਲਾਫ ਖਰੀਦੋ ਫਰੋਖ਼ਤ ਦੇ ਦੋਸ਼ ਲਾਏ, ਉਹਨਾਂ ਦੇ ਮੋਬਾਈਲ ਜ਼ਬਤ ਕੀਤੇ ਜਾਣ : ਅਕਾਲੀ ਦਲ
ਐਨ ਕੇ ਸ਼ਰਮਾ ਤੇ ਪਰਮਬੰਸ ਸਿੰਘ ਰੋਮਾਣਾ ਨੇ ਐਸ ਐਸ ਪੀ ਨੂੰ ਸੌਂਪੀ ਸ਼ਿਕਾਇਤ
ਕਿਹਾ ਕਿ ਜੇਕਰ ਮਾਮਲੇ ਵਿਚ ਸੱਚਾਈ ਹੈ ਤਾਂ ਫਿਰ ਇਸ ਵਿਚ ਸਖ਼ਤ ਕਾਰਵਾਈ ਕੀਤੀ ਜਾਵੇ ਪਰ ਜੇਕਰ ਦੋਸ਼ ਝੂਠੇ ਹਨ ਤਾਂ ਫਿਰ ਸਬੰਧਤ ਆਪ ਵਿਧਾਇਕਾਂ ਦੇ ਨਾਲ ਵਿੱਤ ਮੰਤਰੀ ਹਰਪਾਲ ਚੀਮਾ ਤੇ ਹੋਰਨਾਂ ਖਿਲਾਫ ਕੇਸ ਦਰਜ ਕੀਤਾ ਜਾਵੇ
ਅਮਰੀਕ ਸਿੰਘ
ਚੰਡੀਗੜ੍ਹ, 17 ਸਤੰਬਰ :
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੰਡੀਗੜ੍ਹ ਪੁਲਿਸ ਨੂੰ ਆਖਿਆ ਕਿ ਜਿਹੜੇ ਆਪ ਵਿਧਾਇਕਾਂ ਨੇ ਭਾਜਪਾ ’ਤੇ 25 ਕਰੋੜ ਰੁਪਏ ਪ੍ਰਤੀ ਵਿਧਾਇਕ ਦੀ ਪੇਸ਼ਕਸ਼ ਕਰ ਕੋ ਖਰੀਦੋ ਫਰੋਖ਼ਤ ਕਰਨ ਦੇ ਦੋਸ ਲਗਾਏ ਹਨ, ਉਹਨਾਂ ਦੇ ਮੋਬਾਈਲ ਜ਼ਬਤ ਹੋਣੇ ਚਾਹੀਦੇ ਹਨ ਤੇ ਲਾਏ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਵਾਸਤੇ ਇਹਨਾਂ ਮੋਬਾਈਲਾਂ ਦੀ ਫੋਰੈਂਸਿਕ ਜਾਂਚ ਹੋਣੀ ਚਾਹੀਦੀ ਹੈ।
ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਐਨ ਕੇ ਸ਼ਰਮਾ ਤੇ ਸ੍ਰੀ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਐਸ ਐਸ ਪੀ ਨੂੰ ਇਸ ਬਾਬਤ ਸ਼ਿਕਾਇਤ ਦੇ ਕੇ ਕਿਹਾ ਕਿ ਆਪ ਵੱਲੋਂ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਇਸ਼ਾਰੇ ’ਤੇ ਇਸਦੇ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਕਰਨ ਦੇ ਯਤਨਾਂ ਦੇ ਲਾਏ ਦੋਸ਼ ਗੰਭੀਰ ਹਨ ਅਤੇ ਇਹਨਾਂ ਦੀ ਡੂੰਘਾਈ ਨਾਲ ਜਾਂਚ ਜ਼ਰੂਰੀ ਹੈ। ਉਹਨਾਂ ਕਿਹਾ ਕਿ ਜੇਕਰ ਦੋਸ਼ ਸੱਚੇ ਹਨ ਤਾਂ ਫਿਰ ਭਾਜਪਾ ਆਗੂਆਂ ਤੇ ਹੋਰ ਦਲਾਲਾਂ ਦੇ ਖਿਲਾਫ ਕੇਸ ਦਰਜ ਹੋਣੇ ਚਾਹੀਦੇ ਹਨ। ਪਰ ਜਾਂਚ ਵਿਚ ਦੋਸ਼ ਗਲਤ ਪਾਏ ਗਏ ਤਾਂ ਫਿਰ ਸਾਰੇ ਆਪ ਵਿਧਾਇਕਾਂ ਦੇ ਨਾਲ ਨਾਲ ਵਿੱਤ ਮੰਤਰੀ ਸ੍ਰੀ ਹਰਪਾਲ ਚੀਮਾ ਤੇ ਹੋਰਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਜਿਹਨਾਂ ਨੇ ਖਰੀਦੋ ਫਰੋਖ਼ਤ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਹਨ।
ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਕਿਉਂਕਿ ਇਹ ਫੋਨ ਤੇ ਘਟਨਾਵਾਂ ਵਿਚੋਂ ਕੁਝ ਅਤੇ ਪ੍ਰੈਸ ਕਾਨਫਰੰਸਾਂ ਸ਼ਹਿਰ ਵਿਚ ਹੋਈਆਂ ਸਨ ਤਾਂ ਇਸ ਲਈ ਚੰਡੀਗੜ੍ਹ ਪੁਲਿਸ ਨੂੰ ਮਾਮਲੇ ਦੀ ਜਾਂਚ ਦਾ ਪੂਰਾ ਹੱਕ ਹੈ। ਉਹਨਾਂ ਕਿਹਾ ਕਿ ਇਕ ਵਿਧਾਇਕ ਸ਼ੀਲ ਅੰਗੂਰਾਲ ਨੇ ਤਾਂ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ’ਤੇ ਹਮਲਾ ਹੋਇਆ ਤੇ ਉਹਨਾਂ ਨੁੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਦੋਸ਼ਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤੇ ਵਿਧਾਇਕ ਨੂੰ ਹੋਏ ਹਮਲੇ ਦੇ ਸਮੇਂ ਤੇ ਸਥਾਨ ਦੇ ਨਾਲ ਨਾਲ ਜਾਨੋਂ ਮਾਰਨ ਦੀ ਧਮਕੀ ਦੇਣ ਬਾਰੇ ਵੇਰਵੇ ਪੁੱਛੇ ਜਾਣੇ ਚਾਹੀਦੇ ਹਨ।
ਸ੍ਰੀ ਸ਼ਰਮਾ ਨੇ ਕਿਹਾ ਕਿ ਇਹ ਮਾਮਲਾ ਪੰਜਾਬੀਆਂ ਦੇ ਸਵੈ ਮਾਣ ਦਾ ਹੈ। ਉਹਨਾਂ ਕਿਹਾ ਕਿ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿਧਾਇਕ ਆਪ ਹੀ ਭਾਜਪਾ ਅੱਗੇ ਆਪਣੇ ਆਪ ਨੂੰ ਵੇਚਣ ਲਈ ਪੇਸ਼ਕਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਦੋਸ਼ ਆਪਦੇ ਆਪ ਵਿਚ ਸ਼ੱਕੀ ਹਨ ਕਿਉਂਕਿ ਭਾਜਪਾ 10 ਜਾਂ ਵੱਧ ਵਿਧਾਇਕਾਂ ਦੀ ਖਰੀਦ ਨਾਲ ਵੀ ਆਪਣੇ ਕਿਸੇ ਵਿਧਾਇਕ ਨੂੰ ਮੁੱਖ ਮੰਤਰੀ ਨਹੀਂ ਬਣਾ ਸਕਦੀ। ਉਹਨਾਂ ਕਿਹਾ ਕਿ ਸਿਆਸੀ ਲਾਹਾ ਲੈਣ ਵਾਸਤੇ ਇਸ ਮੁੱਦੇ ਦਾ ਵਿਵਾਦ ਖੜ੍ਹਾ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ। ਉਹਨਾਂ ਕਿਹਾ ਕਿ ਆਪ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਾਂਗਰਸ ਦੇ ਵਿਧਾਇਕ ਵਿਕਾਊ ਹਨ ਪਰ ਉਹਨਾਂ ਦੇ ਵਿਧਾਇਕ ਦਿੱਲੀ ਤੇ ਪੰਜਾਬ ਵਿਚ ਪਾਰਟੀ ਨਾਲ ਡੱਟ ਕੇ ਖੜ੍ਹੇ ਹਨ ਅਤੇ ਉਹਨਾਂ ਨੇ ਉਹਨਾਂ ਦੀ ਵਫਾਦਾਰੀ ਖਰੀਦਣ ਲਈ ਹੋਏ ਯਤਨਾਂ ਨੂੰ ਠੋਕਰ ਮਾਰ ਦਿੱਤੀ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਆਪ ਨੇ ਅਜਿਹਾ ਹੀ ਡਰਾਮਾ ਦਿੱਲੀ ਵਿਚ ਕੀਤਾ ਸੀ ਜਿਥੇ ਇਸਨੇ ਦਾਅਵਾ ਕੀਤਾ ਸੀ ਕਿ ਇਸਦੇ ਵਿਧਾਇਕਾਂ ਨੂੰ ਖਰੀਦਣ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਇਸੇ ਸੂਬਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਸਰਕਾਰ ਦੇ ਹੱਕ ਵਿਚ ਭਰੋਸੇ ਦਾ ਵੋਟ ਹਾਸਲ ਕਰਨ ਦਾ ਡਰਾਮਾ ਕੀਤਾ ਸੀ। ਉਹਨਾਂ ਕਿਹਾ ਕਿ ਪਾਰਟੀ ਆਪਣੇ ਆਪ ਨੂੰ ਪੰਜਾਬ ਵਿਚ ਵੀ ਇਹ ਡਰਾਮਾ ਕਰਨ ਵਾਸਤੇ ਤਿਆਰ ਕਰ ਰਹੀ ਜਾਪਦੀ ਹੈ।
ਅਕਾਲੀ ਆਗੂ ਨੇ ਆਪ ਸਰਕਾਰ ਨੂੰ ਇਹ ਵੀ ਆਖਿਆ ਕਿ ਉਹ ਸਾਰੇ ਕੇਸ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਵਾਸਤੇ ਆਪਣੀ ਸਹਿਮਤੀ ਦੇਵੇ। ਉਹਨਾਂ ਕਿਹਾ ਕਿ ਜੇਕਰ ਆਪ ਸਰਕਾਰ ਕੋਲ ਮਾਮਲੇ ਵਿਚ ਲੁਕਾਉਣ ਲਈ ਕੁਝ ਨਹੀਂ ਹੈ ਤਾਂ ਫਿਰ ਇਸਨੂੰ ਹਾਈ ਕੋਰਟ ਵੱਲੋਂ ਮਾਮਲੇ ਦੀ ਜਾਂਚ ਕਰਨ ਵਾਸਤੇ ਬੇਨਤੀ ਕਰਨ ਤੋਂ ਡਰਨਾ ਨਹੀਂ ਚਾਹੀਦਾ।
ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਕਿ ਇਹਨਾਂ ਦੋਸ਼ਾਂ ਜਿਹਨਾਂ ਵਿਚ ਆਪ ਵਿਧਾਇਕਾਂ ਨੂੰ ਖਰੀਦਣ ਲਈ ਉਹਨਾਂ ਦਾ ਨਾਂ ਵੀ ਵਿਚ ਲਿਆ ਜਾ ਰਿਹਾ ਹੈ, ਦੀ ਡੂੰਘਾਈ ਨਾਲ ਜਾਂਚ ਕਰਵਾਉਣ। ਉਹਨਾਂ ਕਿਹਾ ਕਿ ਇਹ ਸਿਰਫ ਇਕ ਪਾਰਟੀ ਵਿਸ਼ੇਸ਼ ਦਾ ਮਾਮਲਾ ਨਹੀਂ ਬਲਕਿ ਲੋਕਤੰਤਰ ਤੇ ਇਸਦੀ ਬੁਨਿਆਦ ਲਈ ਚੁਣੌਤੀ ਹੈ।