Breaking News

ਦਿੱਲੀ ਵਾਂਗ ਭਰੋਸੇ ਦਾ ਵੋਟ ਲੈਣ ਲਈ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦਾ ਡਰਾਮਾ ਪੰਜਾਬ ਵਿਚ ਵੀ ਹੋ ਸਕਦਾ ਹੈ : ਮਜੀਠੀਆ

ਆਪ ਵੱਲੋਂ ਇਸਦੇ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਦੇ ਭਾਜਪਾ ’ਤੇ ਲਾਏ ਦੋਸ਼ਾਂ ਦੀ ਸੀ ਬੀ ਆਈ ਅਤੇ ਈ ਡੀ ਜਾਂਚ ਹੋਵੇ : ਬਿਕਰਮ ਸਿੰਘ ਮਜੀਠੀਆ
ਕਿਹਾ ਕਿ ਅਕਾਲੀ ਦਲ ਭਲਕੇ ਚੰਡੀਗੜ੍ਹ ਪੁਲਿਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਏਗਾ
ਕਿਹਾ ਕਿ ਦਿੱਲੀ ਵਾਂਗ ਭਰੋਸੇ ਦਾ ਵੋਟ ਲੈਣ ਲਈ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦਾ ਡਰਾਮਾ ਪੰਜਾਬ ਵਿਚ ਵੀ ਹੋ ਸਕਦਾ ਹੈ : ਮਜੀਠੀਆ

AMRIK SINGH

ਚੰਡੀਗੜ੍ਹ, 15 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜਮੰਗ ਕੀਤੀ ਕਿ ਵਿੱਤ ਮੰਤਰੀ ਸ੍ਰੀ ਹਰਪਾਲ ਚੀਮਾ ਵੱਲੋਂ ਭਾਜਪਾ ’ਤੇ ਇਸਦੇ 10 ਵਿਧਾਇਕਾਂ ਨੂੰ 25, 25 ਕਰੋੜ ਰੁਪਏ ਦੀ ਪੇਸ਼ਕਸ਼ ਕਰ ਕੇ ਖਰੀਦੋ ਫਰੋਖ਼ਤ ਕਰਨ ਦੇ ਲਾਏ ਦੋਸ਼ਾਂ ਦੀ ਸੀ ਬੀ ਆਈ ਅਤੇ ਈ ਡੀ ਜਾਂਚ ਹੋਣੀ ਚਾਹੀਦੀ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਜਿਹਾ ਬਹੁਤ ਲਾਜ਼ਮੀ ਹੈ ਕਿਉਂਕਿ ਆਪ ਸਰਕਾਰ ਨੇ ਨਾ ਤਾਂ ਇਸ ਕੇਸ ਸਬੰਧੀ ਦਰਜ ਹੋਈ ਐਫ ਆਈ ਆਰ ਹੀ 24 ਘੰਟੇ ਲੰਘਣ ਮਗਰੋਂ ਜਨਤਕ ਕੀਤੀ ਹੈ ਤੇ ਨਾ ਹੀ ਭਾਜਪਾ ਦੇ ਕਿਸੇ ਆਗੂ ਜਾਂ ਕਿਸੇ ਵਿਚੋਲੇ ਖਿਲਾਫ ਕੋਈ ਕਾਰਵਾਈ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਕਦੇ ਵੀ ਇਸ ਪੱਧਰ ’ਤੇ ਰਿਸ਼ਵਤਖੋਰੀ ਦੇ ਦੋਸ਼ ਨਹੀਂ ਲੱਗੇ ਅਤੇ ਮਾਮਲੇ ਵਿਚ ਪੰਜਾਬ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ, ਇਸ ਲਈ ਇਹ ਕੇਸ ਕੇਂਦਰੀ ਏਜੰਸੀਆਂ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਮਾਮਲੇ ’ਤੇ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ।
ਸਰਦਾਰ ਮਜੀਠੀਆ ਨੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਕਿ ਉਹਨਾਂ ਦਾ ਨਾਂ ਵੀ ਆਪ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਲਈ ਯਤਨਾਂ ਵਿਚ ਆ ਰਿਹਾ ਹੈ ਤਾਂ ਇਸ ਲਈ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਗੱਲ ਸਿਰਫ ਕਿਸੇ ਇਕ ਪਾਰਟੀ ਦੀ ਨਹੀਂ ਹੈ ਬਲਕਿ ਇਹ ਲੋਕਤੰਤਰ ਅਤੇ ਇਸਦੀ ਬੁਨਿਆਦ ਨੂੰ ਦਰਪੇਸ਼ ਚੁਣੌਤੀ ਦੀ ਗੱਲ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਆਪਣੇ ਵੱਲੋਂ ਇਸ ਮਾਮਲੇ ’ਤੇ ਭਲਕੇ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਏਗਾ ਤਾਂ ਜੋ ਸਾਰੇ ਕੇਸ ਦੀ ਡੂੰਘਾਈ ਨਾਲ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਤੇ ਉਹਨਾਂ ਦੇ ਸੱਚ ਜਾਨਣ ਦੇ ਹੱਕ ਅਨੁਸਾਰ ਜਾਂਚ ਹੋਵੇ।
ਅਕਾਲੀ ਆਗੂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਸਮੁੱਚੇ ਰਿਸ਼ਵਤਖੋਰੀ ਮਾਮਲੇ ਵਿਚ ਕਈ ਤਰ੍ਹਾਂ ਦੇ ਪਹਿਲੂ ਸਾਹਮਣੇ ਆ ਰਹੇ ਹਨ। ਵੱਖ ਵੱਖ ਆਗੂ ਵੱਖ ਵੱਖ ਅੰਕੜੇ ਦੱਸ ਰਹੇ ਹਨ। ਜਿਥੇ ਸ੍ਰੀ ਚੀਮਾ ਦਾ ਕਹਿਣਾ ਹੈ ਕਿ 10 ਵਿਧਾਇਕਾਂ ਕੋਲ ਪਹੁੰਚ ਕੀਤੀ ਗਈ ਤਾਂ ਮੁੱਖ ਮੰਤਰੀ ਨੇ ਇਹ ਗਿਣਤੀ ਛੇ ਜਾਂ ਸੱਤ ਦੱਸੀ ਹੈ ਜਦੋਂ ਕਿ ਮੰਤਰੀ ਸ੍ਰੀ ਅਮਨ ਅਰੋੜਾ ਨੇ ਗਿਣਤੀ 35 ਦੱਸੀ ਹੈ। ਉਹਨਾਂ ਇਹ ਵੀ ਕਿਹਾ ਕਿ ਆਪ ਲੀਡਰਸ਼ਿਪ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਦਾ ਇਲੈਕਟ੍ਰਾਨਿਕ ਸਬੂਤ ਹੈ ਪਰ ਇਹ ਜਨਤਕ ਤੌਰ ’ਤੇ ਸਾਂਝੇ ਨਹੀਂ ਕੀਤੇ ਗਏ।
ਸਰਦਾਰ ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਸੂਬੇ ਦੇ ਸਰਕਾਰੀ ਖਜ਼ਾਨੇ ਦੇ ਸਿਰ ’ਤੇ ਇਕ ਹੋਰ ਡਰਾਮਾ ਕਰਨ ਦੀ ਤਿਆਰੀ ਵਿਚ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਦਿੱਲੀ ਵਿਚ ਹੋਇਆ, ਪੰਜਾਬ ਵਿਚ ਵੀ ਭਰੋਸੇ ਦੀ ਵੋਟ ਲੈਣ ਲਈ ਵਿਸ਼ੇਸ਼ ਸੈਸ਼ਨ ਸੱਦਣ ਦਾ ਡਰਾਮਾ ਰਚਿਆ ਜਾ ਸਕਦਾ ਹੈ।
ਸਰਦਾਰ ਮਜੀਠੀਆ ਨੇ ਇਹਨਾਂ ਸਾਰੇ ਦੋਸ਼ਾਂ ਪਿੱਛੇ ਆਪ ਦੇ ਆਗੂ ਸ਼ੀਤਲ ਅੰਗਰੂਾਲ ਦੀ ਭੂਮਿਕਾ ’ਤੇ ਵੀ ਸਵਾਲ ਚੁੱਕੇ। ਉਹਨਾਂ ਕਿਹਾ ਕਿ ਵਿੱਤ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਅੰਗੂਰਾਲ ’ਤੇ ਹਮਲਾ ਹੋਇਆ ਹੈ ਪਰ ਇਹ ਜਾਣਕਾਰੀ ਜਨਤਕ ਤੌਰ ’ਤੇ ਸਾਂਝੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਅੰਗੂਰਾਲ ਨੂੰ ਭਾਜਪਾ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਹਨਾਂ ਨੇ ਅੰਗੂਰਾਲ ਦੀਆਂ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਸਿਖਰਲੇ ਆਗੂਆਂ ਨਾਲ ਕਈ ਤਸਵੀਰਾਂ ਵਿਖਾਈਆਂ ਜਿਸ ਤੋਂ ਸਾਬਤ ਹੁੰਦਾ ਹੈ ਕਿ ਅੰਗੂਰਾਲ ਦੇ ਭਾਜਪਾ ਨਾਲ ਨਜ਼ਦੀਕੀ ਰਿਸ਼ਤੇ ਹਨ। ਉਹਨਾਂ ਇਹ ਵੀ ਦੱਸਿਆ ਕਿ ਅੰਗੂਰਾਲ ਦੇ ਬਿਆਨ ’ਤੇ ਇਸ ਕਰ ਕੇ ਵੀ ਵਿਸਾਹ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸਦੇ ਖਿਲਾਫ 9 ਫੌਜਦਾਰੀ ਕੇਸ ਦਰਜ ਹਨ ਜਿਹਨਾਂ ਵਿਚ ਨਾਬਾਲਗ ਲੜਕੀ ਨੂੰ ਅਗਵਾ ਕਰਨ, ਇਰਾਦਾ ਕਤਲ, ਜੂਆ ਖੇਡਣ ਤੇ ਨਜਾਇਜ਼ ਸ਼ਰਾਬ ਦੀ ਵਿਕਰੀ ਸ਼ਾਮਲ ਹਨ।
ਇਕ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਵਿਚ ਬੀ ਐਮ ਡਬਲਿਊ ਕਾਰ ਦਾ ਉਤਪਾਦਨ ਪਲਾਂਟ ਲੱਗਣ ਦਾ ਦਾਅਵਾ ਕਰ ਕੇ ਪੰਜਾਬ ਦਾ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਹੈ। ਉਹਨਾਂ ਨੇ ਅਗਨੀਪਥ ਸਕੀਮ ’ਤੇ ਦੋਹਰੇ ਮਾਪਦੰਡ ਅਪਣਾਉਣ ’ਤੇ ਵੀ ਆਪ ਸਰਕਾਰ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਸਕੀਮ ਦਾ ਵਿਰੋਧ ਕੀਤਾ ਸੀ ਪਰ ਹੁਣ ਇਸਦੀ ਹਮਾਇਤ ਕਰ ਰਹੇ ਹਨ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …