ਪਾਕਿਸਤਾਨ ਵਿੱਚ ਹਿੰਦੂ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਠੋਸ ਕਦਮ ਚੁੱਕੇ: ਪ੍ਰੋ. ਸਰਚਾਂਦ ਸਿੰਘ ਖਿਆਲਾ।GURSHARAN SANDHU AND AMRIK SINGHਅੰਮ੍ਰਿਤਸਰ 22 ਅਗਸਤ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪਾਕਿਸਤਾਨ ਅੰਦਰ ਘੱਟਗਿਣਤੀ ਭਾਈਚਾਰੇ ਉੱਤੇ ਕੱਟੜਪੰਥੀਆਂ ਦੇ ਲਗਾਤਾਰ ਵਧ ਰਹੇ ਹਮਲਿਆਂ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਭਾਰਤੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਮਾਮਲਿਆਂ ’ਚ ਦਖ਼ਲ ਦਿੰਦਿਆਂ ਪਾਕਿਸਤਾਨ ’ਚ ਘੱਟਗਿਣਤੀ ਹਿੰਦੂ ਸਿੱਖ ਅਤੇ ਈਸਾਈਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿਸਤਾਨ ਦੇ ਹਮਰੁਤਬੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਕੋਲ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬੁਨੇਰ ਜ਼ਿਲ੍ਹੇ 'ਚ ਸਿੱਖ ਅਧਿਆਪਕਾ ਦੀਨਾ ਕੌਰ ਨੂੰ ਅਗਵਾ ਕਰਕੇ ਜ਼ਬਰਦਸਤੀ ਇਸਲਾਮ ਕਬੂਲ ਕਰਵਾ ਜ਼ਬਰੀ ਧਰਮ ਪਰਿਵਰਤਨ ਕਰਦਿਆਂ ਕਿਸੇ ਮੁਸਲਮਾਨ ਨਾਲ ਨਿਕਾਹ ਕੀਤੇ ਜਾਣ ਦਾ ਮਾਮਲਾ ਕੂਟਨੀਤਕ ਪੱਧਰ ’ਤੇ ਉਠਾਉਂਦਿਆਂ ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਲੜਕੀ ਨੂੰ ਉਸ ਦੇ ਪਰਿਵਾਰ ਕੋਲ ਸੁਰੱਖਿਅਤ ਪਹੁੰਚਾਉਣ ਪ੍ਰਤੀ ਕਾਰਵਾਈ ਅਮਲ ’ਚ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਸੂਬਾ ਸਿੰਧ ਦੇ ਤਾਰੀਕੀ ਪਸੰਦ ਪਾਰਟੀ ਦੇ ਹਿੰਦੂ ਯੂਥ ਆਗੂ ਪਵਨ ਮੱਲ੍ਹੀ ਪੁੱਤਰ ਘਣਸ਼ਾਮ ਮੱਲ੍ਹੀ ਦੀ ਰਿਹਾਇਸ਼ੀ ਪਲਾਟ ’ਤੇ ਕਬਜ਼ਾ ਕਰਦਿਆਂ ਉਸ ’ਤੇ ਕੱਟੜਪੰਥੀਆਂ ਵੱਲੋਂ ਕਾਤਲਾਨਾ ਹਮਲਾ ਕੀਤੇ ਜਾਣ ਦੀ ਨਿਖੇਧੀ ਕੀਤੀ । ਸੂਬੇ ਦੇ ਜ਼ਿਲ੍ਹਾ ਟੰਡੋ ਅੱਲ੍ਹਾ ਯਾਰ ਦੇ ਪਿੰਡ ਕਰਿਆਸ਼ਖ ’ਚ ਭੂਰੀ ਕੋਲ੍ਹੀ ਨਾਮੀ ਔਰਤ ਦੀ ਭੇਦਭਰੇ ਹਾਲਾਤ ’ਚ ਮੌਤ ਹੋਣ ਅਤੇ ਸੂਬੇ ਦੇ ਪਿੰਡ ਝੰਡਾਸ਼ਖ ਨਿਵਾਸੀ ਕ੍ਰਿਸ਼ਨ ਮੇਘਵਾਰ ਨਾਂ ਦੇ ਹਿੰਦੂ ਨੌਜਵਾਨ ਦੀ ਲਾਸ਼ ਪਿੰਡ ਰਾਣੀਪੁਰ ਦੀਆਂ ਰੇਲਵੇ ਲਾਈਨਾਂ ਦੇ ਨੇੜਿਉਂ ਮਿਲਣ ਦੀਆਂ ਦੁਖਦਾਇਕ ਘਟਨਾਵਾਂ ਨਾਲ ਸੰਬੰਧਿਤ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ। ਉਨ੍ਹਾਂ ਘੱਟਗਿਣਤੀ ਵਰਗਾਂ ਨਾਲ ਹੋ ਰਹੇ ਵੱਡੇ ਅਨਿਆਂ ਵਿਰੁੱਧ ਸਮੂਹ ਵਿਸ਼ਵ ਭਾਈਚਾਰੇ ਨੂੰ ਅਵਾਜ਼ ਉਠਾਉਣ ਦਾ ਸਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਕੱਟੜਪੰਥੀਆਂ ’ਤੇ ਸਰਕਾਰ ਦਾ ਕੋਈ ਨਿਯੰਤਰਨ ਨਹੀਂ ਰਿਹਾ ਹੈ। ਜਿਸ ਕਰਕੇ ਹਿੰਦੂ ਸਿੱਖਾਂ ਵਿਰੁੱਧ ਅਜਿਹੀਆਂ ਹਰਕਤਾਂ ਲਗਾਤਾਰ ਜਾਰੀ ਹਨ। ਪ੍ਰੋ. ਖਿਆਲਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਆਪਣੀ ਤਰੱਕੀ ਅਤੇ ਆਰਥਿਕ ਖ਼ੁਸ਼ਹਾਲੀ ਲਈ ਹਰ ਸੰਭਵ ਯਤਨ ਕਰਨ ਦੇ ਬਾਵਜੂਦ ਹਰ ਖੇਤਰ ਵਿੱਚ ਜ਼ਾਲਮ ਨਿਜ਼ਾਮ ਕਾਰਨ ਹਿੰਦੂ-ਸਿੱਖ ਭਾਈਚਾਰਾ ਕਦੇ ਵੀ ਸੁਖਾਵਾਂ ਸਥਿਤੀ ਵਿੱਚ ਨਹੀਂ ਰਿਹਾ। ਨਿਰਦੋਸ਼ ਹਿੰਦੂ ਸਿੱਖਾਂ ਦਾ ਕਤਲ ਅਤੇ ਘੱਟ ਗਿਣਤੀਆਂ ਦੇ ਹੱਕਾਂ ਲਈ ਬੋਲਣ ਵਾਲੇ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨਾ ਪਾਕਿਸਤਾਨ ਵਿੱਚ ਆਮ ਵਰਤਾਰਾ ਬਣ ਗਿਆ ਹੈ। ਕੱਟੜਪੰਥੀਆਂ ਨੂੰ ਆਮ ਤੌਰ 'ਤੇ ਗ੍ਰਿਫ਼ਤਾਰ ਵੀ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਭਾਵੇਂ ਇਸਲਾਮ ਇੱਕ ਨਿਰਦੋਸ਼ ਵਿਅਕਤੀ ਦੀ ਹੱਤਿਆ ਨੂੰ ਸਮੁੱਚੇ ਬ੍ਰਹਿਮੰਡ ਦੀ ਹੱਤਿਆ ਮੰਨਦਾ ਹੈ, ਪਰ ਪਾਕਿਸਤਾਨ ਦੇ ਕੱਟੜਪੰਥੀਆਂ ਲਈ ਹਿੰਦੂ ਅਤੇ ਸਿੱਖ ਕਾਫਿਰ ਹਨ ਅਤੇ ਕਾਫ਼ਰਾਂ ਦਾ ਜ਼ੁਲਮ ਉਨ੍ਹਾਂ ਲਈ 'ਸਵਾਬ' ਹੈ। ਇਸ ਦੀ ਜੜ੍ਹ ਵਿਚ ਪਾਕਿਸਤਾਨ ਦੀ ਨੁਕਸਦਾਰ ਇਸਲਾਮੀ ਕੱਟੜਪੰਥੀ ਸਿੱਖਿਆ ਪ੍ਰਣਾਲੀ ਹੈ, ਜਿਸ ਨੂੰ ਖਾਸ ਕਰਕੇ ਮਦਰੱਸਿਆਂ ਰਾਹੀਂ ਪ੍ਰਚਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਘੱਟਗਿਣਤੀਆਂ ਵਿਰੁੱਧ ਕਾਰੇ ’ਚ ਸ਼ਾਮਿਲ ਕੱਟੜਪੰਥੀਆਂ ’ਤੇ ਸਖ਼ਤ ਕਾਰਵਾਈ ਨਾ ਕਰਕੇ ਉਨ੍ਹਾਂ ਦੀ ਫਿਰਕੂ ਸੋਚ ਨੂੰ ਉਤਸ਼ਾਹਿਤ ਕਰਨ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਘੱਟ ਗਿਣਤੀ ਸਿੱਖ, ਹਿੰਦੂ ਅਤੇ ਹੋਰ ਭਾਈਚਾਰੇ ਦੀਆਂ ਕੁੜੀਆਂ ਨੂੰ ਅਗਵਾ ਕਰਨ, ਧਰਮ ਪਰਿਵਰਤਨ ਅਤੇ ਫਿਰ ਅਗਵਾਕਾਰਾਂ ਨਾਲ ਵਿਆਹ ਕਰਨਾ ਆਮ ਵਰਤਾਰਾ ਹੋ ਚੁੱਕਿਆ ਹੈ। ਬਹੁਤੇ ਮਾਮਲਿਆਂ ’ਚ ਕੁੜੀਆਂ ਦੇ ਪਰਿਵਾਰਾਂ ਨੂੰ ਚੁੱਪ ਰਹਿਣ ਲਈ ਦਬਾਅ ਪਾਇਆ ਜਾਂਦਾ ਹੈ ਅਤੇ ਦੀਨਾ ਕੌਰ ਮਾਮਲੇ ’ਚ ਵੀ ਅਜਿਹਾ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਪੀੜਤ ਧਿਰ ਦੀ ਮੰਗ ’ਤੇ ਪੁਲਸ ਵੱਲੋਂ ਐੱਫ.ਆਈ.ਆਰ. ਤੱਕ ਦਰਜ ਨਹੀਂ ਕੀਤੀ ਗਈ। ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਮਈ ਦੇ ਮਹੀਨੇ ’ਚ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਸਰਬੰਦ ਦੇ ਬਾਟਾ ਬਾਜ਼ਾਰ ਵਿੱਚ ਹਥਿਆਰਬੰਦ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਮਸਾਲੇ ਵੇਚਣ ਵਾਲੇ ਦੋ ਸਿੱਖ ਦੁਕਾਨਦਾਰਾਂ ਕੁਲਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ ‘ਬੇਰਹਿਮੀ ਨਾਲ ਕਤਲ ਕਰ ਦਿੱਤੇ ਗਏ। ਹਸਨ ਅਬਦਾਲ ਦੇ ਰਹਿਣ ਵਾਲੇ 45 ਸਾਲਾ ਸਿੱਖ ਡਾਕਟਰ ਸਤਨਾਮ ਸਿੰਘ ਦੀ ਪਿਸ਼ਾਵਰ ਵਿੱਚ ਆਪਣੇ ਕਲੀਨਿਕ ਵਿੱਚ ਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਪਹਿਲਾਂ ਕੱਟੜਪੰਥੀ ਦਰਜਨਾਂ ਸਿੱਖਾਂ ਨੂੰ ਬੇਰਹਿਮੀ ਨਾਲ ਮਾਰ ਚੁੱਕੇ ਹਨ। 2018 ਵਿੱਚ, ਚਰਨਜੀਤ ਸਿੰਘ, 2020 ਵਿੱਚ, ਇੱਕ ਨਿਊਜ਼ ਚੈਨਲ ਦੇ ਐਂਕਰ ਰਵਿੰਦਰ ਸਿੰਘ ਅਤੇ 2016 ਵਿੱਚ, ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਸੋਰੇਨ ਸਿੰਘ ਦੀ ਪੇਸ਼ਾਵਰ ਵਿੱਚ ਤਾਲਿਬਾਨ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਇਸੇ ਤਰ੍ਹਾਂ 2009 ਵਿੱਚ 11 ਸਿੱਖ ਪਰਿਵਾਰਾਂ ਦੇ ਘਰ ਤਬਾਹ ਕਰ ਦਿੱਤੇ ਗਏ ਸਨ ਅਤੇ ਜਜ਼ੀਆ ਨਾ ਦੇਣ ਕਾਰਨ ਸਿੱਖ ਨੌਜਵਾਨ ਜਸਪਾਲ ਸਿੰਘ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ। ਸਾਲ 2010 ਵਿੱਚ ਪੇਸ਼ਾਵਰ ਵਿੱਚ ਇੱਕ ਸਿੱਖ ਨੌਜਵਾਨ ਰਵਿੰਦਰ ਸਿੰਘ ਜੋ ਕਿ ਆਪਣੇ ਵਿਆਹ ਦੀ ਖਰੀਦਦਾਰੀ ਕਰਨ ਆਏ ਸਨ, ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਨਾਲ ਪਾਕਿਸਤਾਨ ਵਿੱਚ ਰਹਿੰਦੇ ਮੁੱਠੀ ਭਰ ਹਿੰਦੂ ਸਿੱਖਾਂ ਵਿੱਚ ਦਹਿਸ਼ਤ ਫੈਲ ਗਈ। ਪਾਕਿਸਤਾਨ ਹੁਣ ਆਪਣੇ ਵਿਆਪਕ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਵਿਆਪਕ ਵਿਤਕਰੇ ਲਈ ਜਾਣਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੇ ਇੱਕ ਪੈਨਲ ਨੇ ਵੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀ ਧਾਰਮਿਕ ਆਜ਼ਾਦੀ ਖਤਰੇ ਵਿੱਚ ਹੈ। ਉਨ੍ਹਾਂ ਸਰਕਾਰ ਨੂੰ ਹਿੰਦੂ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਲਈ ਸਮੇਂ ਸਿਰ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪਾਕਿਸਤਾਨ ਅੰਦਰ ਅਜਿਹੀਆਂ ਘਟਨਾਵਾਂ ਨਾ ਰੋਕੀਆਂ ਗਈਆਂ ਤਾਂ ਘੱਟਗਿਣਤੀ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਵਧੇਗੀ। ਜੋ ਕਿ ਪਾਕਿਸਤਾਨ ਲਈ ਵਿਸ਼ਵ ਭਾਈਚਾਰੇ ’ਚ ਬਦਨਾਮੀ ਤੇ ਨਮੋਸ਼ੀ ਦਾ ਕਾਰਨ ਬਣੇਗਾ।