ਤੀਆਂ ਪੰਜਾਬੀ ਸਭਿਆਚਾਰ ਵਿਚ ਸਾਂਝ ਦਾ ਪ੍ਰਤੀਕ: ਡਾ. ਮਨਜਿੰਦਰ ਸਿੰਘAMRIK SINGHਅੰਮ੍ਰਿਤਸਰ, 10 ਅਗਸਤ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਅੱਜ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੀ ਸ਼ੁਰੂਆਤ ਵਿੱਚ ਵਿਦਿਆਰਥੀਆਂ ਤੇ ਖੋਜ ਵਿਦਿਆਰਥੀਆਂ ਵੱਲੋਂ ਫੁਲਕਾਰੀ ਦੀ ਰਸਮ ਨਾਲ ਡਾ. ਮਨਜਿੰਦਰ ਸਿੰਘ ਮੁਖੀ, ਪੰਜਾਬੀ ਅਧਿਐਨ ਸਕੂਲ ਅਤੇ ਸਮੂਹ ਅਧਿਆਪਕ ਸਾਹਿਬਾਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੁਖੀ ਪੰਜਾਬੀ ਅਧਿਐਨ ਸਕੂਲ ਡਾ ਮਨਜਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਅਕਾਦਮਿਕ ਅਤੇ ਸਭਿਆਚਾਰਕ ਗਤੀਵਿਧੀਆਂ ਉੱਪਰ ਰੌਸ਼ਨੀ ਪਾਉਂਦਿਆਂ ਮਾਣਯੋਗ ਉਪਕੁਲਪਤੀ ਡਾ ਜਸਪਾਲ ਸਿੰਘ ਸੰਧੂ ਦੀ ਅਗਵਾਈ ਵਿਚ ਹੋਏ ਵੱਖ ਵੱਖ ਸਮਾਗਮਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਤੀਆਂ ਦੇ ਤਿਉਹਾਰ ਦੀ ਸੱਭਿਆਚਾਰਕ ਪ੍ਰਸੰਗਿਕਤਾ ਬਾਰੇ ਵਿਚਾਰ ਪੇਸ਼ ਕਰਦਿਆਂ ਇਸ ਨੂੰ ਧੀਆਂ ਦਾ ਤਿਉਹਾਰ ਆਖਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਵਿਚ ਇਸ ਤਿਉਹਾਰ ਨੂੰ ਵਿਆਹੀਆਂ ਅਤੇ ਅਣਵਿਆਹੀਆਂ ਕੁੜੀਆਂ ਸਮੂਹਿਕ ਰੂਪ ਵਿਚ ਮਨਾਉਂਦੀਆਂ ਹਨ ਜਿਸ ਕਰਕੇ ਇਸ ਤਿਉਹਾਰ ਨੂੰ ਪੰਜਾਬੀ ਸਭਿਆਚਾਰ ਵਿਚ ਸਾਂਝ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ।ਵਿਭਾਗ ਦੇ ਸੀਨੀਅਰ ਅਧਿਆਪਕ ਡਾ ਰਮਿੰਦਰ ਕੌਰ ਨੇ ਕਿਹਾ ਕਿ ਇਹ ਤਿਉਹਾਰ ਇੱਕ ਪਾਸੇ ਸਾਡੀ ਸੱਭਿਆਚਾਰਕ ਪਰੰਪਰਾ ਨਾਲ ਵੀ ਸਬੰਧ ਰੱਖਦਾ ਹੈ ਅਤੇ ਦੂਜੇ ਪਾਸੇ ਮਨੋਰੰਜਨ ਦਾ ਇੱਕ ਅਹਿਮ ਸਾਧਨ ਹੈ। ਇਸ ਸਮੇਂ ਸਮੂਹ ਅਧਿਆਪਕ ਸਾਹਿਬਾਨ ਖੋਜ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਨੇ ਰਸਮ ਦੇ ਤੌਰ ਉੱਪਰ ਪੀਂਘ ਝੂਟੀ। ਇਸ ਉਪਰੰਤ ਵਿਭਾਗ ਦੇ ਖੋਜ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਨੇ ਲੋਕ ਗੀਤ, ਗੀਤ, ਗਿੱਧਾ, ਭੰਗੜਾ, ਬੋਲੀਆਂ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕਰ ਕੇ ਸਮਾਗਮ ਨੂੰ ਹੋਰ ਮਨੋਰੰਜਕ ਬਣਾ ਦਿੱਤਾ।ਇਸ ਸਮਾਗਮ ਦੀ ਸਮੁੱਚੀ ਰੂਪ-ਰੇਖਾ ਵਿਭਾਗ ਦੇ ਅਧਿਆਪਕ ਡਾ ਹਰਿੰਦਰ ਕੌਰ ਸੋਹਲ ਦੁਆਰਾ ਉਲੀਕੀ ਗਈ। ਇਸ ਸਮਾਗਮ ਵਿਚ ਮੈਡਮ ਕੁਲਵਿੰਦਰ ਕੌਰ, ਪਰਵੀਨ ਪੁਰੀ ਅਤੇ ਸੁਰਿੰਦਰ ਪਾਲ ਸਿੰਘ ਵਰਪਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ ਮੇਘਾ ਸਲਵਾਨ, ਡਾ ਬਲਜੀਤ ਕੌਰ, ਡਾ ਪਵਨ ਕੁਮਾਰ, ਡਾ ਕੰਵਲਦੀਪ ਕੌਰ, ਡਾ ਕੰਵਲਜੀਤ ਕੌਰ, ਡਾ ਇੰਦਰਪ੍ਰੀਤ ਕੌਰ, ਡਾ ਹਰਿੰਦਰ ਸਿੰਘ, ਡਾ ਜਸਪਾਲ ਸਿੰਘ, ਖੋਜ ਵਿਦਿਆਰਥੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।