Breaking News

ਸਰਾਏ ਨਾਗਾ ਮਾਮਲੇ ਦੀ ਨਿਆਂਇਕ ਜਾਂਚ ਕਰਵਾ ਕੇ ਸੱਚ ਸਾਹਮਣੇ ਲਿਆਂਦਾ ਜਾਵੇ : ਪ੍ਰੋ: ਸਰਚਾਂਦ ਸਿੰਘ ਖਿਆਲਾ
ਪੰਜਾਬ ਐਂਡ ਹਰਿਆਣਾ ਹਾਈ ਕੋਰਟ , ਕੇਂਦਰੀ ਗ੍ਰਹਿ ਮੰਤਰੀ, ਕੌਮੀ ਘਟ ਗਿਣਤੀ ਕਮਿਸ਼ਨ ਅਤੇ ਪੰਜਾਬ ਸਰਕਾਰ ਨੂੰ ਮਾਮਲੇ ਪ੍ਰਤੀ ਜੁਡੀਸ਼ੀਅਲ ਜਾਂਚ ਕਰਾਉਣ ਦੀ ਕੀਤੀ ਅਪੀਲ

ਸਰਾਏ ਨਾਗਾ ਮਾਮਲੇ ਦੀ ਨਿਆਂਇਕ ਜਾਂਚ ਕਰਵਾ ਕੇ ਸੱਚ ਸਾਹਮਣੇ ਲਿਆਂਦਾ ਜਾਵੇ : ਪ੍ਰੋ: ਸਰਚਾਂਦ ਸਿੰਘ ਖਿਆਲਾ
ਪੰਜਾਬ ਐਂਡ ਹਰਿਆਣਾ ਹਾਈ ਕੋਰਟ , ਕੇਂਦਰੀ ਗ੍ਰਹਿ ਮੰਤਰੀ, ਕੌਮੀ ਘਟ ਗਿਣਤੀ ਕਮਿਸ਼ਨ ਅਤੇ ਪੰਜਾਬ ਸਰਕਾਰ ਨੂੰ ਮਾਮਲੇ ਪ੍ਰਤੀ ਜੁਡੀਸ਼ੀਅਲ ਜਾਂਚ ਕਰਾਉਣ ਦੀ ਕੀਤੀ ਅਪੀਲ ।  
ਅੰਮ੍ਰਿਤਸਰ 25 ਜੁਲਾਈ (     ) ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਅੱਜ ਤੋਂ 44 ਸਾਲ ਪਹਿਲਾਂ ਅਪ੍ਰੈਲ 1979 ਨੂੰ ਫ਼ਰੀਦਕੋਟ ਵਿਖੇ ਸਿਮਰਨਜੀਤ ਸਿੰਘ ਮਾਨ ਦੇ ਜ਼ਿਲ੍ਹਾ ਪੁਲੀਸ ਮੁਖੀ ਵਜੋਂ ਤਾਇਨਾਤੀ ਦੌਰਾਨ ਪਿੰਡ ਸਰਾਏ ਨਾਗਾ ਵਿਖੇ ਹੋਏ ਵਿਵਾਦਿਤ ਪੁਲੀਸ ਮੁਕਾਬਲੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਿਕਾਰਡ ਮੁਤਾਬਕ ਸਾਰੀ ਸਚਾਈ ਲੋਕਾਂ ਸਾਹਮਣੇ ਰੱਖਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਮਾਮਲੇ ਦੀ ਗੰਭੀਰਤਾ ਤੇ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਉਕਤ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕਰਨ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ , ਕੌਮੀ ਘਟ ਗਿਣਤੀ ਕਮਿਸ਼ਨ ਨਵੀਂ ਦਿਲੀ ਅਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਬਾਰੇ ਉੱਚ ਪੱਧਰੀ ਨਿਰਪੱਖ ਜੁਡੀਸ਼ੀਅਲ ਜਾਂਚ ਕਰਾਉਣ ਦੀ ਮੰਗ ਵੀ ਰੱਖੀ ਹੈ।  
ਉਨ੍ਹਾਂ ਕਿਹਾ ਕਿ ਸਾਂਸਦ ਸ: ਮਾਨ ’ਤੇ ਉਸ ਵਕਤ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਜਨਮ ਅਸਥਾਨ ਇਤਿਹਾਸਕ ਗੁਰਦੁਆਰਾ ਸਾਹਿਬ ’ਤੇ ਗੋਲੀਆਂ ਚਲਾਉਣ ਅਤੇ ਉੱਥੇ ਝੂਠੇ ਮੁਕਾਬਲੇ ਰਾਹੀਂ ਚਾਰ ਨਿਹੰਗ ਸਿੰਘਾਂ ਨੂੰ ਮਾਰਨ ਦੇ ਸਾਬਕਾ ਆਈ ਏ ਐਸ ਅਤੇ ਸੀਨੀਅਰ ਪੱਤਰਕਾਰ ਸਮੇਤ ਵੱਖ ਵੱਖ ਜ਼ਿੰਮੇਵਾਰ ਵਿਅਕਤੀਆਂ ਵੱਲੋਂ ਕੀਤੇ ਗਏ ਦਾਅਵਿਆਂ ਨੂੰ ਸੱਚ ਮੰਨ ਲਿਆ ਜਾਵੇ ਤਾਂ ਇਹ ਇਕ ਧਾਰਮਿਕ ਸੰਵੇਦਨਸ਼ੀਲ, ਲੋਕਤੰਤਰੀ ਕਦਰਾਂ ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਤੋਂ ਇਲਾਵਾ ਇਕ ਗੰਭੀਰ ਅਪਰਾਧਿਕ ਮਾਮਲਾ ਵੀ ਹੈ, ਜਿਸ ਦੀ ਸਚਾਈ ਜਾਣਨ ਦਾ ਲੋਕਾਂ ਨੂੰ ਪੂਰਾ ਹੱਕ ਹੈ।
ਪ੍ਰੋ: ਖਿਆਲਾ ਨੇ ਕਿਹਾ ਕਿ ਬੇਸ਼ੱਕ ਉਕਤ ਘਟਨਾ ਪੁਲੀਸ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਸਮਝਦਾਰੀ ਨਾਲ ਸਥਿਤੀ ਨੂੰ ਸੰਭਾਲ ਸਕਣ ਵਿਚ ਅਸਫਲਤਾ ਦਾ ਨਤੀਜਾ ਸੀ। ਜੇਕਰ ਸ: ਮਾਨ ਵੱਲੋਂ ਹਿਰਾਸਤ ਵਿਚ ਲਏ ਗਏ ਨਾਗਰਿਕਾਂ ਨੂੰ ਬੇ ਰਹਿਮੀ ਨਾਲ ਕਤਲ ਕੀਤਾ ਜਾਣਾ ਸੱਚ ਹੈ ਤਾਂ ਇਹ ਕਾਨੂੰਨ ਅਨੁਸਾਰ ਆਪਣੇ ਲੋਕਾਂ ਦੀ ਸੁਰੱਖਿਆ ਪ੍ਰਤੀ ਸੰਵਿਧਾਨ ਦੀ ਚੁੱਕੇ ਗਏ ਸਹੁੰ ਦੀ ਭਾਵਨਾ ਦੇ ਵਿਪਰੀਤ ਹੈ। ਅਤੇ ਅਪਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ। ਇਹ ਕਾਂਡ ਸ: ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਵਜੋਂ ਦੂਜੇ ਕਾਰਜਕਾਲ ਵਿਚ ਵਾਪਰਿਆ ਹੋਣ ਕਾਰਨ, ਉਸ ਵਕਤ ਦੇ ਵਰਤਾਰੇ ਪ੍ਰਤੀ ਸ: ਬਦਲ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ।  ਜੇਕਰ ਉਕਤ ਵਰਤਾਰਾ ਵਾਕਿਆ ਹੀ ਫ਼ਰਜ਼ੀ ਐਨਕਾਉਟਰ ਸੀ ਤਾਂ ਗੁਰਦੁਆਰਾ ਸਾਹਿਬ ’ਤੇ ਗੋਲੀਆਂ ਚਲਾਉਣ ਅਤੇ ਹਿਰਾਸਤ ਵਿਚ ਲਏ ਗਏ ਆਪਣੇ ਹੀ ਨਾਗਰਿਕਾਂ ਦੇ ਕਤਲ ਨੂੰ ਜਨਰਲ ਰੇਜੀਨਾਲਡ ਐਡਵਰਡ ਹੈਰੀ ਡਾਇਰ ਵੱਲੋਂ 1919 ਵਿਚ ਜਲਿਆਂ ਵਾਲੇ ਬਾਗ ’ਚ ਨਿਰਦੋਸ਼ ਲੋਕਾਂ ਦੇ ਕਤਲੇਆਮ ਨਾਲ ਤੁਲਨਾ ਕੀਤੀ ਜਾ ਸਕਦੀ ਹੈ।  
ਉਕਤ ਮਾਮਲੇ ਨੂੰ ਲੈ ਕੇ ਸਾਹਮਣੇ ਆਏ ਵੱਖ ਵੱਖ ਨੁਕਤਿਆਂ ’ਤੇ ਚਰਚਾ ਕਰਦਿਆਂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਮੀਡੀਆ ਵਿਚ ਪ੍ਰਕਾਸ਼ਿਤ ਖ਼ਬਰਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਬੀ ਕੇ ਚੰਮ ਵੱਲੋਂ ਆਪਣੀ ਪੁਸਤਕ ’ਬੀਹੈਂਡ ਕਲੋਜ਼ਡ ਡੋਰ’ ’ਚ ਮਾਰੇ ਗਏ ਨਿਹੰਗ ਸਿੰਘਾਂ ਦੇ ਪਿੰਡ ਵਾਸੀਆਂ ਦੇ ਹਵਾਲੇ ਨਾਲ ਸ: ਮਾਨ ’ਤੇ ਬਤੌਰ ਐਸ ਐਸ ਪੀ ਉਕਤ ਫ਼ਰਜ਼ੀ ਪੁਲੀਸ ਮੁਕਾਬਲੇ ਨੂੰ ਅੰਜਾਮ ਦੇਣ ਦਾ ਦਾਅਵਾ ਕੀਤਾ ਗਿਆ । ਇਸ ਪ੍ਰਕਾਰ ਦਾ ਦੋਸ਼ ਦਹਾਕੇ ਪਹਿਲਾਂ ਪੰਜਾਬ ਦੇ ਸਾਬਕਾ ਆਈ ਏ ਐਸ ਗੁਰਤੇਜ ਸਿੰਘ ਵੱਲੋਂ ਵੀ ਆਪਣੀਆਂ ਲਿਖਤਾਂ ਰਾਹੀਂ ਸ: ਸਿਮਰਨਜੀਤ ਸਿੰਘ ਮਾਨ ’ਤੇ ਲਾਇਆ ਗਿਆ। ਜਿਸ ਦਾ ਅੱਜ ਤਕ  ਸ: ਮਾਨ ਵੱਲੋਂ ਜਵਾਬ ਨਹੀਂ ਦਿੱਤਾ ਗਿਆ ਅਤੇ ਨਾ ਹੀ ਉਸ ’ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਗਿਆ। ਜਦ ਕਿ ਸ: ਗੁਰਤੇਜ ਸਿੰਘ ਵੱਲੋਂ ਤਤਕਾਲੀ ਜ਼ਿਲ੍ਹਾ ਮਜਿਸਟਰੇਟ ਗੁਰਬਖ਼ਸ਼ ਸਿੰਘ ਗੋਸਲ ਦੇ ਹਵਾਲੇ ਨਾਲ ਲਿਖਤਾਂ ਅਤੇ ਨਿੱਜੀ ਟੀ ਵੀ ਚੈਨਲਾਂ ਰਾਹੀਂ ਕਈ ਵਾਰ ਸ: ਮਾਨ ’ਤੇ ਫ਼ਰਜ਼ੀ ਐਨਕਾਊਂਟਰ ਤੇ ਦੋਸ਼ਾਂ ਨੂੰ ਦੁਹਰਾਇਆ ਜਾ ਚੁੱਕਿਆ ਹੈ। ਉਨ੍ਹਾਂ ਮੁਤਾਬਕ ਉਸ ਦਿਨ ਹਜ਼ਾਰਾਂ ਲੋਕਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਆਤਮ ਸਮਰਪਣ ਕਰ ਚੁੱਕੇ ਨਿਹੰਗ ਸਿੰਘਾਂ ਵਿਚੋਂ ਪੰਚ ਨੂੰ ਰਸੀਆਂ ਨਾਲ ਬੰਨ੍ਹਣ ਤੋਂ ਇਲਾਵਾ ਅੱਖਾਂ ’ਤੇ ਵੀ ਪੱਟੀਆਂ ਬੰਨ੍ਹਦਿਆਂ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਲਿਜਾਇਆ ਗਿਆ ਜਿੱਥੇ ਸ: ਮਾਨ ਨੇ ਖ਼ੁਦ ਆਪਣੇ ਸਰਵਿਸ ਰਿਵਾਲਵਰ ਨਾਲ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਜਿਸ ਨਾਲ ਘੱਟੋ ਘਟ ਦੋ ਨਿਹੰਗ ਮਾਰੇ ਗਏ। ਉਸੇ ਵਕਤ ਜ਼ਿਲ੍ਹਾ ਮਜਿਸਟਰੇਟ ਸ: ਗੋਸਲ ਵੱਲੋਂ ਸ: ਮਾਨ ਦਾ ਗੁੱਟ ਫੜ ਕੇ ਰੋਕ ਲਿਆ ਗਿਆ। ਬਾਕੀ ਦੋ ਨੂੰ ਉੱਥੇ ਮੌਜੂਦ ਪੁਲੀਸ ਕਰਮੀਂ ਵੱਲੋਂ ਮਾਰ ਦਿੱਤਾ ਗਿਆ। ਇਕ ਜ਼ਿੰਮੇਵਾਰ ਸਾਬਕਾ ਆਈ ਏ ਐਸ ਅਧਿਕਾਰੀ ਸ: ਗੁਰਤੇਜ ਸਿੰਘ ਦੇ ਇਸ ਦਾਅਵੇ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਇਸ ਘਟਨਾ ਦੇ ਸਾਲ ਬਾਅਦ ਜਦ ਪੰਜਾਬ ਸਕੱਤਰੇਤ ਵਿਖੇ ਸ: ਮਾਨ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਤਾਂ ਸ: ਮਾਨ ਨੇ ਧਾਰਮਿਕ ਅਸਥਾਨ ’ਤੇ ਗੋਲੀ ਚਲਾਉਣ ਅਤੇ ਹਿਰਾਸਤ ਵਿਚ ਲਏ ਗਏ ਨਿਹੰਗ ਸਿੰਘਾਂ ਨੂੰ ਮਾਰਨ ਬਾਰੇ ਸਵਾਲ ਦੇ ਪ੍ਰਤੀ ਕਰਮ ਵਜੋਂ ’’ਮੈਂ ਫ਼ੌਜ ਦਾ ਜਰਨੈਲ ਸੀ, ਮੇਰੇ ਆਦਮੀ ਮੇਰੇ ਸਾਹਮਣੇ ਸ਼ਹੀਦ ਹੋ ਗਏ ਮੇਰਾ ਖ਼ੂਨ ਖੌਲ ਉੱਠਿਆ’।  ਸਾਬਕਾ ਆਈ ਏ ਐਸ ਅਨੁਸਾਰ ਸਾਲ ਬਾਅਦ ਵੀ ਸ: ਮਾਨ ਨੂੰ ਉਸ ਘਟਨਾ ਪ੍ਰਤੀ ਕੋਈ ਪਛਤਾਵਾ ਨਹੀਂ ਸੀ। ਜਾਣਕਾਰੀ ਅਨੁਸਾਰ ਉਸ ਦਿਨ ਪਿੰਡ ਖਾਰਾ ਦੇ ਚਾਰ, ਪਿੰਡ ਸਕਾਂਵਾਲੀ ਅਤੇ ਮਮਦੋਟ ਤੋਂ ਵੀ ਚਾਰ, ਕੁਲ ਅੱਠ ਨਿਹੰਗ ਸਿੰਘ ਵਿਸਾਖੀ ਮਨਾਉਣ ਦਮਦਮਾ ਸਾਹਿਬ ਜਾ ਰਹੇ ਸਨ, ਜਿਨ੍ਹਾਂ ਸਰਾਏ ਨਾਗਾ ਵਿਚ ਪੜਾਅ ਕੀਤਾ, ਜਿੱਥੇ ਉਨ੍ਹਾਂ ਦਾ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਮਹੰਤ ਸੁਰਿੰਦਰ ਹਰੀ ਸਿੰਘ ਨਾਲ ਬਾਂਦਰ – ਕੁੱਤੇ ਵਾਲੀ ਮਾਮੂਲੀ ਝਗੜੇ ਨੂੰ ਲੈ ਕੇ ਵਿਵਾਦ ਹੋਇਆ ਅਤੇ ਮਾਮਲਾ ਪੁਲੀਸ ਤਕ ਪਹੁੰਚ ਗਿਆ। ਪੁਲੀਸ ਦੇ ਆਉਣ ਨਾਲ ਨਿਹੰਗ ਸਿੰਘ ਖੇਤਾਂ ਵਿਚ ਛੁਪ ਗਏ, ਜਿੱਥੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਗਈਆਂ, ਨਿਹੰਗ ਸਿੰਘਾਂ ਦੀ ਜਵਾਬੀ ਫਾਇਰਿੰਗ ਨਾਲ ਤਿੰਨ ਪੁਲੀਸ ਕਰਮੀਂ ਮਾਰੇ ਗਏ। ਪੁਲੀਸ ਵੱਲੋਂ ਨਿਹੰਗ ਸਿੰਘਾਂ ਨੂੰ ਆਤਮ ਸਮਰਪਣ ਕਰਨ ਲਈ ਪਹਿਲਾਂ ਔਰਤਾਂ ਨੂੰ ਢਾਲ ਬਣਾਇਆ ਗਿਆ ਫਿਰ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਅਖੀਰ ਨਿਹੰਗ ਸਿੰਘਾਂ ਦੇ ਵਾਕਫ਼ਕਾਰਾਂ ਵਾਂਦਰ ਜਟਾਣਾ ਦੇ ਪੰਡਿਤ ਮੇਘਨਾਥ ਅਤੇ ਵੜਿੰਗ ਪਿੰਡ ਦੇ ਬਲਦੇਵ ਸਿੰਘ ਦੀ ਮਦਦ ਨਾਲ ਉਨ੍ਹਾਂ ’ਤੇ ਕੇਵਲ ਕਾਨੂੰਨੀ ਕਾਰਵਾਈ ਦਾ ਝਾਂਸਾ ਦੇ ਕੇ ਆਤਮ ਸਮਰਪਣ ਕਰਨ ਲਈ ਮਜਬੂਰ ਕੀਤਾ ਗਿਆ। ਹਜ਼ਾਰਾਂ ਲੋਕਾਂ ਨੇ ਇਸ ਦ੍ਰਿਸ਼ ਨੂੰ ਅੱਖੀਂ ਦੇਖਿਆ ਮੰਨਿਆ ਜਾਂਦਾ ਹੈ। ਇੰਨਾ ਖਲਾਰਾ ਪਾਉਣ ਦੀ ਜ਼ਰੂਰਤ ਨਹੀਂ ਸੀ, ਕਿਉਂਕਿ ਨਿਹੰਗ ਸਿੰਘਾਂ ਦੀ ਪਹਿਲਾਂ ਹੀ ਪਹਿਚਾਣ ਕਰ ਲਈ ਗਈ ਸੀ ਅਤੇ ਉਨ੍ਹਾਂ ਨੂੰ ਕਿਸੇ ਵੀ ਵਕਤ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ। ਇਸ ਘਟਨਾ ਬਾਰੇ ਸ: ਮਾਨ ਦਾ ਇਹ ਕਹਿਣਾ ਕਿ ਨਿਹੰਗ ਸਿੰਘ ਨਸ਼ੇ ਵਿਚ ਧੁੱਤ ਸਨ ਤੇ ਇਤਿਹਾਸਕ ਗੁਰਦੁਆਰੇ ’ਤੇ ਕਬਜ਼ਾ ਜਮਾ ਲਿਆ ਸੀ ਵਿਚ ਵੀ ਕੋਈ ਦਮ ਨਜ਼ਰ ਨਹੀਂ ਆਉਂਦਾ। ਗੁਰੂ ਕੀਆਂ ਫ਼ੌਜਾਂ ਨਿਹੰਗ ਸਿੰਘਾਂ ਨੂੰ ਨਸ਼ੇਈ ਕਹਿਣ ਅਤੇ ਗੁਰਦੁਆਰਾ ਸਾਹਿਬ ’ਤੇ ਸੈਂਕੜੇ ਗੋਲੀਆਂ ਚਲਾਉਣੀਆਂ ਕੀ ਬੇਅਦਬੀ ਨਹੀਂ?। ਉਨਾਂ ਜੁਡੀਸ਼ੀਅਲ ਜਾਂਚ ਕਰਾਉਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

About Gursharan Singh Sandhu

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *