ਸਾਕਿਆਂ ਦੇ ਇਤਿਹਾਸ ਨੂੰ ਚਿੱਤਰਾਂ ਰਾਹੀਂ ਰੂਪਮਾਨ ਕਰਨ ਲਈ 6 ਦਿਨਾਂ ਕਾਰਜਸ਼ਾਲਾ ਆਰੰਭ
30 ਚਿੱਤਰਕਾਰ ਸਾਕਿਆਂ ਦੀਆਂ ਘਟਨਾਵਾਂ ’ਤੇ ਅਧਾਰਤ ਬਣਾਉਣਗੇ ਚਿੱਤਰ
ਗੁਰੂ ਕਾ ਬਾਗ ਮੋਰਚਾ ਤੇ ਸ੍ਰੀ ਪੰਜਾ ਸਾਹਿਬ ਸਾਕੇ ਦੀ ਪਹਿਲੀ ਸ਼ਤਾਬਦੀ ਨੂੰ ਲੈ ਕੇ ਸਮਾਗਮਾਂ ਦੀ ਹੋਈ ਸ਼ੁਰੂਆਤ
ਸਾਕਿਆਂ ਦੇ ਇਤਿਹਾਸ ਨੂੰ ਚਿੱਤਰਾਂ ਰਾਹੀਂ ਰੂਪਮਾਨ ਕਰਨ ਲਈ 6 ਦਿਨਾਂ ਕਾਰਜਸ਼ਾਲਾ ਆਰੰਭ
30 ਚਿੱਤਰਕਾਰ ਸਾਕਿਆਂ ਦੀਆਂ ਘਟਨਾਵਾਂ ’ਤੇ ਅਧਾਰਤ ਬਣਾਉਣਗੇ ਚਿੱਤਰ
ਅਮਰੀਕ ਸਿੰਘ
ਅੰਮ੍ਰਿਤਸਰ, 12 ਜੁਲਾਈ-
ਗੁਰੂ ਕੇ ਬਾਗ ਦਾ ਮੋਰਚਾ ਅਤੇ ਸ੍ਰੀ ਪੰਜਾ ਸਾਹਿਬ ਦੇ ਸ਼ਹੀਦੀ ਸਾਕੇ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮਾਂ ਦੀ ਸ਼ੁਰੂਆਤ ਅੱਜ ਚਿੱਤਰਕਲਾ ਕਾਰਜਸ਼ਾਲਾ ਨਾਲ ਕੀਤੀ ਗਈ। ਇਹ ਕਾਰਜਸ਼ਾਲਾ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਪ੍ਰਬੰਧਕੀ ਬਲਾਕ ਵਿਖੇ ਲਗਾਈ ਗਈ ਹੈ, ਜਿਸ ਦੀ ਸਮਾਪਤੀ 17 ਜੁਲਾਈ ਨੂੰ ਹੋਵੇਗੀ। ਇਸ ਵਿਚ ਵੱਖ-ਵੱਖ ਥਾਵਾਂ ਤੋਂ ਪੁੱਜੇ 30 ਚਿੱਤਰਕਾਰ ਗੁਰੂ ਕਾ ਬਾਗ ਮੋਰਚਾ ਤੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਨਾਲ ਸਬੰਧਤ ਘਟਨਾਵਾਂ ਦੇ ਚਿੱਤਰ ਤਿਆਰ ਕਰਨਗੇ, ਜਿਨ੍ਹਾਂ ਨੂੰ ਸ਼ਤਾਬਦੀ ਸਮਾਗਮਾਂ ਦੌਰਾਨ ਪ੍ਰਦਰਸ਼ਨੀ ਦੇ ਰੂਪ ਵਿਚ ਸਜਾਇਆ ਜਾਵੇਗਾ। ਸਿੱਖ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੇ ਚਿੱਤਰ ਤਿਆਰ ਕਰਨ ਲਈ ਲਗਾਈ ਗਈ ਇਸ ਕਾਰਜਸ਼ਾਲਾ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਕਾ ਬਾਗ ਮੋਰਚਾ ਅਤੇ ਸ੍ਰੀ ਪੰਜਾ ਸਾਹਿਬ ਦਾ ਸ਼ਹੀਦੀ ਸਾਕਾ ਸਿੱਖ ਇਤਿਹਾਸ ਦੇ ਅਹਿਮ ਪੰਨੇ ਹਨ, ਜਿਨ੍ਹਾਂ ਦੇ 100 ਸਾਲਾ ਸਮਾਗਮਾਂ ਨੂੰ ਵਿਸ਼ਾਲ ਪੱਧਰ ’ਤੇ ਮਨਾਇਆ ਜਾਣਾ ਹੈ। ਇਨ੍ਹਾਂ ਦੋਹਾਂ ਸ਼ਤਾਬਦੀਆਂ ਦੌਰਾਨ ਜਿਥੇ ਵੱਖ-ਵੱਖ ਸਮਾਗਮ ਉਲੀਕੇ ਗਏ ਹਨ, ਉਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕਾਰ ਸ. ਹਰਵਿੰਦਰ ਸਿੰਘ ਖਾਲਸਾ ਦੀ ਨਿਗਰਾਨੀ ਹੇਠ ਚਿੱਤਰਕਲਾ ਕਾਰਜਸ਼ਾਲਾ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਕਾਰਜਸ਼ਾਲਾ ਦੌਰਾਨ ਦੋਹਾਂ ਦਿਹਾੜਿਆਂ ਨਾਲ ਸਬੰਧਤ ਇਤਿਹਾਸ ਨੂੰ ਚਿੱਤਰਾਂ ਰਾਹੀਂ ਸਾਹਮਣੇ ਲਿਆਂਦਾ ਜਾਵੇਗਾ ਅਤੇ ਇਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਨੀ ਲਗਾ ਕੇ ਸੰਗਤਾਂ ਤੱਕ ਲਿਜਾਇਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਕਾਰਜਸ਼ਾਲਾ ਦੌਰਾਨ ਤਿਆਰ ਕੀਤੇ ਗਏ ਇਤਿਹਾਸਕ ਚਿੱਤਰਾਂ ਦੀ ਵੀਡੀਓ ਡਾਕੂਮੈਂਟਰੀ ਵੀ ਤਿਆਰ ਕੀਤੀਆਂ ਜਾਵੇਗੀ, ਤਾਂ ਜੋ ਨਵੀਂ ਪੀੜ੍ਹੀ ਨੂੰ ਆਧੁਨਿਕ ਸੰਚਾਰ ਸਾਧਨਾਂ ਰਾਹੀਂ ਇਨ੍ਹਾਂ ਦੋਹਾਂ ਸਾਕਿਆਂ ਦੇ ਇਤਿਹਾਸ ਨਾਲ ਜੋੜਿਆ ਜਾ ਸਕੇ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਇਨ੍ਹਾਂ ਸਾਕਿਆਂ ਨਾਲ ਸਬੰਧਤ ਸ਼ਹੀਦਾਂ ਦੇ ਪਰਿਵਾਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਨੂੰ ਸਮਾਗਮਾਂ ਸਮੇਂ ਸਨਮਾਨਿਤ ਕਰਨਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਗੁਰੂ ਕਾ ਬਾਗ ਮੋਰਚਾ ਸਬੰਧੀ 6 ਤੋਂ 8 ਅਗਸਤ ਤੱਕ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਵੱਖ-ਵੱਖ ਸਮਾਗਮ ਹੋਣਗੇ। ਇਸੇ ਤਰ੍ਹਾਂ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਜੋ 30 ਅਕਤੂਬਰ ਨੂੰ ਮਨਾਈ ਜਾਣੀ ਹੈ, ਨੂੰ ਲੈ ਕੇ ਵੀ ਤਿਆਰੀਆਂ ਜਾਰੀ ਹਨ ਅਤੇ ਇਸ ਸਬੰਧੀ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਲਈ ਵੀ ਕਾਰਵਾਈ ਆਰੰਭੀ ਗਈ ਹੈ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਅਰਦਾਸੀਆ ਭਾਈ ਬਲਜੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਸ. ਮੋਹਨ ਸਿੰਘ ਬੰਗੀ, ਸ. ਜਗਸੀਰ ਸਿੰਘ ਮਾਂਗੇਆਣਾ, ਸ. ਹਰਵਿੰਦਰ ਸਿੰਘ ਖਾਲਸਾ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਮੀਤ ਸਿੰਘ ਬੁੱਟਰ, ਸ. ਕੁਲਦੀਪ ਸਿੰਘ ਰੋਡੇ, ਫੈਡਰੇਸ਼ਨ ਆਗੂ ਸ. ਸਰਬਜੀਤ ਸਿੰਘ ਸੋਹਲ, ਇੰਚਾਰਜ ਸ. ਸ਼ਾਹਬਾਜ਼ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਗੁਰਨਾਮ ਸਿੰਘ, ਸ. ਮੇਜਰ ਸਿੰਘ ਅਰਜਨ ਮਾਂਗਾ, ਸ. ਗੁਲਜ਼ਾਰ ਸਿੰਘ, ਸ. ਕਰਤਾਰ ਸਿੰਘ ਆਦਿ ਮੌਜੂਦ ਸਨ।ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼ਤਾਬਦੀ ਸਬੰਧੀ ਲੋਗੋ ਜਾਰੀ
ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਅਤੇ ਗੁਰੂ ਕਾ ਬਾਗ ਮੋਰਚਾ ਦੀ ਪਹਿਲੀ ਸ਼ਤਾਬਦੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤਾ ਗਿਆ ਲੋਗੋ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਰੀ ਕੀਤਾ। ਇਸ ਲੋਗੋ ਵਿਚ 100 ਸਾਲ ਪਹਿਲਾਂ ਵਾਪਰੇ ਸਾਕੇ ਦੇ ਚਿੱਤਰ ਸਮੇਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਤਸਵੀਰ ਲਗਾਈ ਗਈ ਹੈ। ਇਸ ਦੇ ਨਾਲ ਹੀ ਖਾਲਸਈ ਨਿਸ਼ਾਨ ਸਮੇਤ 100 ਸਾਲਾ ਚਿੰਨ੍ਹ ਵੀ ਲੋਗੋ ਦਾ ਹਿੱਸਾ ਬਣਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਲੋਗੋ ਜਾਰੀ ਕਰਨ ਮੌਕੇ ਕਿਹਾ ਕਿ ਸ਼ਤਾਬਦੀ ਦੇ ਸਮਾਗਮਾਂ ਪ੍ਰਤੀ ਸੰਗਤਾਂ ਵਿਚ ਚੇਤੰਨਤਾ ਅਤੇ ਉਤਸ਼ਾਹ ਪੈਦਾ ਕਰਨ ਲਈ ਲੋਗੋ, ਸੱਦਾ ਪੱਤਰ, ਹੋਰਡਿੰਗ ਆਦਿ ਪ੍ਰਚਾਰ ਸਮੱਗਰੀ ਵੱਡਾ ਮਹੱਤਵ ਰੱਖਦੀ ਹੈ। ਉਨ੍ਹਾਂ ਕਿਹਾ ਕਿ ਸ਼ਤਾਬਦੀਆਂ ਨੂੰ ਲੈ ਕੇ ਮੁੱਢਲੇ ਰੂਪ ਵਿਚ ਆਰੰਭੇ ਗਏ ਕਾਰਜਾਂ ਤਹਿਤ ਲੋਗੋ ਜਾਰੀ ਕੀਤਾ ਗਿਆ ਹੈ ਅਤੇ ਜਲਦ ਹੀ ਇਨ੍ਹਾਂ ਦੋਹਾਂ ਦਿਹਾੜਿਆਂ ਸਬੰਧੀ ਕਿਤਾਬਚੇ ਵੀ ਜਾਰੀ ਕੀਤੇ ਜਾਣਗੇ। ਇਸ ਮੌਕੇ ਮੈਂਬਰ ਭਾਈ ਰਾਮ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ, ਸ. ਜਗਸੀਰ ਸਿੰਘ ਮਾਂਗੇਆਣਾ, ਸ. ਮੋਹਨ ਸਿੰਘ ਬੰਗੀ, ਵਧੀਕ ਸਕੱਤਰ ਸ. ਬਿਜੈ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸੁਪਰਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਸ. ਸ਼ਾਹਬਾਜ਼ ਸਿੰਘ, ਸ. ਮੇਜਰ ਸਿੰਘ, ਸ. ਕਰਤਾਰ ਸਿੰਘ ਆਦਿ ਮੌਜੂਦ ਸਨ। sgpcnews#
ReplyForward |