ਪੰਜਾਬ ‘ਚ ਹਾਲਾਤ ਬੇਕਾਬੂ, ਭਗਵੰਤ ਮਾਨ ਸੂਬੇ ਦੀ ਵਾਗਡੋਰ ਸੰਭਾਲਣ ‘ਚ ਨਾਕਾਮ : ਡਾ: ਸੁਭਾਸ਼ ਸਰਕਾਰ
ਮੋਦੀ ਸਰਕਾਰ ਨਵੀਂ ਸਿੱਖਿਆ ਨੀਤੀ ਤਹਿਤ ਪੂਰੇ ਦੇਸ਼ ਵਿੱਚ PM ਸ਼੍ਰੀ ਸਕੂਲ ਖੋਲ੍ਹੇਗੀ, ਜਿੱਥੇ ਭਵਿੱਖ ਦੇ ਵਿਦਿਆਰਥੀ ਤਿਆਰ ਹੋਣਗੇ: ਡਾ: ਸੁਭਾਸ਼ ਸਰਕਾਰ
ਪੰਜਾਬ ਵਿੱਚ ਇਸ ਸਮੇਂ ਲਾਅ ਐਂਡ ਆਰਡਰ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਸਾਫ ਦਿਖਾਈ ਦੇ ਰਹੀ ਹੈ ਆਏ ਦਿਨ ਹੀ ਪੰਜਾਬ ਵਿਚ ਲੁੱਟ ਖੋਹ ਤੇ ਕਤਲ ਦੀਆਂ ਵਾਰਦਾਤਾਂ ਵੀ ਸਾਹਮਣੇ ਆ ਰਹੀਆਂ ਹਨ ਜਿਸ ਦੇ ਚਲਦੇ ਭਾਜਪਾ ਦੇ ਨੇਤਾ ਡਾ ਸੁਭਾਸ਼ ਸਰਕਾਰ ਨੇ ਭਾਜਪਾ ਦਫ਼ਤਰ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਗੱਲਬਾਤ ਕਰਦਿਆਂ ਪੰਜਾਬ ਦੇ ਮੌਜੂਦਾ ਵਿਸਫੋਟਕ ਹਾਲਾਤਾਂ ‘ਤੇ ਚਿੰਤਾ ਪ੍ਰਗਟਾਉਂਦੀਆਂ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ‘ਤੋਂ ਹੀ ਪੰਜਾਬ ਵਿੱਚ ਲਗਾਤਾਰ ਅਮਨ-ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਹਨ। ਅਪਰਾਧੀਆਂ ਅਤੇ ਗੈਂਗਸਟਰਾਂ ਵੱਲੋਂ ਨਿੱਤ ਦਿਨ ਕਤਲ, ਲੁੱਟਾਂ-ਖੋਹਾਂ, ਡਕੈਤੀਆਂ, ਗੋਲੀਬਾਰੀ ਦੀਆਂ ਘਟਨਾਵਾਂ ਅੰਜਾਮ ਕੀਤੀਆਂ ਜਾ ਰਹੀਆਂ ਹਨ ਅਤੇ ਸਰਕਾਰ ਅਤੇ ਪੁਲਿਸ-ਪ੍ਰਸ਼ਾਸਨ ਚੁੱਪ-ਚਾਪ ਤਮਾਸ਼ਾ ਦੇਖਦੇ ਰਹਿੰਦੇ ਹਨ। ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਹਰ ਦਿਨ ਮਾਹੌਲ ਖਰਾਬ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਮਾਨ ਸਰਕਾਰ ਦੇ ਹੀ ਕੈਬਿਨੇਟ ਮੰਤਰੀ ਸੜਕਾਂ ‘ਤੇ ਸਟੰਟ ਕਰਦੇ ਨਜ਼ਰ ਆਉਂਦੇ ਹਨ। ਡਾ: ਸੁਭਾਸ਼ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਮੰਤਰੀ ਹੀ ਅਜਿਹੀਆਂ ਹਰਕਤਾਂ ਕਰਦੇ ਹਨ ਤਾਂ ਉਹ ਜਨਤਾ ਜਾਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇ ਰਹੇ ਹਨ?
ਡਾ: ਸੁਭਾਸ਼ ਸਰਕਾਰ ਨੇ ਕਿਹਾ ਕਿ ਅੱਜ ਅਪਰਾਧੀ ਇੰਨੇ ਬੇਖੌਫ ਹੋ ਚੁੱਕੇ ਹਨ ਕਿ ਸਰਕਾਰੀ ਇਮਾਰਤਾਂ ਅਤੇ ਸਰਕਾਰੀ ਅਧਿਕਾਰੀਆਂ ਦੇ ਘਰਾਂ ਦੀਆਂ ਕੰਧਾਂ ‘ਤੇ ਖਾਲਿਸਤਾਨ ਪੱਖੀ ਨਾਅਰੇ ਲਿਖ ਕੇ ਪੰਜਾਬ ਵਿਚ ਅਰਾਜਕਤਾ ਫੈਲਾਉਣ ਅਤੇ ਸਰਕਾਰ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਹੀ ਇਕ ਨਵਾਂ ਮਾਮਲਾ ਫਰੀਦਕੋਟ ‘ਚ ਸਾਹਮਣੇ ਆਇਆ ਹੈ, ਜਿੱਥੇ ਸੈਸ਼ਨ ਜੱਜ ਦੇ ਘਰ ਦੀ ਕੰਧ ‘ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖ ਕੇ ਪੁਲਸ-ਪ੍ਰਸ਼ਾਸ਼ਨ ਨੂੰ ਵਾਰ-ਵਾਰ ਚੁਣੌਤੀ ਦਿੱਤੀ ਜਾ ਰਹੀ ਹੈ। ਪਰ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ।
ਡਾ: ਸੁਭਾਸ਼ ਸਰਕਾਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਲਈ ਨਵੀਂ ਸਿੱਖਿਆ ਪ੍ਰਣਾਲੀ ਤਹਿਤ ‘ਪੀਐੱਮ ਸ਼੍ਰੀ ਸਕੂਲ’ ਖੋਲ੍ਹਣ ਲਈ ਵਿਆਪਕ ਯੋਜਨਾ ਬਣਾਈ ਗਈ ਹੈ। ਇਸ ਤਹਿਤ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਨੂੰ ਮੁੱਖ ਰੱਖਦਿਆਂ ਦੇਸ਼ ਭਰ ਵਿੱਚ ਨਵੇਂ ਸਕੂਲ ਖੋਲ੍ਹੇ ਜਾਣਗੇ, ਜੋ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ ਅਤੇ ਰਾਸ਼ਟਰੀ ਸਿੱਖਿਆ ਨੀਤੀ ਦੀ ਪ੍ਰਯੋਗਸ਼ਾਲਾ ਹੋਣਗੇ। ਇਨ੍ਹਾਂ ਸਕੂਲਾਂ ਵਿੱਚ ਸਾਰੀਆਂ ਭਾਸ਼ਾਵਾਂ ’ਤੇ ਜ਼ੋਰ ਦਿੱਤਾ ਜਾਵੇਗਾ। ਕਿਉਂਕਿ ਕੋਈ ਵੀ ਭਾਸ਼ਾ ਹਿੰਦੀ ਜਾਂ ਅੰਗਰੇਜ਼ੀ ਤੋਂ ਘੱਟ ਨਹੀਂ ਹੈ। ਇਨ੍ਹਾਂ ਸਕੂਲਾਂ ਨੂੰ ਮਾਡਲ ਸਕੂਲਾਂ ਵਾਂਗ ਬਣਾਇਆ ਜਾਵੇਗਾ ਅਤੇ ਸਕੂਲ ਦਾ ਨਾਂ ਪੀ.ਐੱਮ ਸ਼੍ਰੀ ਸਕੂਲ ਹੋਵੇਗਾ। ਇਨ੍ਹਾਂ ਸਕੂਲਾਂ ਵਿੱਚ ਸਿਰਫ਼ ਕਿਤਾਬੀ ਸਿੱਖਿਆ ਹੀ ਨਹੀਂ ਸਗੋਂ ਹੁਨਰ ਸਿੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਹਾਲ ਹੀ ਵਿੱਚ ਜਾਰੀ ਕੀਤੀ ਗਈ ਈ-ਸਿੱਖਿਆ ਨੀਤੀ ਵਿੱਚ, 10+2 ਦੀ ਬਜਾਏ, 5+3+3+4 ਪ੍ਰਣਾਲੀ ‘ਤੇ ਜ਼ੋਰ ਦਿੱਤਾ ਗਿਆ ਸੀ ਅਤੇ ਇਨ੍ਹਾਂ ਸਕੂਲਾਂ ਵਿੱਚ ਇਸ ਦੇ ਆਧਾਰ ‘ਤੇ ਪੜ੍ਹਾਇਆ ਜਾਵੇਗਾ। ਇਸ ਤੋਂ ਇਲਾਵਾ ਇਨ੍ਹਾਂ ਸਕੂਲਾਂ ਵਿੱਚ ਡਿਜੀਟਲ ਸਿੱਖਿਆ ‘ਤੇ ਵੀ ਜ਼ੋਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਿੱਖਿਆ ਨੂੰ ਗਲੋਬਲ ਬਣਾਉਣ ਲਈ ਈ-ਕੰਟੈਂਟ ਨੂੰ ਵਿਕਸਿਤ ਕਰਨ ਦੇ ਯਤਨ ਕੀਤੇ ਜਾਣਗੇ। ਤਾਂ ਜੋ ਭਵਿੱਖ ਦੇ ਉੱਜਵਲ ਵਿਦਿਆਰਥੀ ਦੇਸ਼ ਲਈ ਤਿਆਰ ਹੋ ਸਕਣ।
ਬਾਈਟ : ਡਾ ਸੁਭਾਸ਼ ਸਰਕਾਰ ( ਕੇਂਦਰੀ ਸਿੱਖਿਆ ਰਾਜ ਮੰਤਰੀ )
ਜਸਕਰਨ ਸਿੰਘ ਅੰਮ੍ਰਿਤਸਰ