ਝੋਨੇ ਦੀ ਲਵਾਈ ਦੌਰਾਨ ਬਿਜਲੀ ਦੀ ਕਮੀ ਦਰਪੇਸ਼ ਨਹੀਂ ਆਏਗੀ – ਬਿਜਲੀ ਮੰਤਰ ਸਾਰੇ ਥਰਮਲ ਪਲਾਂਟ ਚਾਲੂ ਹਾਲਤ ਵਿੱਚ ਲਿਆਂਦੇ ਜਾ ਰਹੇ, ਹੁਣ ਕੋਲੇ ਦੀ ਕਮੀ ਨਹੀਂ ਹੈ
ਝੋਨੇ ਦੀ ਲਵਾਈ ਦੌਰਾਨ ਬਿਜਲੀ ਦੀ ਕਮੀ ਦਰਪੇਸ਼ ਨਹੀਂ ਆਏਗੀ – ਬਿਜਲੀ ਮੰਤਰ ਸਾਰੇ ਥਰਮਲ ਪਲਾਂਟ ਚਾਲੂ ਹਾਲਤ ਵਿੱਚ ਲਿਆਂਦੇ ਜਾ ਰਹੇ, ਹੁਣ ਕੋਲੇ ਦੀ ਕਮੀ ਨਹੀਂ ਹੈ
ਮੋਗਾ, 7 ਜੂਨ
ਪੰਜਾਬ ਸਰਕਾਰ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ ਟੀ ਓ ਨੇ ਸੂਬੇ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਅਗਾਮੀ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਬਿਜਲੀ ਦੀ ਕਮੀ ਦਰਪੇਸ਼ ਨਹੀਂ ਆਏਗੀ। ਪੰਜਾਬ ਸਰਕਾਰ ਵਲੋਂ ਇਸ ਪੱਖੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਉਹ ਅੱਜ ਇਥੇ ਆਪਣੇ ਉਕਤ ਦੋਵੇਂ ਵਿਭਾਗਾਂ ਦੇ ਚਾਲੂ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚੇ ਸਨ।
ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸੂਬੇ ਦੇ ਸਾਰੇ ਥਰਮਲ ਪਲਾਂਟ ਚਾਲੂ ਹਾਲਤ ਵਿੱਚ ਲਿਆਂਦੇ ਜਾ ਰਹੇ ਹਨ ਜੋ ਕਿ ਆਪਣੀ ਸਮਰੱਥਾ ਮੁਤਾਬਿਕ ਚਲਾਏ ਜਾਣਗੇ।ਉਹਨਾਂ ਕਿਹਾ ਕਿ ਹੁਣ ਕੋਲੇ ਦੀ ਕਮੀ ਨਹੀਂ ਹੈ। ਕੋਲੇ ਦੀ ਸਮੱਸਿਆ ਮਈ ਮਹੀਨੇ ਵਿੱਚ ਸਾਹਮਣੇ ਆਈ ਸੀ ਪਰ ਇਹ ਮੁੱਦਾ ਪੰਜਾਬ ਸਰਕਾਰ ਨੇ ਬਹੁਤ ਜ਼ੋਰ ਨਾਲ ਕੇਂਦਰ ਸਰਕਾਰ ਕੋਲ ਉਠਾਇਆ ਸੀ। ਉਹਨਾਂ ਕਿਹਾ ਕਿ ਥਰਮਲ ਚੱਲਣ ਅਤੇ ਕੋਲੇ ਦੀ ਕਮੀ ਨਾ ਹੋਣ ਕਰਕੇ ਸੀਜ਼ਨ ਦੌਰਾਨ ਬਿਜਲੀ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਉਪਰੰਤ ਉਹਨਾਂ ਨੇ ਸਥਾਨਕ ਰੈਸਟ ਹਾਊਸ ਵਿਖੇ ਵਿਭਾਗੀ ਅਧਿਕਾਰੀਆਂ ਤੋਂ ਚਾਲੂ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਸਾਰੇ ਕੰਮਾਂ ਨੂੰ ਤੈਅ ਸਮਾਂ ਸੀਮਾ ਵਿਚ ਮੁਕੰਮਲ ਕਰਨ ਦੀ ਹਦਾਇਤ ਕੀਤੀ।
ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਕਰੀਬ 200 ਕਿਲੋਮੀਟਰ ਦੀਆਂ ਸੜਕਾਂ ਦਾ ਕੰਮ ਚੱਲ ਰਿਹਾ ਹੈ। ਇਹ ਸਾਰੇ ਕੰਮ ਜਲਦ ਹੀ ਮੁਕੰਮਲ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਜਦ ਸੜਕਾਂ ਬਣਦੀਆਂ ਹਨ ਤਾਂ ਕਈ ਵਿਭਾਗਾਂ ਦੇ ਆਪਸੀ ਤਾਲਮੇਲ ਦੀ ਜਰੂਰਤ ਪੈਂਦੀ ਹੈ। ਇਹ ਤਾਲਮੇਲ ਦੀ ਕਮੀ ਕਾਰਨ ਹੀ ਇਹ ਕੰਮ ਅੱਧ ਵਿਚਾਲੇ ਲਟਕ ਜਾਂਦੇ ਹਨ। ਇਸੇ ਕਰਕੇ ਹੀ ਉਹ ਅੱਜ ਇਥੇ ਤਾਲਮੇਲ ਕਰਾਉਣ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚੇ ਹਨ। ਸਾਰੇ ਕੰਮ ਸੁਚਾਰੂ ਤਰੀਕੇ ਨਾਲ ਮੁਕੰਮਲ ਕਰਾਉਣ ਲਈ ਨੋਡਲ ਅਫ਼ਸਰ ਲਗਾਏ ਜਾ ਰਹੇ ਹਨ। ਉਹਨਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਗਰਮੀਆਂ ਵਿੱਚ ਆਮ ਲੋਕਾਂ ਅਤੇ ਕਿਸਾਨਾਂ ਨੂੰ ਬਿਜਲੀ ਸਪਲਾਈ ਨਿਰੰਤਰ ਜਾਰੀ ਰੱਖੀ ਜਾਵੇ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸ ਦਿਸ਼ਾ ਵਿੱਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰਨ ਲਈ 1500 ਰੁਪਏ ਪ੍ਰੋਤਸਾਹਨ ਰਾਸ਼ੀ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ ਖੇਤੀ ਵਿਭਿੰਨਤਾ ਤਹਿਤ ਮੂੰਗੀ ਦੀ ਫ਼ਸਲ ਬੀਜਣ ਵੱਲ ਲਗਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਮੂੰਗੀ ਨੂੰ ਵੀ ਐੱਮ ਐੱਸ ਪੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰੇਕ ਖੇਤ ਨੂੰ ਨਹਿਰੀ ਪਾਣੀ ਦੀ ਸਹੂਲਤ ਨਾਲ ਜੋੜਿਆ ਜਾਵੇ। ਉਹਨਾਂ ਵਚਨਬੱਧਤਾ ਪ੍ਰਗਟਾਈ ਕਿ ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਸੁਹਿਰਦ ਯਤਨ ਕੀਤੇ ਜਾਂਦੇ ਰਹਿਣਗੇ।
ਸਾਬਕਾ ਮੰਤਰੀ ਸ੍ਰ ਸਾਧੂ ਸਿੰਘ ਧਰਮਸੌਤ ਦੀ ਗ੍ਰਿਫ਼ਤਾਰੀ ਬਾਰੇ ਪੁੱਛੇ ਜਾਣ ਬਾਰੇ ਉਹਨਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਜੇਕਰ ਕਿਸੇ ਨੇ ਵੀ ਸੂਬੇ ਦੇ ਸਰੋਤਾਂ ਨਾਲ ਖਿਲਵਾੜ ਕੀਤਾ ਹੈ ਤਾਂ ਉਹ ਬਚੇਗਾ ਨਹੀਂ। ਉਹਨਾਂ ਕਿਹਾ ਕਿ ਸੂਬੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਣਾ ਕੇ ਰੱਖਿਆ ਜਾਵੇਗਾ।
ਇਸ ਮੌਕੇ ਡਾਕਟਰ ਅਮਨਦੀਪ ਕੌਰ ਅਰੋੜਾ ਵਿਧਾਇਕ ਮੋਗਾ, ਸ੍ਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਵਿਧਾਇਕ ਬਾਘਾਪੁਰਾਣਾ, ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ ਵਿਧਾਇਕ ਧਰਮਕੋਟ, ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਸ੍ਰ ਗੁਲਨੀਤ ਸਿੰਘ ਖੁਰਾਣਾ, ਐੱਸ ਡੀ ਐੱਮ ਸ੍ਰ ਸਤਵੰਤ ਸਿੰਘ, ਸਹਾਇਕ ਕਮਿਸ਼ਨਰ ਸ਼੍ਰੀ ਸੁਜਾਵਲ ਜੱਗਾ ਅਤੇ ਹੋਰ ਹਾਜ਼ਰ ਸਨ।