15 ਦਿਨਾਂ ਤੋਂ ਵੱਧ ਸਮੇਂ ਦੀ ਖਾਂਸੀ ਹੋ ਸਕਦੀ ਹੈ ਟੀ.ਬੀ.-ਸਿਵਲ ਸਰਜਨ ਗੁਰਸ਼ਰਨ ਸਿੰਘ ਸੰਧੂ ਫਿਰੋਜ਼ਪੁਰ, 20 ਦਸੰਬਰ 2022.( ) 15 ਦਿਨਾਂ ਤੋਂ ਵੱਧ ਸਮੇਂ ਦੀ ਖਾਂਸੀ ਟੀ.ਬੀ. ਹੋ ਸਕਦੀ ਹੈ ਅਤੇ ਇਸ ਦੀ ਜਾਂਚ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਮੁਫਤ ਉਪਲੱਬਧ ਹੈ। ਇਹ ਖੁਲਾਸਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ: ਰਾਜਿੰਦਰਪਾਲ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਬ ਨੈਸ਼ਨਲ ਸਰਟੀਫਿਕੇਸ਼ਨ ਸਰਵੇ ਟੀਮਾਂ ਨੂੰ ਰਵਾਨਾ ਕਰਨ ਮੌਕੇ ਕੀਤਾ। ਇਸ ਦੌਰਾਨ ਉਨ੍ਹਾਂ ਜਾਣਕਾਰੀ ਦਿੱਤੀ ਕਿ ਵਿਭਾਗ ਵੱਲੋਂ ਇਸ ਸਰਵੇ ਦੌਰਾਨ ਸ਼ੱਕੀ ਟੀ.ਬੀ. ਮਰੀਜ਼ਾਂ ਦੀ ਸ਼ਨਾਖਤ ਕੀਤੀ ਜਾਵੇਗੀ ਅਤੇ ਟੀ.ਬੀ. ਮਰੀਜ਼ਾਂ ਨੂੰ ਮੁਫਤ ਇਲਾਜ਼ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਟੀ.ਬੀ.ਹਾਰੇਗਾ ,ਦੇਸ਼ ਜਿੱਤੇਗਾ ਦੇ ਨਾਹਰੇ ਨੂੰ ਸਾਰਥਕ ਕੀਤਾ ਜਾ ਸਕੇ। ਇਸ ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲਾ ਟੀ.ਬੀ. ਅਫਸਰ ਡਾ:ਸਤਿੰਦਰ ਓਬਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀ.ਬੀ. ਟੀਮਾਂ ਵੱਲੋਂ ਸਬ ਨੈਸ਼ਨਲ ਸਰਟੀਫਿਕੇਸ਼ਨ ਸੰਬੰਧੀ ਨਿਰਧਾਰਿਤ ਖੇਤਰਾਂ ਵਿਚ ਸਰਵੇ ਕੀਤਾ ਜਾਵੇਗਾ।ਇਸ ਮੰਤਵ ਲਈ ਜ਼ਿਲੇ ਅੰਦਰ 10 ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟੀ.ਬੀ. ਦੇ ਮਰੀਜ਼ਾਂ ਨੂੰ ਵਿਭਾਗ ਵੱਲੋਂ ਮੁਫਤ ਇਲਾਜ ਉਪਲੱਬਧ ਕਰਵਾਏ ਜਾਣ ਤੋਂ ਇਲਾਵਾ ਇਲਾਜ ਦੌਰਾਨ ਸੰਤੁਲਿਤ ਖ਼ੁਰਾਕ ਵਾਸਤੇ 500 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ 2025 ਤੱਕ ਟੀ.ਬੀ. ਦੇ ਬਿਲਕੁਲ ਖਾਤਮੇ ਦਾ ਟੀਚਾ ਰੱਖਿਆ ਗਿਆ ਹੈ ।ਜ਼ਿਕਰਯੋਗ ਹੈ ਕਿ ਜ਼ਿਲਾ ਸਿਹਤ ਵਿਭਾਗ ਨੇ ਟੀ.ਬੀ.ਉਨਮੂਲਣ ਪ੍ਰੋਗਰਾਮ ਵਿੱਚ ਬਿਹਤਰ ਕਾਰਗੁਜਾਰੀ ਲਈ ਇਸ ਸਾਲ ਕਾਂਸੀ ਦਾ ਮੈਡਲ ਹਾਸਿਲ ਕੀਤਾ ਹੈ ਅਤੇ ਹੁਣ ਅੱਗੇ ਸਿਲਵਰ ਮੈਡੀਕਲ ਲਈ ਨੋਮੀਨੇਸ਼ਨ ਭੇਜੀ ਜਾ ਰਹੀ ਹੈ। ਇਸ ਅਵਸਰ ਤੇ ਮਾਸ ਮੀਡੀਆ ਅਫਸਰ ਰੰਜੀਵ, ਫਾਰਮੇਸੀ ਅਫਸਰ ਰਾਜ ਕੁਮਾਰ, ਰਿੰਕੂ ਅਤੇ ਟੀ.ਬੀ. ਵਿੰਗ ਦਾ ਸਟਾਫ ਹਾਜ਼ਰ ਸੀ।