ਜਿਲ੍ਹੇ ਵਿੱਚ ਲੱਗਣਗੇ 7500 ਫੱਲਦਾਰ ਬੂਟੇ
15 ਜੁਲਾਈ ਨੂੰ ਪੂਰੇ ਪੰਜਾਬ ਵਿੱਚ 1.25 ਲੱਖ ਲਗਾਏ ਜਾਣਗੇ ਫੱਲਦਾਰ ਬੂਟੇ – ਸਹਾਇਕ ਕਮਿਸ਼ਨਰ
ਜਿਲ੍ਹੇ ਵਿੱਚ ਲੱਗਣਗੇ 7500 ਫੱਲਦਾਰ ਬੂਟੇ
ਅਮਰੀਕ ਸਿੰਘ
ਅੰਮ੍ਰਿਤਸਰ 12 ਜੁਲਾਈ
‘ਫੱਲ ਖਾਓ, ਤੰਦਰੁਸਤ ਰਹੋ’ ਦੀ ਮੁਹਿੰਮ ਤਹਿਤ ਬਾਗਬਾਨੀ ਵਿਭਾਗ ਪੰਜਾਬ ਵਲੋਂ ਰਾਜ ਪੱਧਰੀ ਪਹਿਲੀ ਫੱਲਦਾਰ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਤਹਿਤ 15 ਜੁਲਾਈ ਨੂੰ ਪੂਰੇ ਪੰਜਾਬ ਵਿੱਚ 1.25 ਲੱਖ ਫੱਲਦਾਰ ਬੂਟੇ ਲਗਾਏ ਜਾਣਗੇ।
ਇਸ ਸਬੰਧੀ ਮੀਟਿੰਗ ਕਰਦਿਆਂ ਹੋਇਆਂ ਸ੍ਰੀ ਸਚਿਨ ਪਾਠਕ ਸ਼ਿਕਾਇਤ ਕਮਿਸ਼ਨਰ ਸ਼ਿਕਾਇਤਾਂ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜਿਲ੍ਹਾ ਅੰਮ੍ਰਿਤਸਰ ਦੇ ਪੇਂਡੂ ਖੇਤਰ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ 10-10 ਫੱਲਦਾਰ ਬੂਟੇ ਲਗਾਏ ਜਾਣਗੇ। ਜਿਸ ਤਹਿਤ ਜਿਲ੍ਹੇ ਦੇ ਵਿੱਚ ਕੁੱਲ 7500 ਫੱਲਦਾਰ ਬੂਟੇ ਲੱਗਣਗੇ। ਉਨਾਂ ਦੱਸਿਆ ਕਿ ਇਹ ਸਾਰੇ ਬੂਟੇ ਬਾਗਬਾਨੀ ਵਿਭਾਗ ਪੰਜਾਬ ਵਲੋਂ ਸਕੂਲਾਂ ਨੂੰ ਮੁਹੱਈਆ ਕਰਵਾਏ ਜਾਣਗੇ। ਸ੍ਰੀ ਪਾਠਕ ਨੇ ਜਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਪੇਂਡੂ ਖੇਤਰ ਦੇ ਸਾਰੇ ਸਕੂਲਾਂ ਵਿੱਚ ਬੂਟੇ ਲਗਾਉਣ ਦਾ ਪ੍ਰਬੰਧ ਕਰਨਗੇ। ਉਨਾਂ ਕਿਹਾ ਕਿ ਇਸ ਕੰਮ ਲਈ ਖੇਤੀਬਾੜੀ ਵਿਭਾਗ, ਜੰਗਲਾਤ ਵਿਭਾਗ ਇਨਾਂ ਦੀ ਮੱਦਦ ਕਰਨਗੇ।
ਸ੍ਰੀ ਪਾਠਕ ਨੇ ਮੀਟਿੰਗ ਵਿੱਚ ਹਾਜਰ ਅਧਿਕਾਰੀਆਂ ਨੂੰ ਕਿਹਾ ਕਿ ਇਨਾਂ ਪੌਦਿਆਂ ਨੂੰ ਲਗਾਉਣ ਦੇ ਨਾਲ -ਨਾਲ ਇਨਾਂ ਦੀ ਦੇਖਰੇਖ ਵੀ ਸਹੀ ਢੰਗ ਨਾਲ ਕੀਤੀ ਜਾਵੇ ਅਤੇ ਸਕੂਲੀ ਬੱਚਿਆਂ ਨੂੰ ਇਹ ਪੌਦੇ ਅਡਾਪਟ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਸਕੂਲੀ ਬੱਚੇ ਛੋਟੀ ਉਮਰ ਤੋਂ ਹੀ ਵਾਤਾਵਰਨ ਪ੍ਰਤੀ ਉਤਸਾਹਿਤ ਹੋ ਸਕਣ। ਸ੍ਰੀ ਪਾਠਕ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਹਰੇਕ ਲੋਕ ਆਪਣੇ ਜੀਵਨ ਵਿੱਚ ਦੋ ਪੌਦੇ ਜ਼ਰੂਰ ਲਗਾਉਣ ਤਾਂ ਜੋ ਇਸ ਵਾਤਾਵਰਨ ਨੂੰ ਹਰਿਆਵਲ ਭਰਪੂਰ ਬਣਾਇਆ ਜਾ ਸਕੇ।
ਇਸ ਮੀਟਿੰਗ ਵਿੱਚ ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਤੀਸ਼ ਸ਼ਰਮਾ, ਡਿਪਟੀ ਡਾਇਰੈਕਟਰ ਬਾਗਬਾਨੀ, ਸ: ਤਜਿੰਦਰ ਸਿੰਘ, ਖੇਤੀਬਾੜੀ ਅਧਿਕਾਰੀ ਸ: ਬਲਜਿੰਦਰ ਸਿੰਘ , ਜਿਲ੍ਹਾ ਜੰਗਲਾਤ ਅਫ਼ਸਰ ਸ੍ਰੀ ਰਾਜੇਸ਼ ਗੁਲਾਟੀ, ਜਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ੍ਰੀ ਰਾਜੇਸ਼ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
===—-