ਹਾੜ੍ਹੀ 2022-23 ਲਈ ਕਣਕ ਦੇ ਬੀਜ ਦੀ ਸਬਸਿਡੀ ਦੀ ਪਾਲਿਸੀ ਜਾਰੀ : ਮੁੱਖ ਖੇਤੀਬਾੜੀ ਅਫ਼ਸਰਕਿਸਾਨ ਵੀਰ ਆਪਣੇ ਬਿਨੈ ਪੱਤਰ ਖੇਤੀਬਾੜੀ ਵਿਭਾਗ ਦੇ ਦਫਤਰਾਂ ਵਿੱਚ 26 ਅਕਤੂਬਰ 2022 ਤੱਕ ਜਮ੍ਹਾ ਕਰਵਾਉਣਅਮਰੀਕ ਸਿੰਘ ਗੁਰਦਾਸਪੁਰ, 17 ਅਕਤੂਬਰ ਪੰਜਾਬ ਸਰਕਾਰ ਵੱਲੋਂ ਪਨਸੀਡ ਰਾਜ ਬੀਜ ਨੋਡਲ ਏਜੰਸੀ ਘੋਸ਼ਤ ਕੀਤੀ ਗਈ ਹੈ ਅਤੇ ਕਣਕ ਦੇ ਬੀਜ ਦੀ ਸਬਸਿਡੀ ਪਨਸੀਡ ਰਾਹੀਂ ਹੀ ਸਬੰਧਤ ਅਦਾਰਿਆਂ ਅਤੇ ਏਜੰਸੀਆਂ ਨੂੰ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਕੰਵਲਪ੍ਰੀਤ ਸਿੰਘ ਨੇ ਦੱਸਿਆ ਹਾੜੀ 2022-23 ਦੌਰਾਨ ਕਿਸਾਨ ਵੀਰਾਂ ਨੂੰ ਕਣਕ ਦਾ ਤਸਦੀਕਸ਼ੁਦਾ (ਸਰਟੀਫਾਈਡ) ਬੀਜ ਖਰੀਦ ਸਮੇਂ ਹੀ ਸਬਸਿਡੀ ਦੀ ਰਕਮ ਘਟਾ ਕੇ ਦਿੱਤਾ ਜਾਵੇਗਾ ਅਤੇ ਸਬਸਿਡੀ ਦੀ ਰਕਮ ਪਨਸੀਡ ਰਾਹੀਂ ਸਬੰਧਤ ਏਜੰਸੀਆਂ ਦੇ ਖਾਤਿਆਂ ਵਿੱਚ ਭੇਜ ਦਿੱਤੀ ਜਾਵੇਗੀ ਅਤੇ ਕਣਕ ਦੇ ਤਸਦੀਕਸ਼ੁਦਾ ਬੀਜ ਦੀ ਖਰੀਦ ਸਮੇਂ ਹੀ ਕਿਸਾਨਾਂ ਨੂੰ ਬੀਜ ਦੀ ਕੀਮਤ ਦਾ 50% ਜਾਂ ਵੱਧ ਤੋ ਵੱਧ 1000/-ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦੀ ਰਕਮ ਘਟਾ ਕੇ ਦਿੱਤਾ ਜਾਵੇਗਾ ਅਤੇ ਇੱਕ ਕਿਸਾਨ ਨੂੰ ਵੱਧ ਤੋ ਵੱਧ 5 ਏਕੜ ਲਈ ਬੀਜ ਤੇ ਸਬਸਿਡੀ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਹ ਸਬਸਿਡੀ ਪਹਿਲ ਦੇ ਆਧਾਰ ਉੱਤੇ ਢਾਈ ਏਕੜ ਤੱਕ ਦੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਬਕਾਇਆ ਸਬਸਿਡੀ ਢਾਈ ਤੋ ਪੰਜ ਏਕੜ ਤੱਕ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਣਕ ਦੇ ਬੀਜ ਦੀ ਸਬਸਿਡੀ ਪ੍ਰਾਪਤ ਕਰਨ ਲਈ ਨਿਰਧਾਰਤ ਪ੍ਰੋਫਾਰਮਾ ਵਿਭਾਗ ਦੀ ਵੈਬਸਾਈਟ www.agri.punjab.gov.in ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਕਿਸਾਨ ਵੀਰ ਆਪਣੇ ਮੁਕੰਮਲ ਬਿਨੈ ਪੱਤਰ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਜਾਂ ਬਲਾਕ ਪੱਧਰ ਦੇ ਦਫਤਰਾਂ ਵਿੱਚ ਮਿਤੀ 26.10.2022 ਤੱਕ ਜਮ੍ਹਾ ਕਰਵਾ ਸਕਦੇ ਹਨ ਅਤੇ ਨਿਰਧਾਰਤ ਮਿਤੀ ਤੋਂ ਬਾਅਦ ਪ੍ਰਾਪਤ ਅਰਜੀਆਂ `ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ। ਵਿਭਾਗ ਦੇ ਬਲਾਕ ਪੱਧਰ ਦੇ ਅਧਿਕਾਰੀ ਯੋਗ ਪਾਈਆਂ ਅਰਜੀਆਂ ਵਾਲੇ ਕਿਸਾਨਾਂ ਨੂੰ ਤੁਰੰਤ ਪਰਮਿਟ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਬਲਾਕ ਵਿੱਚ ਅਲਾਟ ਕੀਤੀ ਗਿਣਤੀ ਤੋਂ ਵੱਧ ਬਿਨੈ ਪੱਤਰ ਪ੍ਰਾਪਤ ਹੁੰਦੇ ਹਨ ਤਾਂ ਡਰਾਅ ਆਫ਼ ਲਾਟਸ ਰਾਹੀਂ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਕਿਸਾਨ ਕੇਵਲ ਪੰਜਾਬ ਰਾਜ ਬੀਜ ਪ੍ਰਮਾਨਣ ਸੰਸਥਾ ਵੱਲੋ ਰਜਿਸਟਰਡ ਕੀਤੇ ਸਰਕਾਰੀ/ਅਰਧ ਸਰਕਾਰੀ ਸੰਸਥਾਵਾਂ/ਸਹਿਕਾਰੀ ਅਦਾਰੇ ਜਿਵੇਂ ਕਿ ਪਨਸੀਡ ਜੋ ਕਿ ਰਾਜ ਬੀਜ ਨੋਡਲ ਏਜੰਸੀ ਤੋਂ ਇਲਾਵਾ ਐਨ.ਐਸ.ਸੀ., ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕਰਿਭਕੋਂ, ਪੰਜਾਬ ਐਗੋ, ਆਈ.ਐਫ.ਐਫ.ਡੀ.ਸੀ./ ਇਫਕੋ,ਐਚ.ਆਈ.ਐਲ, ਨੈਫੈਡ, ਐਨ.ਐਫ.ਐਲ ਆਦਿ ਦੇ ਸੇਲ ਸੈਟਰਾਂ ਜਾਂ ਉਨ੍ਹਾਂ ਦੇ ਅਧਿਕਾਰਤ ਡੀਲਰਾਂ ਪਾਸੋਂ ਹੀ ਤਸਦੀਕਸ਼ੁਦਾ (ਸਰਟੀਫਾਈਡ) ਬੀਜ ਸਬਸਿਡੀ ਦੀ ਰਕਮ ਘਟਾ ਕੇ ਪ੍ਰਾਪਤ ਕਰਨਗੇ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਪਰਮਿਟ ਦੇ ਆਧਾਰ ਤੇ ਬੀਜ ਖਰੀਦਣ ਉਪਰੰਤ ਕਿਸਾਨ ਤਸਦੀਕ ਸੁਦਾ ਬੀਜ ਦਾ ਬਿੱਲ ਅਤੇ ਕਣਕ ਦੇ ਬੀਜ ਵਾਲਾ ਸਰਟੀਫਿਕੇਸ਼ਨ ਟੈਗ ਸਬੰਧਤ ਖੇਤੀਬਾੜੀ ਬਲਾਕ ਦਫਤਰ, ਸਹਿਕਾਰੀ ਸਭਾਵਾਂ, ਰਜਿਸਟਰਡ ਡੀਲਰ, ਸੇਲ ਸੈਂਟਰ ਕੋਲ ਬੀਜ ਦੀ ਖਰੀਦ ਸਮੇਂ ਹੀ ਜਮ੍ਹਾਂ ਕਰਵਾਏਗਾ।ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਵਿਭਾਗ ਵੱਲੋਂ ਕਣਕ ਦੇ ਤਸਦੀਕੁਸਦਾ ਬੀਜ ਦੀ ਸਬਸਿਡੀ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਅਤੇ ਭਾਰਤ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਨਵੀਂਆਂ ਕਿਸਮਾਂ ਐਚ.ਡੀ.3086, ਉਨਤ ਪੀ.ਬੀ.ਡਬਲਯੂ 343,ਉਨਤ ਪੀ.ਬੀ.ਡਬਲਯੂ 550, ਪੀ.ਬੀ.ਡਬਲਯੂ 1 ਜਿੰਕ, ਪੀ.ਬੀ.ਡਬਲਯੂ 725, ਪੀ.ਬੀ.ਡਬਲਯੂ 677, ਡਬਲਯੂ ਐਚ 1105, ਪੀ.ਬੀ.ਡਬਲਯੂ 766, ਐਚ.ਡੀ. 322 ਡੀ.ਬੀ.ਡਬਲਯੂ, 187, ਡੀ.ਬੀ.ਡਬਲਯੂ 222, ਡੀ.ਬੀ.ਡਬਲਯੂ 303 ਅਤੇ ਪਿਛੇਤੀ ਬਿਜਾਈ ਲਈ ਪੀ.ਬੀ.ਡਬਲਯੂ 752, ਪੀ.ਬੀ.ਡਬਲਯੂ 757, ਪੀ.ਬੀ.ਡਬਲਯੂ 771 ਅਤੇ ਬਰਾਨੀ ਹਾਲਾਤਾਂ ਲਈ ਪੀ.ਬੀ.ਡਬਲਯੂ 660 ਤੇ ਹੀ ਦਿੱਤੀ ਜਾਵੇਗੀ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦਾ ਸਰਟੀਫਾਈਡ ਬੀਜ ਲੈਣ ਸਰਕਾਰ ਵੱਲੋਂ ਨਿਯਤ ਸਮੇਂ ਦੇ ਅੰਦਰ ਅੰਦਰ ਆਪਣੀਆਂ ਦਰਖਾਸਤਾਂ ਬਲਾਕ ਪੱਧਰ ਦੇ ਦਫਤਰਾਂ ਵਿੱਚ ਜਮ੍ਹਾ ਕਰਵਾਉਣ ਤਾਂ ਜੋ ਕਣਕ ਦਾ ਬਿਜਾਈ ਸਮੇਂ ਸਿਰ ਕੀਤੀ ਜਾ ਸਕੇ।