ਸੜਕੀ ਹਾਦਸਿਆਂ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ - ਰਣਬੀਰ ਸਿੰਘ ਭੁੱਲਰਵਿਧਾਇਕ ਵੱਲੋਂ ਦੁਕਾਨਾਂ, ਬਜ਼ਾਰਾਂ ਵਿੱਚ ਜਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਕੀਤਾ ਗਿਆ ਜਾਗਰੂਕਮਾਪੇ ਬੱਚਿਆਂ ਨੂੰ ਹੈਲਮਟ ਜਾਂ ਦਸਤਾਰ ਅਤੇ ਲਾਇਸੰਸ ਤੋਂ ਬਿਨਾਂ ਦੁਪਹੀਆ ਵਾਹਨ ਨਾ ਚਲਾਉਣ ਦੇਣGURSHARAN SINGH SANDHU ਫਿਰੋਜ਼ਪੁਰ, 06 ਦਸੰਬਰ 2022: ਹਾਦਸਿਆਂ ਜਾਂ ਹੋਰ ਸੜਕ ਦੁਰਘਟਨਾਵਾਂ ਤੋਂ ਬਚਣ, ਆਪਣੀ ਤੇ ਪਰਿਵਾਰ ਦੀ ਸੁਰੱਖਿਆ ਲਈ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਤਾਂ ਜੋ ਇਨ੍ਹਾਂ ਹਾਦਸਿਆਂ ਤੋਂ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਦੇ ਬਜ਼ਾਰਾਂ, ਦੁਕਾਨਾਂ ਵਿੱਚ ਖੁਦ ਜਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕ ਕਰਨ ਮੌਕੇ ਕੀਤਾ। ਸ. ਰਣਬੀਰ ਸਿੰਘ ਭੁੱਲਰ ਨੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਨਾ ਡਰਾਈਵਿੰਗ ਲਾਇਸੰਸ ਵਾਲੇ ਬੱਚਿਆਂ ਨੂੰ ਸਕੂਲ ਆਦਿ ਜਾਣ ਵੇਲੇ ਵਹੀਕਲ ਦੇਣ ਤੋਂ ਸਖ਼ਤੀ ਨਾਲ ਗੁਰੇਜ਼ ਕੀਤਾ ਜਾਵੇ ਤਾਂ ਜੋ ਕਿਸੇ ਅਣਸੁਖਾਵੇਂ ਹਾਦਸੇ ਤੋਂ ਬਚਾਅ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮਾਪੇ ਬੱਚਿਆਂ ਨੂੰ ਹੈਲਮਟ ਜਾਂ ਦਸਤਾਰ ਅਤੇ ਲਾਇਸੰਸ ਤੋਂ ਬਿਨਾਂ ਦੁਪਹੀਆ ਵਾਹਨ ਚਲਾਉਣ ਨੂੰ ਨਾ ਦੇਣ। ਇਸ ਨਾਲ ਉਹ ਆਪਣੇ ਨਾਲ-ਨਾਲ ਹੋਰਨਾਂ ਦੀ ਜ਼ਿੰਦਗੀ ਵੀ ਖ਼ਤਰੇ ਵਿੱਚ ਪਾਉਂਦੇ ਹਨ। ਉਨ੍ਹਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਸੁਚਾਰੂ ਟ੍ਰੈਫਿਕ ਵਿਵਸਥਾ ਲਈ ਟ੍ਰੈਫਿਕ ਪੁਲਿਸ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਦਾ ਪੂਰਨ ਸਹਿਯੋਗ ਮਿਲਦਾ ਹੈ ਤਾਂ ਟ੍ਰੈਫਿਕ ਸਬੰਧੀ ਕੋਈ ਵੀ ਪ੍ਰੇਸ਼ਾਨੀ ਨਹੀਂ ਆਵੇਗੀ ਅਤੇ ਨਾ ਹੀ ਕਿਸੇ ਨੂੰ ਕੀਮਤੀ ਜਾਨ ਗੁਆਉਣੀ ਪਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਹੀਕਲ ਚਲਾਉਣ ਸਮੇਂ ਆਪਣੇ ਕਾਗਜ਼ਾਤ ਪੂਰੇ ਰੱਖਣ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਲੋਕ ਵਹੀਕਲ ਚਲਾਉਣ ਸਮੇਂ ਮੋਬਾਈਲ ਦੀ ਵਰਤੋ ਬਿਲਕੁਲ ਨਾ ਕਰਨ ਕਿਉਂਕਿ ਇਸ ਨਾਲ ਜਿੱਥੇ ਅਸੀਂ ਆਪਣੀ ਜਾਨ ਖ਼ਤਰੇ ਵਿੱਚ ਪਾਉਂਦੇ ਹਾਂ ਉੱਥੇ ਹੀ ਮੋਬਾਈਲ ਖੋਹ ਵਰਗੀਆਂ ਘਟਨਾਵਾਂ ਵੀ ਵਾਪਰਦੀਆਂ ਹਨ। ਉਨ੍ਹਾਂ ਪੁਲਿਸ ਨੂੰ ਟ੍ਰੈਫਿਕ ਨਿਯਮ ਤੋੜਨ ਵਾਲਿਆਂ, ਜੋ ਕਿ ਨਾ ਕੇਵਲ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਉਂਦੇ ਹਨ ਬਲਕਿ ਦੂਜਿਆ ਦੀ ਕੀਮਤੀ ਜਾਨ ਲਈ ਵੀ ਖਤਰਾ ਬਣਦੇ ਹਨ, ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਚੋਰੀ ਆਦਿ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਨਾ ਸਬੰਧੀ ਇਕ ਹਫ਼ਤੇ ਵਿੱਚ ਬਿਨਾ ਨੰਬਰੀ, ਕਾਗਜ਼ਾਤ ਤੋਂ ਬਿਨਾ ਚੱਲਦੇ 250 ਤੋਂ ਵੱਧ ਵਾਹਨ ਵੀ ਜਬਤ ਕੀਤੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਮਨਮੀਤ ਸਿੰਘ, ਬਲਰਾਜ ਸਿੰਘ ਕਟੋਰਾ, ਰਾਜ ਬਹਾਦਰ ਸਿੰਘ ਤੇ ਹਿਮਾਂਸ਼ੂ ਆਦਿ ਵੀ ਹਾਜ਼ਰ ਸਨ। ----