ਸ੍ਰੀ ਗੁਰੂ ਰਾਮਦਾਸ ਜੀ ਲਾਇਬ੍ਰੇਰੀ ਦੀ ਪੁਸਤਕ ਸੂਚੀ ਐਡਵੋਕੇਟ ਧਾਮੀ ਨੇ ਕੀਤੀ ਜਾਰੀ
ਅਮਰੀਕ ਸਿੰਘ
ਅੰਮ੍ਰਿਤਸਰ, 6 ਸਤੰਬਰ-
ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਲਾਇਬ੍ਰੇਰੀ ਵਿਚ ਸੁਰੱਖਿਅਤ ਪੰਜਾਬੀ ਪੁਸਤਕਾਂ ਦੀ ਤਿਆਰ ਕੀਤੀ ਗਈ ਸੂਚੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਾਰੀ ਕੀਤੀ ਗਈ। ਇਹ ਲਾਇਬ੍ਰੇਰੀ 1927 ਵਿਚ ਸਥਾਪਤ ਕੀਤੀ ਗਈ ਸੀ, ਜੋ ਮੌਜੂਦਾ ਸਮੇਂ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਿਵਾਸ ’ਚ ਕਾਰਜਸ਼ੀਲ ਹੈ। ਇਸ ਲਾਇਬ੍ਰੇਰੀ ਵਿਚ ਕਰੀਬ 13 ਹਜ਼ਾਰ ਪੁਸਤਕਾਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਸ ਲਾਇਬ੍ਰੇਰੀ ਦੀਆਂ ਪੰਜਾਬੀ ਪੁਸਤਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ਦੀ ਗਿਣਤੀ 5260 ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੁਸਤਕ ਸੂਚੀ ਜਾਰੀ ਕਰਦਿਆਂ ਕਿਹਾ ਕਿ ਕਰੀਬ 100 ਸਾਲ ਪਹਿਲਾਂ ਹੋਂਦ ਵਿਚ ਆਈ ਸ੍ਰੀ ਗੁਰੂ ਰਾਮਦਾਸ ਲਾਇਬ੍ਰੇਰੀ ਅੰਦਰ ਕਈ ਅਹਿਮ ਪੁਸਤਕਾਂ ਸ਼ਾਮਲ ਹਨ, ਜਿਨ੍ਹਾਂ ਬਾਰੇ ਖੋਜਾਰਥੀਆਂ ਅਤੇ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਤਿਆਰ ਕੀਤੀ ਪੁਸਤਕ ਸੂਚੀ ਅਹਿਮ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਲਾਇਬ੍ਰੇਰੀ ਵਿਚ ਪੰਜਾਬੀ ਦੀਆਂ 5260 ਪੁਸਤਕਾਂ ਤੋਂ ਇਲਾਵਾ ਅੰਗਰੇਜ਼ੀ ਦੀਆਂ 6200, ਉਰਦੂ 1200, ਹਿੰਦੀ 1775, ਬੰਗਾਲੀ ਦੀਆਂ 49 ਅਤੇ ਫਾਰਸੀ 54 ਪੁਸਤਕਾਂ ਤੋਂ ਇਲਾਵਾ ਕਈ ਹੋਰ ਭਾਸ਼ਾਵਾਂ ਦੀਆਂ ਕਿਤਾਬਾ ਵੀ ਮੌਜੂਦ ਹਨ। ਇਸ ਇਲਾਵਾ ਲਾਇਬ੍ਰੇਰੀ ਵਿਚ ਪੁਰਾਣੇ ਅਖਬਾਰ ਅਤੇ ਰਸਾਲੇ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਇਸ ਲਾਇਬ੍ਰੇਰੀ ਦੇ ਚੋਣਵੇਂ ਅਹਿਮ ਸਾਹਿਤਕ ਖਾਜ਼ਨੇ ਨੂੰ ਇਕ ਵੈੱਬਸਾਈਟ ਜਰੀਏ ਪ੍ਰਦਰਸ਼ਤ ਕੀਤਾ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਖੋਜਾਰਥੀ ਇਸ ਨੂੰ ਆਪਣੀ ਖੋਜ ਦਾ ਹਿੱਸਾ ਬਣਾ ਸਕਣ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੁਸਤਕ ਸੂਚੀ ਤਿਆਰ ਕਰਵਾਉਣ ਲਈ ਲਾਇਬ੍ਰੇਰੀਅਨ ਬੀਬੀ ਰਮਿੰਦਰ ਕੌਰ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਦੂਜੀਆਂ ਭਾਸ਼ਾਵਾਂ ਦੀ ਵੀ ਪੁਸਤਕ ਸੂਚੀ ਪ੍ਰਕਾਸ਼ਤ ਕੀਤੀ ਜਾਵੇਗੀ।
ਪੁਸਤਕ ਸੂਚੀ ਜਾਰੀ ਕਰਨ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਓਐਸਡੀ ਸ. ਸਤਬੀਰ ਸਿੰਘ ਧਾਮੀ, ਸਕੱਤਰ ਸ. ਪ੍ਰਤਾਪ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਸ. ਸ਼ਾਹਬਾਜ ਸਿੰਘ, ਸ. ਗੁਰਨਾਮ ਸਿੰਘ, ਇੰਚਾਰਜ ਸ. ਗੁਰਮੀਤ ਸਿੰਘ ਮੁਕਤਸਰੀ, ਰਾਗੀ ਭਾਈ ਸ਼ੌਕੀਨ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਜੁਝਾਰ ਸਿੰਘ ਆਦਿ ਹਾਜ਼ਰ ਸਨ।
____________________