ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਾਸਤੇ ਵੋਟਰਾਂ ਦੀ ਰਜਿਸਟਰੇਸ਼ਨ ਲਈ ਪੂਰਾ ਜ਼ੋਰ ਲਾਉਣ ਦੀ ਕੀਤੀ ਅਪੀਲ
ਅਮਰੀਕ ਸਿੰਘ
*ਚੰਡੀਗੜ੍ਹ, 4 ਸਤੰਬਰ :
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆ ਚੋਣਾਂ ਵਾਸਤੇ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟਰੇਸ਼ਨ ਲਈ ਪੂਰਾ ਜ਼ੋਰ ਲਾਉਣ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਸਮਾਂ ਆ ਗਿਆ ਹੈ ਕਿ ਅਸੀਂ ਆਧੁਨਿਕ ਮਹੰਤਾਂ ਤੋਂ ਆਪਣੇ ਗੁਰਧਾਮਾਂ ਨੂੰ ਮੁਕਤ ਕਰਵਾ ਕੇ ਫਿਰ ਤੋਂ ਇਹਨਾਂ ਦੀ ਸੇਵਾ ਸੰਗਤ ਨੂੰ ਸੌਂਪੀਏ।
ਅਕਾਲੀ ਦਲ ਦੇ ਪ੍ਰਧਾਨ ਨੇ ਹਰਿਆਣਾ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ-ਨਾਲ ਪ੍ਰਮੁੱਖ ਸ਼ਖਸੀਅਤਾਂ ਜਿਹਨਾਂ ਵਿਚ ਹਰਿਆਣਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਸਹੋਤਾ, ਬਲਦੇਵ ਸਿੰਘ ਤੇ ਅਮਰਜੀਤ ਕੌਰ ਵੀ ਸ਼ਾਮਲ ਸਨ, ਨਾਲ ਇਸ ਮਾਮਲੇ ’ਤੇ ਵਿਸਥਾਰ ਵਿਚ ਵਿਚਾਰ ਵਟਾਂਦਰਾ ਕੀਤਾ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰੀ ਕਮੇਟੀ ਦਾ ਅਸਲ ਚੇਹਰਾ ਉਦੋਂ ਹੀ ਬੇਨਦਾਬ ਹੋ ਗਿਆ ਸੀ ਜਦੋਂ ਕਮੇਟੀ ਮੈਂਬਰ ਆਪਸ ਵਿਚ ਗਾਲੋ ਗਾਲੀ ਹੋਏ ਸਨ ਤੇ ਇਕ ਦੂਜੇ ਦੀ ਖਿੱਚ ਧੂਹ ਕੀਤੀ ਸੀ। ਉਹਨਾਂ ਨੇ ਲੋਕਾਂ ਨੇ ਆਪ ਵੇਖਿਆ ਹੈ ਕਿ ਕਿਵੇਂ ਸਰਕਾਰੀ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਨੇ ਅਸਤੀਫੇ ਦਿੱਤੇ ਹਨ ਜਦੋਂ ਕਿ ਉਹਨਾਂ ’ਤੇ ਗੁਰਦੁਆਰਾ ਫੰਡਾਂ ਦੀ ਦੁਰਵਰਤੋਂ ਕਰਨ ਤੇ ਅਨੈਤਿਕ ਕੰਮਾਂ ਵਿਚ ਲੱਗੇ ਹੋਣ ਦੇ ਦੋਸ਼ ਵੀ ਲੱਗੇ ਹਨ। ਉਹਨਾਂ ਕਿਹਾ ਕਿ ਇਸ ਨਾਲ ਹਰਿਆਣਾ ਵਿਚ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ ਤੇ ਸਿੱਖ ਕੌਮ ਮਹੰਤਾਂ ਨੂੰ ਬਾਹਰ ਕਰ ਕੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧਕ ਆਪਣੇ ਹੱਥਾਂ ਵਿਚ ਲੈਣਾ ਚਾਹੁੰਦੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਇਹਵੀ ਦੱਸਿਆ ਕਿ ਕਿਵੇਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਹਰਿਆਣਾ ਗੁਰਦੁਆਰਾ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੂਰ ਲਿਜਾਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇਹ ਗੱਲ ਸਿੱਖਾਂ ਨੂੰ ਬਰਦਾਸ਼ਤ ਨਹੀਂ ਕਿ ਕੋਈ ਉਹਨਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਕਰੇ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਅਪੀਲ ਕੀਤੀ ਕਿ ਉਹ ਹਰਿਆਣਾ ਦੀ ਅਕਾਲੀ ਲੀਡਰਸ਼ਿਪ ਦੇ ਨਾਲ ਰਲ ਕੇ ਵੋਟਰਾਂ ਦੀ ਰਜਿਸਟਰੇਸ਼ਨ ਦੀ ਮੁਹਿੰਮ ਵਿਚ ਸ਼ਮੂਲੀਅਤ ਕਰਨ। ਉਹਨਾਂ ਕਿਹਾ ਕਿ ਸਾਰੇ ਸਿੱਖ ਘਰਾਂ ਤੱਕ ਪਹੁੰਚ ਕਰ ਕੇ ਉਹਨਾਂ ਦੇ ਵੋਟਰ ਰਜਿਸਟਰੇਸ਼ਨ ਫਾਰਮ ਭਰਵਾਏ ਜਾਣ ਤੇ ਉਹਨਾਂ ਨੂੰ ਖਾਲਸਾ ਪੰਥ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਇਹ ਵੀ ਦੱਸਿਆ ਜਾਵੇ ਕਿ ਕਿਵੇਂ ਸਰਕਾਰ ਕੌਮ ਵਿਚ ਜਾਅਲੀ ਆਗੂ ਖੜ੍ਹੇ ਕਰ ਰਹੀ ਹੈ।______