ਸਿੱਖ ਜਰਨੈਲ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਤਾਬਦੀ ਸਮਾਗਮ 12 ਅਗਸਤ ਤੋਂ ਇੰਗਲੈਂਡ ਦੇ ਵੱਖ ਵੱਖ ਗੁਰੂ ਘਰਾਂ ਵਿੱਚ ਅਰੰਭ
ਅਮਰੀਕ ਸਿੰਘ
ਬਠਿੰਡਾ:- 12 ਅਗਸਤ ( ) ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੰਗਲੈਂਡ ਦੀਆਂ ਸਿੱਖ ਸੰਗਤਾਂ ਦੀ ਜ਼ੋਰਦਾਰ ਮੰਗ ਨੂੰ ਮੁੱਖ ਰਖਦਿਆਂ ਮਿਤੀ 12 ਅਗਸਤ ਤੋਂ 29 ਅਗਸਤ ਤੱਕ ਵੱਖ-ਵੱਖ ਗੁਰੂ ਅਸਥਾਨਾਂ ਦੇ ਗੁਰਮਤਿ ਸਮਾਗਮ ਅਯੋਜਿਤ ਕੀਤੇ ਗਏ ਹਨ। ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵਿਸ਼ੇਸ਼ ਤੌਰ ਤੇ ਇੰਗਲੈਂਡ ਪਹੁੰਚ ਚੁਕੇ ਹਨ। ਜਿਥੇ ਉਨ੍ਹਾਂ ਦਾ ਭਰਵਾ ਪੁਰਜੋਰ ਸਵਾਗਤ ਕੀਤਾ ਗਿਆ ਹੈ।
ਇਸ ਸਬੰਧੀ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆ ਦਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ ਇੰਗਲੈਂਡ ਦੀਆਂ ਸੰਗਤਾਂ ਨੂੰ ਬੁੱਢਾ ਦਲ ਕੋਲ ਮੌਜੂਦ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਣਗੇ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਟਾਰ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਸ੍ਰੀ ਸਾਹਿਬ, ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਢਾਲ, ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਖੰਜਰ, ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ ਦੀ ਸ਼ਮਸ਼ੀਰ, ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਦਸਤਾਰ ਦਾ ਚੱਕਰ ਆਦਿ ਦੇ ਦਰਸ਼ਨ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ 12 ਅਗਸਤ ਨੂੰ ਮਾਨਚੈਸਟਰ, 13 ਅਗਸਤ ਨੂੰ ਜੀ ਐਨ ਜੀ ਸਮੈਥਵਿਕ, ਗੁਰਦੁਆਰਾ ਨਾਨਕਸਰ ਵਿਖੇ 14 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਨ੍ਹਾਂ ਦਾ ਭੋਗ 16 ਅਗਸਤ ਨੂੰ ਪਵੇਗਾ। 17 ਅਗਸਤ ਨੂੰ ਗੁਰੂ ਅਰਜਨ ਦੇਵ ਜੀ ਦੇਰਬੀ, 18 ਅਗਸਤ ਨੂੰ ਗੁਰਦੁਆਰਾ ਗਰੀਬ ਨਿਵਾਜ਼ ਹਾਈਸ, 19 ਅਗਸਤ ਨੁੰ ਖਾਲਸਾ ਦਰਬਾਰ ਸ਼ੈਪਰਡਸ ਬੁਸ਼, 20 ਅਗਸਤ ਨੂੰ ਸ੍ਰੀ ਸਿੰਘ ਸਭਾ ਸਾਊਥਹਾਲ ਅਤੇ ਸ੍ਰੀ ਗੁਰੂ ਸਿੰਘ ਸਭਾ ਸਲਾਜ਼, ਗੁਰਦੁਆਰਾ ਸਿੰਘ ਸਭਾ ਸੈਵਨ ਕਿੰਗਸ ਈਸਟ ਲੰਡਨ ਵਿਖੇ 21 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਨ੍ਹਾਂ ਦਾ ਭੋਗ 24 ਅਗਸਤ ਨੂੰ ਪਵੇਗਾ। 25 ਅਗਸਤ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਲਾਈਕੈਸਟਰ, 26 ਅਗਸਤ ਨੂੰ ਗੁਰਦੁਆਰਾ ਨਾਨਕਸਰ ਠਾਠ, 27 ਅਗਸਤ ਤੋਂ 29 ਨੂੰ ਬਰਸੀ ਸਮਾਗਮ ਵੈਸਟ ਬਰੋਮ ਗੁਰਦੁਆਰਾ ਬਾਬਾ ਕੇ ਵਿਖੇ ਸਮਾਗਮ ਹੋਣਗੇ।