ਸਿੱਖਾਂ ਦੇ 5ਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ
ਅਮਰੀਕ ਸਿੰਘ
ਅੰਮ੍ਰਿਤਸਰ 10 ਜੂਨ
ਸਿੱਖਾਂ ਦੇ 5ਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਇੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ।
ਗੁਰਦੁਆਰਾ ਰਾਮ ਸਰ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਕਈ ਰਾਗੀ ਢਾਡੀ ਗੁਰਬਾਣੀ ਕੀਰਤਨ ਕਰਦੇ ਹੋਏ ਅਤੇ ਪ੍ਰਚਾਰਕਾਂ ਨੇ ਗੁਰੂ ਅਰਜਨ ਦੇਵ ਜੀ ਦੇ ਸਿੱਖ ਇਤਿਹਾਸ ਅਤੇ ਸਿੱਖਿਆਵਾਂ ‘ਤੇ ਚਾਨਣਾ ਪਾਇਆ।
ਕਈ ਥਾਵਾਂ ‘ਤੇ ਮਿੱਠੇ ਅਤੇ ਠੰਡੇ ਪਾਣੀ ਦੇ ਸਟਾਲ ਲਗਾਏ ਗਏ ਸਨ।
ਬਾਣੀ ਦੇ ਬੋਹਿਥ, ਸ਼ਾਂਤੀ ਦੇ ਪੁੰਜ ਅਤੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਅਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਛਬੀਲ ਲਗਾਈ ਗਈ। ਐਜ਼ੂਕੇਸ਼ਨ ਕਾਲਜ ਪ੍ਰਿੰਸੀਪਲ ਡਾ. ਮਨਦੀਪ ਕੌਰ ਅਤੇ ਵੂਮੈਨ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਸਹਿਯੋਗ ਸਦਕਾ ਵਿਦਿਆਰਥੀਆਂ ਨੇ ਮਿੱਠੇ ਜਲ, ਮੈਂਗੋ ਛੇਕ, ਜਲ ਜ਼ੀਰਾ ਆਦਿ ਵੱਖ-ਵੱਖ ਤਰ੍ਹਾਂ ਦੀ ਛਬੀਲ ਤੋਂ ਇਲਾਵਾ ਕੜਾਹ ਤੇ ਭੰਗੂਰ ਦਾ ਪ੍ਰਸ਼ਾਦ ਰਾਹਗੀਰਾਂ ਤੇ ਆਮ ਲੋਕਾਂ ਨੂੰ ਵਰਤਾਇਆ।
ਉਕਤ ਛਬੀਲ ’ਚ ਸੇਵਾ ਕਰਨ ਉਪਰੰਤ ਪ੍ਰਿੰ: ਡਾ. ਮਨਦੀਪ ਕੌਰ ਅਤੇ ਡਾ. ਸੁਰਿੰਦਰ ਕੌਰ ਨੇ ਸਾਂਝੇ ਤੌਰ ’ਤੇ ਕਿਹਾ ਕਿ ਸਿੱਖ ਇਤਿਹਾਸ ਦੇ ਪਹਿਲੇ ਲਾਸਾਨੀ ਸ਼ਹੀਦ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਅਦੁੱਤੀ ਸ਼ਹਾਦਤ ਮਹਾਨ ਆਦਰਸ਼ ਲਈ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਲੋਕ ਪੀੜਾ ਅਤੇ ਲੋਕਾਈ ਦੇ ਦਰਦ ਨੂੰ ਆਪਣੇ ਪਿੰਡੇ ’ਤੇ ਹੰਢਾਉਂਦਿਆਂ ਧਰਮ, ਸੱਚ ਤੇ ਮਨੁੱਖਤਾ ਦੀ ਭਲਾਈ ਹਿੱਤ ਮਹਾਨ ਸ਼ਹਾਦਤ ਦਿੱਤੀ, ਜਿਸ ਲਈ ਗੁਰੂ ਜੀ ਨੂੰ ‘ਸਿੱਖਾਂ ਦੇ ਸਿਰਤਾਜ’ ਵਜੋਂ ਸਨਮਾਨ ਹਾਸਲ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਸਭਨਾਂ ਨੂੰ ਗੁਰੂ ਸਾਹਿਬ ਦੁਆਰਾ ਵਿਖਾਏ ਮਾਰਗ ’ਤੇ ਚੱਲਦਿਆਂ ਦੇਸ਼, ਸਮਾਜ ਦੀ ਉਨਤੀ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਸਹੀ ਸੇਧ ਲਈ ਜਾਗਰੂਕਤਾ ਪੈਦਾ ਕਰਨਾ ਚਾਹੀਦੀ ਹੈ। ਛਬੀਲ ਦੌਰਾਨ ਵਿਦਿਆਰਥੀਆਂ ਵੱਲੋਂ ਆਲੇ-ਦੁਆਲੇ ਦੀ ਸਾਂਭ-ਸੰਭਾਲ ਦੇ ਮੰਤਵ ਤਹਿਤ ਯੋਗ ਸਫ਼ਾਈ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਮੌਕੇ ਉਕਤ ਅਦਾਰਿਆਂ ਦੇ ਸਟਾਫ਼ ਆਦਿ ਨੇ ਵੀ ਛਬੀਲ ’ਚ ਸੇਵਾ ਨਿਭਾਈ।
______eom