Breaking News

ਸ਼੍ਰੋਮਣੀ ਕਮੇਟੀ ਦੇ ਸਿੱਖ ਮਿਸ਼ਨਰੀ ਅਦਾਰਿਆਂ ’ਚ ਪੜ੍ਹੇ 37 ਸਿੱਖ ਨੌਜਵਾਨਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ

ਨੌਕਰੀ ਸਮਝਕੇ ਨਹੀਂ ਸਗੋਂ ਸੇਵਾ ਭਾਵ, ਭੈਅ ਭਾਵਨੀ ’ਚ ਰਹਿ ਕੇ ਕਾਰਜ ਕਰਨ ਸਿੱਖ ਨੌਜਵਾਨ- ਐਡਵੋਕੇਟ ਧਾਮੀ

ਸ਼੍ਰੋਮਣੀ ਕਮੇਟੀ ਦੇ ਸਿੱਖ ਮਿਸ਼ਨਰੀ ਅਦਾਰਿਆਂ ’ਚ ਪੜ੍ਹੇ 37 ਸਿੱਖ ਨੌਜਵਾਨਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ

ਨੌਕਰੀ ਸਮਝਕੇ ਨਹੀਂ ਸਗੋਂ ਸੇਵਾ ਭਾਵ, ਭੈਅ ਭਾਵਨੀ ’ਚ ਰਹਿ ਕੇ ਕਾਰਜ ਕਰਨ ਸਿੱਖ ਨੌਜਵਾਨ- ਐਡਵੋਕੇਟ ਧਾਮੀ

ਅਮਰੀਕ ਸ ਸਿੰਘ 

ਅੰਮ੍ਰਿਤਸਰ, 20 ਫ਼ਰਵਰੀ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸਿੱਖ ਮਿਸ਼ਨਰੀ ਅਦਾਰਿਆਂ ਤੋਂ ਗੁਰਸਿੱਖੀ ਦੀ ਵਿੱਦਿਆ ਪ੍ਰਾਪਤ ਕਰਨ ਵਾਲੇ 37 ਸਿੱਖ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਿੱਖੀ ਪ੍ਰਚਾਰ ਅਤੇ ਗੁਰਦੁਆਰਾ ਪ੍ਰਬੰਧ ਦੀਆਂ ਸੇਵਾਵਾਂ ਲਈ ਤੋਰਿਆ ਹੈ। ਇਨ੍ਹਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਦਿੱਤੇ ਗਏ।
ਇਹ ਸਿੱਖ ਨੌਜਵਾਨ ਪਿਛਲੇ ਲਗਭਗ ਇੱਕ ਸਾਲ ਤੋਂ ਸ਼੍ਰੋਮਣੀ ਕਮੇਟੀ ਨਾਲ ਵਲੰਟੀਅਰ ਵਜੋਂ ਸੇਵਾਵਾਂ ਨਿਭਾਉਂਦੇ ਹੋਏ ਵੱਖ-ਵੱਖ ਖੇਤਰਾਂ ਵਿੱਚ ਸਿੱਖੀ ਪ੍ਰਚਾਰ ਦਾ ਕਾਰਜ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਬੀਤੇ ਸਮੇਂ ਸ਼੍ਰੋਮਣੀ ਕਮੇਟੀ ਨੇ ਆਪਣੇ ਸਿੱਖ ਮਿਸ਼ਨਰੀ ਅਦਾਰਿਆਂ ਤੋਂ ਵਿੱਦਿਆ ਪ੍ਰਾਪਤ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਸਿੱਖੀ ਪ੍ਰਚਾਰ ਲਈ ਵਲੰਟੀਅਰ ਵਜੋਂ ਸੇਵਾਵਾਂ ਦੇਣ ਦਾ ਮੌਕਾ ਦਿੱਤਾ ਸੀ। ਹੁਣ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਸਿੱਖ ਵਲੰਟੀਅਰਾਂ ਵਿੱਚੋਂ 37 ਨੌਜਵਾਨਾਂ ਦੀ ਕਾਰਜ ਸ਼ਕਤੀ ਤੇ ਸੇਵਾ ਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਗੇ ਸੇਵਾਵਾਂ ਦਾ ਮੌਕਾ ਦਿੱਤਾ ਹੈ। ਇਨ੍ਹਾਂ 37 ਨੌਜਵਾਨਾਂ ਦੀ ਨਿਯੁਕਤੀਆਂ ਕਲਰਕ ਗੁਰਦੁਆਰਾ ਪ੍ਰਬੰਧਨ (6), ਜੋੜੀਵਾਲੇ (11), ਸਹਾਇਕ ਰਾਗੀ ਸਿੰਘ (18) ਅਤੇ ਸਹਾਇਕ ਗ੍ਰੰਥੀ ਸਿੰਘ (2) ਵਜੋਂ ਕੀਤੀਆਂ ਗਈਆਂ ਹਨ।
ਇਹ ਵੀ ਦੱਸਣਯੋਗ ਹੈ ਕਿ ਸਿੱਖ ਨੌਜਵਾਨੀ ਨੂੰ ਧਰਮ ਪ੍ਰਚਾਰ ਦੇ ਖੇਤਰ ਵਿੱਚ ਕਾਰਜ ਕਰਨ ਲਈ ਤਿਆਰ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਕਈ ਸਿੱਖ ਮਿਸ਼ਨਰੀ ਕਾਲਜ, ਗੁਰਮਤਿ ਵਿਦਿਆਲੇ, ਗੁਰਮਤਿ ਸੰਗੀਤ ਅਕੈਡਮੀਆਂ ਅਤੇ ਗੁਰਦੁਆਰਾ ਪ੍ਰਬੰਧਨ ਨਾਲ ਸਬੰਧਤ ਇੰਸਟੀਟਿਊਟ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਸਿੱਖਿਆ ਲੈ ਕੇ ਨੌਜਵਾਨ ਦੇਸ਼ ਵਿਦੇਸ਼ ਅੰਦਰ ਸੇਵਾਵਾਂ ਨਿਭਾਉਂਦੇ ਹਨ।
ਇਸ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਪੰਥਕ ਭਾਵਨਾ ਨਾਲ ਗੁਰਦੁਆਰਾ ਪ੍ਰਬੰਧ ਕਰਨ ਦੇ ਨਾਲ-ਨਾਲ ਸਿੱਖੀ ਪ੍ਰਚਾਰ ਲਈ ਵੀ ਵੱਡੇ ਕਾਰਜ ਕਰ ਰਹੀ ਹੈ। ਇਸ ਖੇਤਰ ਵਿੱਚ ਲੋੜ ਦੀ ਪੂਰਤੀ ਲਈ ਕਈ ਸਿੱਖ ਸੰਸਥਾਵਾਂ ਕਾਰਜਸ਼ੀਲ ਕੀਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸਿੱਖ ਨੌਜਵਾਨ ਇਨ੍ਹਾਂ ਧਾਰਮਿਕ ਸੰਸਥਾਵਾਂ ਵਿੱਚੋਂ ਸਫ਼ਲ ਕੋਰਸ ਕਰਦੇ ਹਨ ਉਨ੍ਹਾਂ ਨੂੰ ਪਹਿਲ ਦੇ ਅਧਾਰ ਉੱਤੇ ਸ਼੍ਰੋਮਣੀ ਕਮੇਟੀ ਵਿੱਚ ਸੇਵਾ ਦਾ ਮੌਕਾ ਦਿੱਤਾ ਜਾਂਦਾ ਹੈ।
ਸਿੱਖ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਆਸ ਪ੍ਰਗਟਾਈ ਕਿ ਉਹ ਸੰਸਥਾ ਵੱਲੋਂ ਦਿੱਤੀ ਗਈ ਸੇਵਾ ਨੂੰ ਨੌਕਰੀ ਸਮਝ ਕੇ ਨਹੀਂ ਸਗੋਂ ਸੇਵਾ ਭਾਵ ਅਤੇ ਗੁਰੂ ਸਾਹਿਬ ਦੀ ਭੈਅ ਭਾਵਨੀ ਵਿੱਚ ਰਹਿੰਦਿਆਂ ਇਮਾਨਦਾਰੀ ਨਾਲ ਸੇਵਾ ਸਮਝ ਕੇ ਕਾਰਜ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਸ ਕਰਦੇ ਹਨ ਕਿ ਨੌਜਵਾਨ ਦੇਸ਼ ਕੌਮ ਲਈ ਅਤੇ ਸ਼੍ਰੋਮਣੀ ਕਮੇਟੀ ਲਈ ਆਪਣੀ ਵਫ਼ਾਦਾਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਵਲੰਟੀਅਰਾਂ ਦੀ ਸੇਵਾ ਨਿਭਾ ਰਹੇ 30 ਸਿੱਖ ਨੌਜਵਾਨਾਂ ਨੂੰ ਪ੍ਰਚਾਰਕ ਵਜੋਂ ਨਿਯੁਕਤ ਕਰਕੇ ਵੱਖ-ਵੱਖ ਇਲਾਕਿਆਂ ਵਿੱਚ ਸੇਵਾ ਲਈ ਭੇਜਿਆ ਗਿਆ ਹੈ।
ਇਸ ਮੌਕੇ ਐਡਵੋਕੇਟ ਧਾਮੀ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲਾ, ਸਕੱਤਰ ਸ. ਪ੍ਰਤਾਪ ਸਿੰਘ, ਓਐੱਸਡੀ ਸ. ਸਤਬੀਰ ਸਿੰਘ ਧਾਮੀ, ਮੈਨੇਜਰ ਸ੍ਰੀ ਦਰਬਾਰ ਸਾਹਿਬ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਸ. ਜਸਬੀਰ ਸਿੰਘ ਜੱਸੀ, ਸ. ਗੁਰਨਾਮ ਸਿੰਘ, ਸ. ਹਰਭਜਨ ਸਿੰਘ ਵਕਤਾ, ਇੰਚਾਰਜ ਸ. ਮੇਜਰ ਸਿੰਘ, ਸ. ਪਲਵਿੰਦਰ ਸਿੰਘ ਆਦਿ ਹਾਜ਼ਰ ਸਨ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …