ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਸੁਖਵਿੰਦਰ ਕੁਮਾਰ ਸੁੱਖੀ ਜਲੰਧਰ ਜ਼ਿਮਨੀ ਚੋਣ ਲਈ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ
ਅਕਾਲੀ ਦਲ ਸ਼ਾਂਤੀ ਤੇ ਫਿਰਕੂ ਸਦਭਾਵਨਾ, ਕਿਸਾਨਾਂ, ਦਲਿਤਾਂ, ਨੌਜਵਾਨਾਂ ਤੇ ਔਰਤਾਂ ਲਈ ਨਿਆਂ ਦੇ ਮੁੱਦੇ ’ਤੇ ਚੋਣ ਲੜੇਗਾ: ਸੁਖਬੀਰ ਸਿੰਘ ਬਾਦਲ
ਸੂਬੇ ਦਾ ਮਾਹੌਲ ਖਰਾਬ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਕੀਤੀ ਨਿਖੇਧੀ
ਗੁਰਸ਼ਰਨ ਸਿੰਘ ਸੰਧੂ
ਜਲੰਧਰ, 11 ਅਪ੍ਰੈਲ:
ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗਠਜੋੜ ਨੇ ਅੱਜ ਪ੍ਰਮੱਖ ਸਮਾਜਿਕ ਕਾਰਕੁੰਨ, ਦੋ ਵਾਰ ਬੰਗਾ ਦੇ ਵਿਧਾਇਕ ਤੇ ਸੀਨੀਅਰ ਅਕਾਲੀ ਆਗੂ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਜਲੰਧਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਲਈ ਗਠਜੋੜ ਦਾ ਸਾਂਝਾ ਉਮੀਦਵਾਰ ਐਲਾਨਿਆ।
ਇਸ ਗੱਲ ਦਾ ਐਲਾਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਡਾ. ਸੁਖਰਿੰਦਰ ਸੁੱਖੀ ਨੂੰ ਜਲੰਧਰ ਸੀਟ ਤੋਂ ਉਮੀਦਵਾਰ ਬਣਾਉਣ ਦਾ ਫੈਸਲਾ ਸਰਬਸੰਮਤੀ ਨਾਲ ਅਤੇ ਸਾਰੇ ਅਕਾਲੀ ਦਲ ਤੇ ਬਸਪਾ ਕੇਡਰ ਦੇ ਡਟਵੀਂ ਹਮਾਇਤ ਨਾਲ ਲਿਆ ਗਿਆ ਹੈ। ਉਹਨਾਂ ਕਿਹਾ ਕਿ ਡਾ. ਸੁੱਖੀ ਨੂੰ ਨਾ ਸਿਰਫ ਆਪਣੇ ਪਰਉਪਕਾਰੀ ਕੰਮਾਂ ਲਈ ਬਲਕਿ ਵਿਧਾਨ ਸਭਾ ਵਿਚ ਕਾਰਗੁਜ਼ਾਰੀ ਲਈ ਜਾਣਿਆ ਜਾਂਦਾ ਹੈ। ਉਹ ਲੋਕ ਸਭਾ ਵਿਚ ਜਲੰਧਰ ਦੀ ਪ੍ਰਤੀਨਿਧਤ ਕਰਨ ਵਾਸਤੇ ਸਭ ਤੋਂ ਵਧੀਆ ਚੋਣ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਤੋਂ ਇਲਾਵਾ ਕਿਸਾਨਾਂ, ਦਲਿਤਾਂ, ਨੌਜਵਾਨਾਂ ਤੇ ਸਰਕਾਰੀ ਮੁਲਾਜ਼ਮਾਂ ਲਈ ਨਿਆਂ ਦੇ ਮੁੱਦੇ ’ਤੇ ਇਹ ਚੋਣ ਲੜੇਗਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿਚ ਗੁੰਡਾਗਰਦੀ ਨਿੱਤ ਦਿਹਾੜੇ ਦਾ ਕੰਮ ਹੋ ਗਿਆ ਹੈ ਤੇ ਗੈਂਗਸਟਰ ਆਪਣੀ ਮਨਮਰਜ਼ੀ ਕਰ ਰਹੇ ਹਨ ਤੇ ਆਮ ਆਦਮੀ ਘਬਰਾਇਆ ਹੋਇਆ ਹੈ। ਉਹਨਾਂ ਕਿਹਾ ਕਿ ਫਿਰਕੂ ਤਣਾਅ ਵੀ ਵੱਧ ਰਿਹਾ ਹੈ ਤੇ ਵਿਕਾਸ ਕਾਰਜ ਤੇ ਬੁਨਿਆਦੀ ਢਾਂਚੇ ਦੀ ਸਿਰਜਣਾ ਠੱਪ ਹੋ ਕੇ ਰਹਿ ਗਈ ਹੈ। ਉਹਨਾਂ ਕਿਹਾ ਕਿ ਇਹ ਵੀ ਚਿੰਤਾ ਵਾਲੀ ਗੱਲ ਹੈ ਕਿ ਕਈ ਪਾਰਟੀਆਂ ਵੰਡ ਪਾਊ ਰਾਜਨੀਤੀ ਕਰ ਰਹੀਆਂ ਹਨ ਜਿਸ ਨਾਲ ਸੂਬੇ ਦਾ ਮਾਹੌਲ ਖਰਾਬ ਹੋ ਰਿਹਾ ਹੈ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਹਰ ਮੁਹਾਜ਼ ’ਤੇ ਫੇਲ੍ਹ ਹੋਏ ਹਨ। ਉਹਨਾਂ ਕਿਹਾ ਕਿ ਕਾਨੂੰਨ ਵਿਵਸਥਾ ਸਭ ਤੋਂ ਹੇਠਲੇ ਪੱਧਰ ’ਤੇ ਹੈ। ਉਹਨਾਂ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗਾਂ, ਔਰਤਾਂ ਤੇ ਨੌਜਵਾਨਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ।
ਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਡਾ. ਸੁਖਵਿੰਦਰ ਸੁੱਖੀ ਦੀ ਉਮੀਦਵਾਰੀ ਦਾ ਐਲਾਨ ਕਰਦਿਆਂ ਕਿਹਾ ਕਿ ਡਾ. ਸੁੱਖੀ ਦਾ ਪਰਿਵਾਰ ਬਸਪਾ ਭਾਈਚਾਰੇ ਦਾ ਹਿੱਸਾ ਹੈ ਤੇ ਇਸਨੇ ਹਮੇਸ਼ਾ ਗਰੀਬ ਵਰਗਾਂ ਦੀ ਬੇਹਤਰੀ ਲਈ ਕੰਮ ਕੀਤਾ ਹੈ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਆਮ ਆਦਮੀ ਪਾਰਟੀ ਸਰਕਾਰ ਨੇ ਅਨੁਸੂਚਿਤ ਜਾਤੀਆਂ ਨਾਲ ਵਿਤਕਰਾ ਕੀਤਾ ਹੈ ਤੇ ਲਾਅ ਅਫਸਰਾਂ ਸਮੇਤ ਅਨੇਕਾਂ ਪ੍ਰਮੁੱਖ ਅਹੁਦਿਆਂ ਲਈ ਨਿਯੁਕਤੀਆਂ ਵਿਚ ਇਸ ਵਰਗ ਨਾਲ ਧੱਕਾ ਕੀਤਾ ਹੈ।
ਸੀਨੀਅਰ ਬਸਪਾ ਆਗੂ ਸ੍ਰੀ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਇਹ ਵੀ ਬਹੁਤ ਮੰਦਭਾਗੀ ਗੱਲ ਹੈ ਕਿ ਭਾਜਪਾ ਕਾਂਗਰਸ ਪਾਰਟੀ ਦੇ ਨਕਸ਼ੇ ਕਦਮ ’ਤੇ ਚਲ ਰਹੀ ਹੈ ਤੇ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਵਿਤਕਰਾ ਕਰ ਰਹੀ ਹੈ। ਉਹਨਾਂ ਕਿਹਾ ਕਿ ਬਸਪਾ ਦਾ ਕੇਡਰ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਦੀ ਜਿੱਤ ਵਾਸਤੇ ਡੱਟ ਕੇ ਕੰਮ ਕਰੇਗਾ।
ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਭਰੋਸਾ ਦੁਆਇਆ ਕਿ ਉਹ ਜਲੰਧਰ ਅਤੇ ਪੰਜਾਬ ਦੇ ਮਸਲੇ ਸੰਸਦ ਵਿਚ ਚੁੱਕਣਗੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਿੰਖਾਂ ਨੂੰ ਵੱਖਵਾਦੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਕਿਹਾ ਕਿ ਆਪ ਸਰਕਾਰ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਸਿਰਜ ਰਹੀ ਹੈ। ਉਹਨਾਂ ਕਿਹਾ ਕਿ ਇਸ ਕਾਰਨ ਹਿੰਦੂ ਭਾਈਚਾਰਾ ਵੀ ਡਰਿਆ ਹੋਇਆ ਹੈ। ਉਹਨਾਂ ਦੱਸਿਆ ਕਿ ਕਿਵੇਂ ਦਲਿਤਾਂ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਅਨੁਸੂਚਿਤ ਜਾਤੀ ਕਮਿਸ਼ਨ ਵਿਚ ਦਲਿਤਾਂ ਦੀ ਪ੍ਰਤੀਨਿਧਤਾ ਆਪ ਸਰਕਾਰ ਵੱਲੋਂ ਅੱਧੀ ਕਰਨ ਦੀ ਉਦਾਹਰਣ ਵੀ ਦਿੱਤੀ। ਡਾ. ਸੁੱਖੀ ਨੇ ਅਕਾਲੀ ਦਲ ਦੇ ਪ੍ਰਧਾਨ, ਬਸਪਾ ਦੇ ਸੂਬਾ ਪ੍ਰਧਾਨ ਤੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਦਾ ਉਹਨਾਂ ’ਤੇ ਵਿਸ਼ਵਾਸ ਕਰਨ ਵਾਸਤੇ ਧੰਨਵਾਦ ਕੀਤਾ।