ਆਪਣੇ ਸਕੈਂਡਲਾਂ ਤੋਂ ਧਿਆਨ ਪਾਸੇ ਕਰਨ ਵਾਸਤੇ ਆਪ ਸਰਕਾਰ ਵਾਰ ਵਾਰ ਬਹਿਬਲਕਲਾਂ ਤੇ ਕੋਟਕਪੁਰਾ ਕੇਸਾਂ ਦੇ ਮਾਮਲੇ ਚੁੱਕ ਰਹੀ ਹੈ : ਅਕਾਲੀ ਦਲ ਪ੍ਰਧਾਨ
ਐਸ ਆਈ ਟੀਜ਼ ਦੇ ਕੰਮਕਾਜ ਵਿਚ ਮੰਤਰੀ ਕੁਲਦੀਪ ਧਾਲੀਵਾਲ ਦੇ ਦਖਲ ’ਤੇ ਹੈਰਾਨੀ ਪ੍ਰਗਟਾਈ
ਅਮਰੀਕ ਸਿੰਘ
ਚੰਡੀਗੜ੍ਹ, 14 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਆਮ ਆਦਮੀ ਪਾਰਟੀ ਸਰਕਾਰ ਆਪਣੇ ਸਕੈਂਡਲਾਂ ਤੋਂ ਧਿਆਨ ਪਾਸੇ ਕਰਨ ਵਾਸਤੇ ਕੋਟਕਪੁਰਾ ਤੇ ਬਹਿਬਲਕਲਾਂ ਕੇਸਾਂ ਨੂੰ ਵਾਰ ਵਾਰ ਚੁੱਕ ਰਹੀ ਹੈ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਤੋਂ ਐਸ ਆਈ ਟੀ ਨੇ 2015 ਵਿਚ ਵਾਪਰੇ ਕੋਟਕਪੁਰਾ ਫਾਇਰਿੰਗ ਕੇਸਾਂ ਬਾਰੇ ਪੁੱਛ ਗਿੱਛ ਕੀਤੀ, ਨੇ ਕਿਹਾ ਕਿ ਸਾਰੀਆਂ ਪੁਲਿਸ ਕਾਰਵਾਈਆਂ ਗਿਣੀ ਮਿੱਥੀ ਯੋਜਨਾ ਤਹਿਤ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਫੈਸਲੇ ਸਰਕਾਰ ਵੱਲੋਂ ਲਏ ਜਾ ਰਹੇ ਹਨ। ਉਹਨਾਂ ਕਿਹਾ ਕਿ ਮੇਰੇ ਤੋਂ ਫਾਇਰਿੰਗ ਕੇਸਾਂ ਬਾਰੇ ਵਾਰ ਵਾਰ ਸਵਾਲ ਕੀਤੇ ਜਾ ਰਹੇ ਹਨ ਜਦੋਂ ਕਿ ਇਹ ਸਪਸ਼ਟ ਹੈ ਕਿ ਫਾਇਰਿੰਗ ਦੀ ਪ੍ਰਵਾਨਗੀ ਅਧਿਕਾਰਤ ਅਫਸਰ ਨੇ ਦਿੱਤੀ ਸੀ।
ਐਸ ਆਈ ਟੀ ਨੂੰ ਨਿਰਪੱਖਾ ਨਾਲ ਕੰਮ ਕਰਨ ਵਾਸਤੇ ਆਖਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ 100 ਵਾਰ ਪੁੱਛ ਗਿੱਛ ਲਈ ਪੇਸ਼ ਹੋਣ ਵਾਸਤੇ ਤਿਆਰ ਹਨ ਪਰ ਮਾਮਲੇ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਹਾਈ ਕੋਰਟ ਨੇ ਹਦਾਇਤਾਂ ਦਿੱਤੀਆਂ ਹਨ ਕਿ ਐਸ ਆਈ ਟੀ ਜੋ ਹਾਈ ਕੋਰਟ ਨੁੰ ਰਿਪੋਰਟ ਕਰਦੀ ਹੈ, ਦੇ ਕੰਮ ਵਿਚ ਕੋਈ ਦਖਲ ਨਹੀਂ ਹੋਣਾ ਚਾਹੀਦਾ ਹੈ ਪਰ ਆਪ ਦੇ ਮੰਤਰੀ ਕੁਲਦੀਪ ਧਾਲੀਵਾਲ ਵਾਰ ਵਾਰ ਇਹ ਬਿਆਨ ਜਾਰੀ ਕਰ ਰਹੇ ਹਨ ਕਿ ਐਸ ਆਈ ਟੀ ਉਹਨਾਂ ਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕਰ ਸਕਦੀ ਹੈ। ਉਹਨਾਂ ਕਿਹਾ ਕਿ ਉਹ ਕਿਸਦੀ ਅਥਾਰਟੀ ਨਾਲ ਅਜਿਹੇ ਬਿਆਨ ਦੇ ਰਹੇ ਹਨ ? ਉਹਨਾਂ ਨਾਲ ਸਹੀ ਕਿਹਾ ਕਿ ਮੰਤਰੀ ਦੇ ਖਿਲਾਫ ਅਦਾਲਤੀ ਮਾਣਹਾਨੀ ਦਾ ਮੁਕੱਦਮਾ ਚਲਣਾ ਚਾਹੀਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਆਪ ਸਰਕਾਰ ਵੀ ਪਿਛਲੀ ਕਾਂਗਰਸ ਸਰਕਾਰ ਦੇ ਕਦਮਾਂ ’ਤੇ ਤੁਰ ਰਹੀ ਹੈ। ਉਹਨਾਂ ਕਿਹਾ ਕਿ ਇਸ ਸਾਲ ਦੇ ਸਕੈਂਡਲਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਮੈਨੂੰ ਵਾਰ ਵਾਰ ਸੱਦਿਆ ਜਾ ਰਿਹਾ ਹੈ ਜਦੋਂ ਕਿ ਸਰਕਾਰ ਦੇ ਵਾਰ ਵਾਰ ਸਕੈਂਡਲ ਸਾਹਮਣੇ ਆ ਰਹੇ ਹਨ ਤੇ ਤਾਜ਼ਾ ਸਕੈਂਡਲ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵੱਲੋਂ ਗੈਰ ਕਾਨੂੰਨੀ ਉਗਰਾਹੀ ਕਰਨ ਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਤਿੰਨ ਕੇਯਾਂ ਦੀ ਜਾਂਚ ਹੋ ਰਹੀ ਹੈ ਜਿਹਨਾਂ ਵਿਚੋਂ ਮੁੱਖ ਕੇਸ ਬਰਗਾੜੀ ਵਿਚ ਬੇਅਦਬੀ ਦਾ ਹੈ ਜਿਸਦੀ ਜਾਂਚ ਪੂਰੀ ਹੋ ਚੁੱਕੀ ਹੈ ਕਿਉਂਕਿ ਆਪ ਸਰਕਾਰ ਨੇ ਕੇਸ ਵਿਚ ਫਾਈਨਲ ਚਲਾਨ ਪੇਸ਼ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਬਹਿਬਲਕਲਾਂ ਤੇ ਕੋਟਕਪੁਰਾ ਕੇਸਾਂ ਦੀ ਜਾਂਚ ਚਲ ਰਹੀ ਹੈ। ਉਹਨਾਂ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਇਹਨਾਂ ਕੇਸਾਂ ਦੇ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਉਹਨਾਂ ਨੂੰ ਗੁਨਾਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਹ ਸਰਕਾਰ ਇਸ ਮਾਮਲੇ ’ਤੇ ਸਿਰਫ ਰਾਜਨੀਤੀ ਕਰ ਰਹੀ ਹੈ।
ਸਾਬਕਾ ਆਈ ਜੀ ਤੋਂ ਆਪ ਵਿਧਾਇਕ ਬਣੇ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਾਬਕਾ ਆਈ ਜੀ ਨੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਝੂਠੇ ਕੇਸਾਂ ਵਿਚ ਸਫਾਉਣ ਲਈ ਜਾਅਲੀ ਸਬੂਤ ਤਿਆਰ ਕੀਤੇ। ਉਹਨਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਵੱਲੋਂ ਲੀਡਰਸ਼ਿਪ ਨੂੰ ਕਲੰਕਿਤ ਕਰਨ ਵਾਸਤੇ ਕੀਤੀ ਜਾਂਚ ਰੱਦ ਕਰ ਦਿੱਤੀ ਸੀ ਤੇ ਕਿਹਾ ਸੀ ਕਿ ਜਾਂਚ ਦੌਰਾਨ ਉਹਨਾਂ ਦੀ ਸਿਆਸੀ ਡਰਾਮੇਬਾਜ਼ੀ ਸਾਬਤ ਹੋ ਗਈ ਹੈ । ਉਹਨਾਂ ਕਿਹਾ ਕਿ ਮੈਨੂੰ ਆਸ ਹੈ ਕਿ ਉਹਨਾਂ ਨੂੰ ਆਪਣੇ ਗੁਨਾਹਾਂ ਦੀ ਸਜ਼ਾ ਮਿਲੇਗੀ। ਉਹਨਾਂ ਕਿਹਾ ਕਿ ਅਜਿਹਾ ਹੀ ਝੁਠਾ ਕੇਸ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਕੀਤਾ ਗਿਆ।
ਅਪਰੇਸ਼ਨ ਲੋਟਸ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਧੂੰਆਂ ਤਾਂ ਹੀ ਉਠਦਾ ਹੈ ਜੇ ਕਿਤੇ ਅੱਗੇ ਹੋਵੇ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਆਪ ਵਿਧਾਇਕ ਰਕਮਾਂ ਲੈਣ ਵਾਸਤੇ ਤਿਆਰ ਹਨ। ਇਸੇ ਲਈ ਉਹਨਾਂ ਦੀ ਕੀਮਤ ਦੱਸੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪਾਸੇ ਬਦਲਣ ਲਈ ਤਿਆਰ ਭਾਈਵਾਲ ਨਹੀਂ ਬਣਨਾ ਚਾਹੀਦਾ ਤੇ ਅਜਿਹਾ ਕਰਨ ’ਤੇ ਕੋਈ ਵੀ ਉਹਨਾਂ ਦੀ ਹਮਾਇਤ ਨਹੀਂ ਲਵੇਗਾ ਤੇ ਨਾ ਹੀ ਉਹਨਾਂ ਨੂੰ ਖਰੀਦੇਗਾ।m