ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਖੇਡਾਂ ਦਾ ਮਹੱਤਵਪੂਰਨ ਯੋਗਦਾਨ:ਐਸ.ਡੀ.ਐਮ.ਗੱਟੀ ਰਾਜੋ ਕੇ ਸਕੂਲ ਵਿੱਚ ਸਨਮਾਨ ਸਮਾਰੋਹ ਆਯੋਜਿਤਰਾਜ ਪੱਧਰ ਤੇ ਗੋਲਡ ਮੈਡਲ ਜਿੱਤਣ ਵਾਲੀਆਂ 06 ਖਿਡਾਰਨਾਂ ਦਾ ਵਿਸ਼ੇਸ਼ ਸਨਮਾਨਗੁਰਸ਼ਰਨ ਸਿੰਘ ਸੰਧੂ ਫਿਰੋਜ਼ਪੁਰ, 23 ਦਸੰਬਰ 2022. ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਚ ਵਿਸ਼ੇਸ਼ ਸਨਮਾਨ ਸਮਾਰੋਹ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਬੀਤੇ ਦਿਨੀਂ ਬਰਨਾਲਾ ਵਿਖੇ ਹੋਈਆਂ ਰਾਜ ਪੱਧਰੀ ਅੰਡਰ 19 ਕਬੱਡੀ ਟੂਰਨਾਮੈਂਟ ਵਿੱਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੀਆਂ 04 ਵਿਦਿਆਰਥਣਾਂ ਅਤੇ 200 ਮੀਟਰ ਅਤੇ 400 ਮੀਟਰ ਦੌੜ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੀਆ 02 ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ ਟਰੈਕ ਸੂਟ, ਮੈਡਲ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਤੋਂ ਇਲਾਵਾ ਸਾਲ 2022 ਦੌਰਾਨ ਵੱਖ ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਕਰਨ ਵਾਲੇ 35 ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਤੇ ਸਨਮਾਨ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਸ. ਰਣਜੀਤ ਸਿੰਘ ਭੁੱਲਰ ਐਸ.ਡੀ.ਐਮ. ਫ਼ਿਰੋਜ਼ਪੁਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਸ੍ਰੀ ਸੁਨੀਲ ਸ਼ਰਮਾ ਸਾਬਕਾ ਜ਼ਿਲ੍ਹਾ ਖੇਡ ਅਫ਼ਸਰ ਅਤੇ ਅਵਤਾਰ ਕੌਰ ਕਬੱਡੀ ਕੋਚ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ। ਇਸ ਮੌਕੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਅਤੇ ਸੱਭਿਆਚਾਰ ਪ੍ਰੋਗਰਾਮ ਵੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਦੌਰਾਨ ਸ. ਰਣਜੀਤ ਸਿੰਘ ਭੁੱਲਰ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਖੇਡਾਂ ਦਾ ਮਹੱਤਵਪੂਰਨ ਸਥਾਨ ਹੈ। ਉਨ੍ਹਾਂ ਨੇ ਆਪਣੇ ਵੱਲੋਂ 06 ਜੇਤੂ ਵਿਦਿਆਰਥੀ ਨੂੰ 500 ਰੁਪਏ ਇਨਾਮ ਵਜੋਂ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਗੱਟੀ ਰਾਜੋ ਕੇ ਸਕੂਲ ਦੇ ਸਮੂਹ ਸਟਾਫ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ, ਜਿਸ ਦੀ ਬਦੌਲਤ ਵਿਦਿਆਰਥੀ ਸਿੱਖਿਆ, ਖੇਡਾਂ ਅਤੇ ਸਹਿਪਾਠੀ ਕਿਰਿਆਵਾ ਵਿੱਚ ਰਾਜ ਪੱਧਰ ਤੇ ਮੱਲਾਂ ਮਾਰ ਕੇ ਵਿਲੱਖਣ ਪ੍ਰਾਪਤੀਆਂ ਕਰ ਰਹੇ ਹਨ।ਡਾ. ਸਤਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਰਸਮੀਂ ਤੌਰ ਤੇ ਸੁਆਗਤ ਕਰਦਿਆਂ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਹੱਦੀ ਖੇਤਰ ਵਿਚ ਜਿੱਥੇ ਕੁੱਝ ਸਮਾਂ ਪਹਿਲਾਂ ਤੱਕ ਲੜਕੀਆਂ ਨੂੰ ਉਚੇਰੀ ਸਿੱਖਿਆ ਲਈ ਭੇਜਣਾ ਉਚਿਤ ਨਹੀਂ ਸਮਝਿਆ ਜਾਂਦਾ ਸੀ, ਉਸ ਇਲਾਕੇ ਵਿੱਚ ਲੜਕੀਆਂ ਕਬੱਡੀ ਖੇਡ ਕੇ ਰਾਜ ਪੱਧਰ ਤੇ ਪਹਿਲਾਂ ਸਥਾਨ ਪ੍ਰਾਪਤ ਕਰਨਾ ਇਕ ਬਹੁਤ ਵੱਡੀ ਸਮਾਜਿਕ ਤਬਦੀਲੀ ਅਤੇ ਵਿਕਾਸ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਕੂਲ ਅਤੇ ਪਿੰਡ ਵਿੱਚ ਖੇਡ ਦਾ ਮੈਦਾਨ ਅਤੇ ਖੇਡ ਦਾ ਅਧਿਆਪਕ ਨਾ ਹੋਣ ਦੇ ਬਾਵਜੂਦ 17 ਕਿਲੋਮੀਟਰ ਦੂਰ ਸ਼ਹਿਰ ਵਿਚ ਖੇਡ ਦੀ ਰੋਜ਼ਾਨਾ ਪ੍ਰੈਕਟਿਸ ਕਰਨ ਵਾਲੇ ਬੱਚਿਆਂ ਦੀ ਮਿਹਨਤ ਅਤੇ ਲਗਨ ਬਾਕੀ ਬੱਚਿਆਂ ਲਈ ਪ੍ਰੇਰਨਾ ਸਰੋਤ ਹੈ। ਇਸ ਮੌਕੇ ਸ੍ਰੀਮਤੀ ਸਰੁਤੀ ਮਹਿਤਾ, ਸ੍ਰੀਮਤੀ ਬਲਜੀਤ ਕੌਰ, ਚੇਤਨ ਰਾਣਾ ਸੀਨੀਅਰ ਸਹਾਇਕ ਅਤੇ ਸਕੂਲ ਸਟਾਫ ਗੀਤਾ, ਵਿਜੇ ਭਾਰਤੀ ,ਸ਼ਰੁਤੀ ਮਹਿਤਾ, ਪ੍ਰਿਤਪਾਲ ਸਿੰਘ, ਸੰਦੀਪ ਕੁਮਾਰ, ਮਨਦੀਪ ਸਿੰਘ, ਵਿਸ਼ਾਲ ਗੁਪਤਾ, ਅਰੁਣ ਕੁਮਾਰ, ਅਮਰਜੀਤ ਕੌਰ, ਦਵਿੰਦਰ ਕੁਮਾਰ, ਸੁਚੀ ਜੈਨ, ਸ਼ਵੇਤਾ ਅਰੋੜਾ, ਬਲਜੀਤ ਕੌਰ, ਆਚਲ ਮਨਚੰਦਾ, ਕੰਚਨ ਬਾਲਾ ਅਤੇ ਨੇਹਾ ਕਾਮਰਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।