ਯੂ.ਕੇ. ਦੇ ਸਿੱਖ ਸੰਸਥਾਵਾਂ ਵੱਲੋਂ ਸਤਿਕਾਰ ਕਮੇਟੀ ਯੂ ਕੇ ਦੇ ਮੁਖੀ ਮਨਵੀਰ ਸਿੰਘ ਉਰਫ਼ ਮੰਨਾ ਬੇਅਦਬੀ ਲਈ ਦੋਸ਼ੀ ਕਰਾਰ ।
ਸਤਿਕਾਰ ਕਮੇਟੀ ਦੀਆਂ ਆਪਹੁਦਰੀਆਂ ਕਾਰਵਾਈਆਂ ਰੋਕਣ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ।
ਅਮਰੀਕ ਸਿੰਘ
ਅੰਮ੍ਰਿਤਸਰ 3 ਜੂਨ
ਬਰਤਾਨੀਆ ਦੀਆਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਿੱਖ ਪ੍ਰਚਾਰਕਾਂ ਵੱਲੋਂ ਮਤਿਆਂ ਰਾਹੀਂ ਸਤਿਕਾਰ ਕਮੇਟੀ ਯੂ ਕੇ ਦੇ ਮੁਖੀ ਮਨਵੀਰ ਸਿੰਘ ਉਰਫ਼ ਮੰਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਲਈ ਦੋਸ਼ੀ ਕਰਾਰ ਦਿੱਤਾ ਹੈ। ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਕ ਪੱਤਰ ਲਿਖਦਿਆਂ ਦੋਸ਼ੀ ਵਿਰੁੱਧ ਗੁਰਮਤਿ ਮਰਯਾਦਾ ਅਨੁਸਾਰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਬਰਤਾਨੀਆ ਤੋਂ ਮਿਲੀ ਜਾਣਕਾਰੀ ਸਾਂਝੀ ਕਰਦਿਆਂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਦੱਸਿਆ ਕਿ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਯੂ ਕੇ ਦੀਆਂ ਸਿੱਖ ਸੰਸਥਾਵਾਂ ਨੇ ਮਿਤੀ 29-05-2022 ਦਿਨ ਐਤਵਾਰ ਨੂੰ ਗੁਰਦੁਆਰਾ ਬਾਬਾ ਸੰਗ ਜੀ ਵਿਖੇ ਪੰਥਕ ਇਕੱਠ ਕੀਤਾ। ਜਿਸ ਵਿੱਚ ਇੰਗਲੈਂਡ ਦੇ ਗੁਰਦੁਆਰਾ ਸਾਹਿਬਾਨ ਦੇ ਨੁਮਾਇੰਦਿਆਂ, ਪੰਥਕ ਜਥੇਬੰਦੀਆਂ ਜਿਨ੍ਹਾਂ ਵਿੱਚ ਸੁਪਰੀਮ ਸਿੱਖ ਕੌਂਸਲ, ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨ (FSO), ਯੂਨਾਈਟਿਡ ਖ਼ਾਲਸਾ ਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰਜਿਸਟਰਡ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਧਰਮਯੁੱਧ ਜਥਾ ਯੂ ਕੇ, ਇੰਟਰਨੈਸ਼ਨਲ ਪੰਥਕ ਦਲ, ਭਾਟ ਸਿੱਖ ਕੌਂਸਲ ਯੂ ਕੇ, ਬ੍ਰਿਟਿਸ਼ ਸਿੱਖ ਕੌਂਸਲ ਯੂ ਕੇ, ਬ੍ਰਿਟਿਸ਼ ਸਿੱਖ ਕੌਂਸਲਿਟਟਿਵ ਫੋਰਮ ਅਤੇ ਰਾਮਗੜ੍ਹੀਆ ਕੌਂਸਲ ਯੂ ਕੇ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੀ ਅਰੰਭਤਾ ਕਰਦਿਆਂ ਗੁਰਦੁਆਰਾ ਬਾਬਾ ਸੰਗ ਦੇ ਪ੍ਰਧਾਨ ਭਾਈ ਰਘਵੀਰ ਸਿੰਘ ਨੇ ਮੀਟਿੰਗ ਵਿੱਚ ਪਹੁੰਚੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਸਤਿਕਾਰ ਕਮੇਟੀ ਯੂ ਕੇ ਭਾਈ ਮਨਵੀਰ ਸਿੰਘ ਵੱਲੋਂ ਕੀਤੀਆਂ ਆਪ ਹੁਦਰੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਬਾਰੇ ਵੀਡੀਓ ਰਾਹੀ ਸਬੂਤਾਂ ਸਮੇਤ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਗੁਰਦੁਆਰਾ ਬਾਬਾ ਸੰਗ ਦੇ ਪ੍ਰਬੰਧਕਾਂ ਅਤੇ ਸਤਿਕਾਰ ਕਮੇਟੀ ਯੂ ਕੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਚੱਲ ਰਹੀਆਂ ਸੇਵਾਵਾਂ ਨੂੰ ਲੈ ਕੇ ਮਾਮਲਾ ਭਖਿਆ ਹੋਇਆ ਸੀ। ਜਿਸ ਨੂੰ ਲੈ ਕੇ ਪ੍ਰਬੰਧਕਾਂ ਨੇ ਸਤਿਕਾਰ ਕਮੇਟੀ ਦੇ ਮੁਖੀ ਮਨਵੀਰ ਸਿੰਘ ਨਾਲ ਬੈਠ ਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਮਨਬੀਰ ਸਿੰਘ ਵੱਲੋਂ ਸਹਿਯੋਗ ਦੇਣ ਦੀ ਬਜਾਏ ਪ੍ਰਬੰਧਕਾਂ ਨੂੰ ਮੀਣੇ, ਮਸੰਦ, ਗੋਲਕ ਚੋਰ ਅਤੇ ਕਾਤਲ ਕਹਿਣਾ ਸ਼ੁਰੂ ਕਰ ਦਿੱਤਾ। ਸ: ਰਘਬੀਰ ਸਿੰਘ ਨੇ ਪ੍ਰਬੰਧਕਾਂ ਦਾ ਪੱਖ ਰੱਖਦਿਆਂ ਦੱਸਿਆ ਕਿ ਸਤਿਕਾਰ ਕਮੇਟੀ ਯੂ. ਕੇ. ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਤੇ ਪੰਛੀਆਂ ਦੇ ਚਿੱਤਰ ਬਣਾਉਣੇ, ਟਰੈਕਰ ਲਗਾਉਣੇ, ਸਤਿਕਾਰ ਕਮੇਟੀ ਦੀਆਂ ਮੋਹਰਾਂ ਲਗਾਉਣ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਇਕ ਕਟਰ ਦੁਆਰਾ ਬੇਢੰਗਾ ਕਟਿੰਗ ਕੀਤੀ ਹੋਈ ਹੈ। ਜਿਨ੍ਹਾਂ ਨੂੰ ਹੁਣ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਬਾਬਾ ਸੰਗ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਸਨ ਤਾਂ ਭਾਈ ਮਨਬੀਰ ਸਿੰਘ ਨੇ ਚਲਦੇ ਅਖੰਡ ਪਾਠ ਸਾਹਿਬ ਦੇ ਵਿਚੋਂ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਥੱਲਿਓਂ ਗੱਦੀਆਂ ਕੱਢ ਦਿੱਤੀਆਂ ਸਨ। ਇਸ ਸਾਰੀ ਜਾਣਕਾਰੀ ਤੋਂ ਬਾਅਦ ਪੰਥਕ ਇਕੱਠ ਨੇ ਸਮੁੱਚੇ ਰੂਪ ਵਿੱਚ ਮਨਵੀਰ ਸਿੰਘ ਉਰਫ਼ ਮਨੀਪਾਲ ਸਿੰਘ ਸਤਿਕਾਰ ਕਮੇਟੀ ਯੂ. ਕੇ. ਦੇ ਮੁਖੀ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਕਾਰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਦੋਸ਼ੀ ਮੰਨਿਆ ਗਿਆ ਹੈ ਅਤੇ ਸਾਂਝੇ ਰੂਪ ਵਿੱਚ ਮਤੇ ਪਾਸ ਕਰਕੇ ਇਹ ਫ਼ੈਸਲੇ ਲਏ ਗਏ ਕਿ ਸਮੁੱਚੇ ਰੂਪ ਵਿੱਚ ਸਤਿਕਾਰ ਕਮੇਟੀ ਯੂ. ਕੇ. ਨੂੰ ਰੱਦ ਕੀਤਾ ਜਾਂਦਾ ਹੈ ਅਤੇ ਇਸ ਨੂੰ ਮੰਨਣ ਤੋਂ ਇਨਕਾਰ ਕੀਤਾ ਜਾਂਦਾ ਹੈ। ਦੋ, ਮਨਵੀਰ ਸਿੰਘ ਉਰਫ਼ ਮਨੀਪਾਲ ਸਿੰਘ ਸਤਿਕਾਰ ਕਮੇਟੀ ਯੂ. ਕੇ. ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਹੇਠ ਕੀਤੀਆਂ ਜਾਂਦੀਆਂ ਸਾਰੀਆਂ ਕਾਰਵਾਈਆਂ ’ਤੇ ਤੁਰੰਤ ਰੋਕ ਲਾਈ ਜਾਂਦੀ ਹੈ। ਇਹ ਫ਼ੈਸਲਾ ਵੀ ਲਿਆ ਗਿਆ ਕਿ ਸਤਿਕਾਰ ਕਮੇਟੀ ਯੂ ਕੇ ਜਾਂ ਕਿਸੇ ਵੀ ਇਕੱਲੇ ਵਿਅਕਤੀ ਜਾਂ ਸੰਸਥਾ ਨੂੰ ਅਧਿਕਾਰ ਨਹੀਂ ਹੈ ਕਿ ਗੁਰਦੁਆਰਾ ਸਾਹਿਬ ਤੋਂ ਬਾਹਰ ਦੁਨੀਆ ਵਿੱਚ ਕਿਸੇ ਵੀ ਦੇਸ਼ ਵਿੱਚ ਸੱਚਖੰਡ ਬਣਾਵੇ। ਇਹ ਵੀ ਮਤਾ ਪਾਸ ਕੀਤਾ ਗਿਆ ਕਿ ਸਤਿਕਾਰ ਕਮੇਟੀ ਯੂ. ਕੇ. ਦੇ ਸਾਰੇ ਮੈਂਬਰਾਂ ਉੱਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਂਦੀ ਹੈ ਅਤੇ ਲਿਖਤੀ ਰੂਪ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਤਿਕਾਰ ਕਮੇਟੀ ਨੂੰ ਨੋਟਿਸ ਭੇਜ ਕੇ ਰੱਦ ਕੀਤਾ ਜਾਵੇ ਜਿਵੇਂ ਇੰਡੀਆ ਵਿੱਚ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਇਸ ਮੌਕੇ ਰਘਵੀਰ ਸਿੰਘ ਬੀਰ੍ਹਾ ਪ੍ਰਧਾਨ ਗੁਰਦੁਆਰਾ ਬਾਬਾ ਸੰਗ ਜੀ, ਭਾਈ ਚਰਨ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਕੁਲਵੰਤ ਸਿੰਘ ਮੁਠੱਡਾ, ਭਾਈ ਸਰਬਜੀਤ ਸਿੰਘ, ਭਾਈ ਨਿਰਮਲ ਸਿੰਘ, ਭਾਈ ਗੁਰਮੇਲ ਸਿੰਘ ਕੰਦੋਲਾ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਪਰਮਜੀਤ ਸਿੰਘ ਢਾਡੀ, ਭਾਈ ਮੁਖਤਿਆਰ ਸਿੰਘ, ਭਾਈ ਰਘਵੀਰ ਸਿੰਘ ਵਾਲਸਾਲ, ਭਾਈ ਗੁਰਮੇਲ ਸਿੰਘ ਮੱਲ੍ਹੀ, ਭਾਈ ਹਰਜੀਤ ਸਿੰਘ ਸਰਪੰਚ, ਭਾਈ ਜਸਵੰਤ ਸਿੰਘ ਵੈਸਟ ਬਰਾਮਵਿਚ ਅਤੇ ਅਨੇਕਾਂ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ।
amrik Singh punjabnewsexpress
com