ਸਿਹਤ ਵਿਭਾਗ ਵੱਲੋਂ ਮਲੇਰੀਆ ਮਹੀਨੇ ਦੌਰਾਨ ਜਾਗਰੂਕਤਾ ਗਤੀਵਿਧੀਆਂ ਜਾਰੀ-ਸਿਵਲ ਸਰਜਨ
– ਮੱਛਰਾਂ ਦੇ ਵਾਧੇ ਨੂੰ ਰੋਕਣਾ ਸਾਰਿਆਂ ਦੀ ਜ਼ਿੰਮੇਵਾਰੀ – ਡਾ:ਅਰੋੜਾ
– ਮੱਛਰਾਂ ਦੀ ਬਰੀਡਿੰਗ ਰੋਕਣ ਲਈ ਕਿਸੇ ਵੀ ਰੂਪ ਵਿੱਚ ਪਾਣੀ ਜਮ੍ਹਾ ਹੋਣ ਤੋਂ ਰੋਕਿਆ ਜਾਵੇ- ਸਿਵਲ ਸਰਜਨ
ਫਿਰੋਜ਼ਪੁਰ, 10 ਜੂਨ
ਅਮਰੀਕ ਸਿੰਘ
ਅਮਰੀਕ ਸਿੰਘ
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਦੀ ਅਗਵਾਈ ਹੇਠ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ।ਇਸੇ ਸਿਲਸਿਲੇ ਵਿੱਚ ਜੂਨ ਮਹੀਨੇ ਨੂੰ ਮਲੇਰੀਆ ਮਹੀਨੇ ਦੇ ਤੌਰ ‘ਤੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਿਹਤ ਕਰਚਾਰੀਆਂ/ਅਧਿਕਾਰੀਆਂ ਵੱਲੋਂ ਮਲੇਰੀਆ ਰੋਗ ਦੇ ਕਾਰਨ, ਲੱਛਣ, ਇਲਾਜ ਅਤੇ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਅਤੇ ਸਿਹਤ ਕਰਚਾਰੀਆਂ ਵੱਲੋਂ ਘਰ-ਘਰ ਜਾ ਕੇ ਵੈਕਟਰ ਜਨਿਤ ਰੋਗਾਂ ਬਾਰੇ ਸਰਵੇਲੈਂਸ ਰੱਖੀ ਜਾ ਰਹੀ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਨੇ ਜ਼ਿਲ੍ਹਾ ਨਿਵਾਸੀਆਂ ਦੇ ਨਾਮ ਜਾਰੀ ਇੱਕ ਸਿਹਤ ਸੁਨੇਹੇ ਵਿੱਚ ਕੀਤਾ।
ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਪੀਡੀਮਾਲੋਜ਼ਿਸਟ ਡਾ. ਯੁਵਰਾਜ ਨਾਰੰਗ ਨੇ ਦੱਸਿਆ ਕਿ ਬੀਤੇ ਰੋਜ਼ ਸਿਹਤ ਅਧਿਕਰੀਆਂ ਦੀਆਂ ਟੀਮਾਂ ਵੱਲੋਂ ਹਾਊਸਿੰਗ ਬੋਰਡ ਕਲੋਨੀ ਖੇਤਰ ਅਤੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਪਾਣੀ ਦੀਆਂ ਟੈਂਕੀਆਂ ਨੇੜੇ ਬਣੀਆਂ ਹੌਦੀਆਂ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ ਹੈ। ਇਸ ਸਿਲਸਿਲੇ ਵਿੱਚ ਚੇਤਾਵਨੀ ਪੱਤਰ ਜਾਰੀ ਕਰਨ ਤੋਂ ਇਲਾਵਾ 05 ਚਾਲਾਨ ਕੀਤੇ ਜਾਣ ਸਬੰਧੀ ਮਿਊਂਸਪਲ ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਅਰੋੜਾ ਨੇ ਮਲੇਰੀਆ ਰੋਗ ਬਾਰੇ ਚਰਚਾ ਕਰਦਿਆ ਕਿਹਾ ਕਿ ਮਲੇਰੀਆ ਮੱਛਰਾਂ ਦੁਆਰਾ ਫੈਲਾਇਆ ਜਾਣ ਵਾਲਾ ਰੋਗ ਹੈ ਅਤੇ ਮੱਛਰਾਂ ਦੇ ਵਾਧੇ ਨੂੰ ਰੋਕ ਕੇ ਇਸ ਰੋਗ ਦੇ ਪਸਾਰ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੱਛਰਾਂ ਦੀ ਬਰੀਡਿੰਗ ਰੋਕਣ ਲਈ ਆਪਣੇ ਆਸ-ਪਾਸ ਕਿਸੇ ਵੀ ਰੂਪ ਵਿੱਚ ਪਾਣੀ ਖੜਾ ਹੋਣ ਤੋਂ ਰੋਕਿਆ ਜਾਵੇ। ਘਰਾਂ,ਦਫਤਰਾਂ ਵਿਖੇ ਕੂਲਰਾਂ,ਫਰਿਜਾਂ ਦੀਆਂ ਟਰੇਆਂ ਆਦਿ ਵਿਖੇ ਹਫਤੇ ਵਿੱਚ ਇੱਕ ਵਾਰ ਪਾਣੀ ਸੁਕਾਇਆ ਜਾਵੇ। ਇਸੇ ਲਈ ਸਿਹਤ ਵਿਭਾਗ ਵੱਲੋਂ ਫਰਾਈ ਡੇਅ ਡਰਾਈ ਡੇਅ ਦਾ ਨਾਅਰਾ ਦਿੱਤਾ ਗਿਆ ਹੈ । ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਸ਼ਰੀਰ ਨੂੰ ਪੂਰੀ ਤਰਾਂ ਕਵਰ ਕਰਨ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ। ਮੱਛਰਾਂ ਤੋਂ ਬਚਾਅ ਲਈ ਮੱਛਰਦਾਨੀਆਂ, ਮੱਛਰ ਭਜਾਊ ਕ੍ਰੀਮਾਂ ਅਤੇ ਹੋਰ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ ਅਤੇ ਇਸ ਦੀ ਜਾਂਚ ਕਰਵਾਉਣੀ ਬਹੁਤ ਜਰੂਰੀ ਹੈ ਅਤੇ ਸਰਕਾਰੀ ਸਿਹਤ ਕੇਂਦਰਾਂ ਵਿਖੇ ਮਲੇਰੀਆ ਦੀ ਜਾਂਚ ਅਤੇ ਇਲਾਜ ਮੁਫਤ ਉਪਲੱਬਧ ਹੈ।
—- #Ferozepurnews