Breaking News

ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ 24ਵੀਂ ਵਾਰ ਯੂਨੀਵਰਸਿਟੀ ਪੁੱਜਣ `ਤੇ ਨਿੱਘਾ ਸਵਾਗਤ
ਯੂਨੀਵਰਸਿਟੀ ਦੇ ਵਿਹੜੇ ਵਿਚ ਜਸ਼ਨਾਂ ਵਾਲਾ ਮਾਹੌਲ

ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ 24ਵੀਂ ਵਾਰ ਯੂਨੀਵਰਸਿਟੀ ਪੁੱਜਣ `ਤੇ ਨਿੱਘਾ ਸਵਾਗਤ
ਯੂਨੀਵਰਸਿਟੀ ਦੇ ਵਿਹੜੇ ਵਿਚ ਜਸ਼ਨਾਂ ਵਾਲਾ ਮਾਹੌਲ
ਮਾਕਾ ਟਰਾਫੀ ਖਿਡਾਰੀ-ਵਿਦਿਆਰਥੀਆਂ ਦੀ ਸਖਤ ਮਿਹਨਤ ਦਾ ਨਤੀਜਾ – ਵਾਈਸ-ਚਾਂਸਲਰ

ਗੁਰਸ਼ਰਨ ਸਿੰਘ ਸੰਧੂ 
ਅੰਮ੍ਰਿਤਸਰ , 01 ਦਸੰਬਰ,
  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਜੇਕਰ ਭਾਰਤ ਵਿਚ ਵਿਸ਼ਵ ਵਿਚ ਆਪਣੀ ਖੇਡਾਂ ਵਿਚ ਸਰਦਾਰੀ ਬਣਾਉਣੀ ਹੈ ਤਾਂ ਇਸ ਤੋਂ ਪਹਿਲਾਂ ਖਿਡਾਰੀਆਂ ਨੂੰ ਉਹ ਸਾਰੀਆਂ ਆਧੁਨਿਕ ਸਹੂਲਤਾਂ ਅਤੇ ਸਾਜ਼ੋ ਸਮਾਨ ਦੇਣਾ ਪਵੇਗਾ ਜੋ ਉਨ੍ਹਾਂ ਦੀ ਖੇਡ ਨੂੰ ਅੱਗੇ ਲੈ ਕੇ ਜਾ ਸਕਦਾ ਹੈ। ਉਹ ਅੱਜ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਦੇ 24ਵੀਂ ਵਾਰ ਯੂਨੀਵਰਸਿਟੀ ਦੇ ਕੈਂਪਸ ਵਿਚ ਪੁੱਜਣ `ਤੇ ਖਿਡਾਰੀਆਂ, ਕੋਚਾਂ, ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲਾਂ, ਵੱਖ ਵੱਖ ਵਿਭਾਗਾਂ ਦੇ ਮੁਖੀਆਂ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਆਡੀਟੋਰੀਅਮ ਵਿਚ ਪੁੱਜੀਆਂ ਸਖਸ਼ੀਅਤਾਂ ਦਾ ਸਵਾਗਤ ਕਰ ਸਨ। ਉਨ੍ਹਾਂ ਨੇ ਇਸ ਸਮੇਂ ਯੂਨੀਵਰਸਿਟੀ ਨੂੰ ਸੰਥੈਟਿਕ ਟਰੈਕ ਬਣਾਉਣ ਅਤੇ ਆਲ ਸੀਜ਼ਨ ਸਵਿਮਿੰਗ ਪੂਲ ਦਾ ਟੀਚਾ ਮਿਥਦਿਆਂ ਕਿਹਾ ਕਿ ਦੇਸ਼ ਦੀਆਂ ਯੂਨੀਵਰਸਿਟੀਆਂ ਵਿਚੋਂ ਵਾਹਿਦ ਇਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਜੋ ਖਿਡਾਰੀਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਉਹ ਸਭ ਸਹੂਲਤਾਂ ਉਪਲਬਧ ਕਰਵਾ ਰਹੀ ਹੈ ਜੋ ਉਨ੍ਹਾਂ ਦੀ ਖੇਡ ਨੂੰ ਨਿਖਾਰਨ ਵਿਚ ਬਹੁਤ ਜ਼ਰੂਰੀ ਹੈ। ਉਨ੍ਹਾਂ ਇਸ ਮੌਕੇ ਉਚੇਚੇ ਤੌਰ `ਤੇ ਜੀ.ਐਨ.ਡੀ.ਯੂ. ਮਿਆਸ ਡਿਪਾਰਟਮੈਂਟ ਆਫ ਸਪੋਰਟਸ ਮੈਡੀਸਨ ਦਾ ਜ਼ਿਕਰ ਕੀਤਾ ਜਿਸ ਦਾ ਦੇਸ਼ ਭਰ ਦੇ ਖਿਡਾਰੀ ਲਾਭ ਉਠਾਅ ਰਹੇ ਹਨ। ਉਨ੍ਹਾਂ ਇਸ ਮੌਕੇ ਹੋਰ ਵੀ ਸਹੂਲਤਾਂ ਦੇਣ ਦੀ ਵਚਨਬੱਧਤਾ ਦੁਹਰਾਈ। ਇਸ ਮੌਕੇ ਉਨਾਂ੍ਹ ਖਿਡਾਰੀਆਂ, ਕੋਚਾਂ, ਪ੍ਰਿੰਸੀਪਲਾਂ, ਅਧਿਕਾਰੀਆਂ ਅਤੇ ਹੋਰ ਅਮਲੇ ਨਾਲ ਸਾਬਾਸ਼ੀ ਦੇ ਤੌਰ `ਤੇ ਵਿਸ਼ੇਸ਼ ਫੋਟੋ ਸੈਸ਼ਨ ਵੀ ਕਰਵਾਇਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭਾਗਾਂ ਭਰੇ ਵਿਹੜੇ ਵਿਚ ਅੱਜ ਉਦੋਂ ਖੁਸ਼ੀਆਂ ਸਾਂਭੀਆਂ ਨਹੀਂ ਜਾ ਰਹੀਆਂ ਸਨ ਜਦੋਂ ਤਿੰਨ ਸਾਲਾਂ ਦੇ ਵਕਫੇ ਬਾਅਦ ਦੇਸ਼ ਦੀ ਖੇਡਾਂ ਦੀ ਸੱਭ ਤੋਂ ਵਕਾਰੀ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਇਥੇ ਪੁਜੀ। ਯੂਨੀਵਰਸਿਟੀ ਦੇ ਮੁੱਖ ਗੇਟ `ਤੇ ਖੁਲ੍ਹੀ ਗੱਡੀ ਵਿਚ ਰੱਖੀ ਟਰਾਫੀ ਨੂੰ ਵੇਖ ਕਿ ਖਿਡਾਰੀਆਂ, ਵਿਦਿਆਰਥੀਆਂ ਅਤੇ ਖਿਡਾਰੀ-ਕੋਚ, ਯੂਨੀਵਰਸਿਟੀ ਦਾ ਸਾਰਾ ਅਮਲਾ  ਅਤੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਖੁਸ਼ੀ ਨਾਲ ਖੀਵੇ ਹੋ ਰਹੇ ਸਨ। ਖਿਡਾਰੀਆਂ ਨੇ ਢੋਲ ਦੇ ਡੱਗੇ `ਤੇ ਬੋਲੀਆਂ ਅਤੇ ਭੰਗੜੇ ਪਾ ਕੇ ਖੂਬ ਖੁਸ਼ੀ ਮਨਾਈ। ਫੁੱਲਾਂ ਨਾਲ ਸਿੰ਼ਗਾਰੀ ਇਕ ਗੱਡੀ ਤੇ ਟਰਾਫੀ ਸਜਾਈ ਗਈ ਸੀ ਜਿਸ ਨਾਲ ਕੋਚ ਤੇ ਉਚ ਅਧਿਕਾਰੀ ਖੜ੍ਹੇ ਸਨ ਜਦੋਂ ਕਿ ਦੂਸਰੀ ਸਿ਼ਗਾਰੀ ਜਿਪਸੀ ਵਿਚ ਉਹ ਖਿਡਾਰੀ ਸਨ ਜਿੰਨ੍ਹਾਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਕੀਤੀਆਂ ਪ੍ਰਾਪਤੀਆਂ ਸਦਕਾ ਇਹ ਟਰਾਫੀ ਦੇਸ਼ ਦੇ ਰਾਸ਼ਟਰਪਤੀ ਤੋਂ 24ਵੀਂ ਵਾਰ ਪ੍ਰਾਪਤ ਕਰਨ ਦਾ ਮਾਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਾਸਲ ਹੋਇਆ ਸੀ। ਦੋਵਾਂ ਗੱਡੀਆਂ ਨਾਲ ਯੂਨੀਵਰਸਿਟੀ ਦਾ ਇਕ ਜੇਤੂ ਗੇੜਾ ਕੱਢਣ ਦੇ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਹੋ ਰਹੇ ਜਸ਼ਨ ਸਮਾਗਮ ਵਿਚ ਲਿਆ ਕੇ ਸਟੇਜ਼ ਤੇ ਸ਼ਾਨੋ-ਸ਼ੋਕਤ ਨਾਲ ਸਜਾਇਆ ਗਿਆ। ਇਸ ਸਮੇਂ ਬੀ.ਐਸ.ਐਫ. ਦੇ ਬੈਂਡ ਵੱਲੋਂ ਵੀ ਕਾਫਲੇ ਦੇ ਅੱਗੇ ਅੱਗੇ ਆਪਣੀ ਪਰੇਡ ਕਰਕੇ ਅੱਜ ਦੇ ਜਿੱਤ ਦੇ ਜਸ਼ਨਾਂ ਵਿਚ ਇਕ ਹੋਰ ਖੁਸ਼ੀ ਦਾ ਰੰਗ ਭਰ ਦਿੱਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇਸ ਮਾਣਮੱਤੀ ਪ੍ਰਾਪਤੀ `ਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਵੀ ਵਾਈਸ ਚਾਂਸਲਰ ਪ੍ਰੋ. ਸੰਧੂ ਨੂੰ ਵਧਾਈ ਦਿੱਤੀ ਅਤੇ ਕਿਹਾ ਹੈ ਕਿ ਪੰਜਾਬ ਅਤੇ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਵਿਚ ਖੇਡ ਸਭਿਆਚਾਰ ਨੂੰ ਪ੍ਰਫੁਲਤ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਸਹਿਯੋਗ ਦੇਵੇਗੀ। ਇਸੇ ਤਰ੍ਹਾਂ ਸ. ਗੁਰਮੀਤ ਸਿੰਘ ਮੀਤ ਹੇਅਰ, ਸ. ਕੁਲਦੀਪ ਸਿੰਘ ਧਾਲੀਵਾਲ, ਡਾ. ਇੰਦਰਬੀਰ ਸਿੰਘ ਨਿੱਜਰ, ਸ. ਹਰਭਜਨ ਸਿੰਘ ਈਟੀਓ (ਸਾਰੇ ਕੈਬਨਿਟ ਮੰਤਰੀ), ਸਿੰਡੀਕੇਟ ਮੈਂਬਰ ਅਤੇ ਸ. ਸਤਪਾਲ ਸਿੰਘ ਸੋਖੀ, ਸੈਨੇਟ ਮੈਂਬਰ ਤੋਂ ਇਲਾਵਾ ਹੋਰ ਵੀ ਵੱਖ ਵੱਖ ਵਿਦਿਅਕ ਅਤੇ ਖੇਡ ਸੰਸਥਾਵਾਂ ਦੇ ਮੁਖੀਆਂ ਨੇ ਵੀ ਇਸ ਉਪਲਬਧੀ ਲਈ ਉਪ ਕੁਲਪਤੀ ਅਤੇ ਯੂਨੀਵਰਸਿਟੀ ਨੂੰ ਵਧਾਈ ਦਿੱਤੀ। ਇਸ ਮੌਕੇ ਡੀਨ, ਅਕਾਦਮਿਕ ਮਾਮਲੇ, ਪ੍ਰੋ. ਐਸ.ਐਸ. ਬਹਿਲ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਓਐਸਡੀ ਟੂ ਵਾਈਸ ਚਾਂਸਲਰ ਪ੍ਰੋ. ਹਰਦੀਪ ਸਿੰਘ, ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ, ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਇੰਚਾਰਜ, ਸ਼੍ਰੀ ਕੰਵਰ ਮਨਦੀਪ ਸਿੰਘ ਇਸ ਮੌਕੇ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ। ਡਾ. ਸ਼ਵੇਤਾ ਸ਼ਿਨੋਏ, ਮੁਖੀ, ਜੀ.ਐਨ.ਡੀ.ਯੂ. ਮਿਆਸ ਡਿਪਾਰਟਮੈਂਟ ਆਫ ਸਪੋਰਟਸ ਮੈਡੀਸਨ ਨੇ ਵੀ ਸਮਾਗਮ ਵਿਚ ਉਚੇਚੇ ਤੌਰ `ਤੇ ਸ਼ਿਰਕਤ ਕੀਤੀ ਅਤੇ ਮਾਕਾ ਟਰਾਫੀ ਇਸਤਕਬਾਲ ਕੀਤਾ।  
ਇਸ ਖੁਸ਼ੀ ਦੇ ਮੌਕੇ ਤੇ ਆਪਣੀ ਖੁਸ਼ੀ ਜਾਹਿਰ ਕਰਦਿਆ ਉਪ ਕੁਲਪਤੀ ਡਾ. ਜਸਪਾਲ  ਸਿੰਘ ਸੰਧੂ ਨੇ ਕਿਹਾ ਅੱਜ ਸਾਡੇ ਸਾਰਿਆਂ ਲਈ ਭਾਗਾਂ ਵਾਲਾ ਅਤੇ ਖੁਸ਼ੀਆਂ ਭਰਿਆ ਦਿਨ ਹੈ ਕਿ ਸਾਨੂੰ ਤਿੰਨ ਸਾਲਾਂ ਬਾਅਦ ਇਹ ਵਕਾਰੀ ਟਰਾਫੀ ਮੁੜ ਹਾਸਿਲ ਹੋਈ ਹੈ। ਉਨ੍ਹਾਂ ਇਸ ਦਾ ਸਿਹਰਾ ਖਿਡਾਰੀਆਂ ਦੇ ਨਾਲ – ਨਾਲ ਕੋਚਾਂ , ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਸਪੋਰਟ ਵਿਭਾਗ ਦੇ ਸਿਰ ਸਜਾਇਆ।   ਉਨ੍ਹਾਂ ਕਿਹਾ ਕਿ ਪਹਿਲਾ ਹੀ ਯੂਨੀਵਰਸਿਟੀ ਸੱਭ ਯੂਨੀਵਰਸਿਟੀਆਂ ਤੋਂ ਵੱਧ ਕਰੀਬ ਸਵਾ ਦੋ ਕਰੋੜ ਰੁਪਿਆ ਨਗਦ ਰਾਸ਼ੀ ਇਨਾਮ ਵਜੋਂ ਖਿਡਾਰੀਆਂ ਦੇਂਦੀ ਆ ਰਹੀ ਹੈ। ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਇੰਚਾਰਜ, ਸ਼੍ਰੀ ਕੰਵਰ ਮਨਦੀਪ ਸਿੰਘ ਨੇ ਕਿਹਾ ਕਿ ਇਹ ਟਰਾਫੀ ਅਜਿਹੇ ਸਮੇਂ ਯੂਨੀਵਰਸਿਟੀ ਨੂੰ ਮਿਲਣਾ ਹੋਰ ਵੀ ਖੁਸ਼ੀਆਂ ਦੁਗਣੀਆਂ ਕਰਨ ਵਾਲੀ ਗਲ ਹੈ। ਸਮਾਗਮ ਉਪਰੰਤ ਇਹ ਟਰਾਫੀ ਉਪ-ਕੁਲਪਤੀ ਦੇ ਦਫਤਰ ਵਿਚ ਸੁਸ਼ੋਭਿਤ ਕਰ ਦਿੱਤੀ।

ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਪੋਰਟਸ ਕਮੇਟੀ (ਪੁਰਸ਼) ਦੇ ਪ੍ਰਧਾਨ, ਡਾ. ਮਹਿਲ ਸਿੰਘ (ਪ੍ਰਿੰਸੀਪਲ, ਖ਼ਾਲਸਾ ਕਾਲਜ, ਅੰਮ੍ਰਿਤਸਰ) ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਪੋਰਟਸ ਕਮੇਟੀ (ਇਸਤਰੀਆਂ) ਦੇ ਪ੍ਰਧਾਨ, ਡਾ. ਅਜੈ ਸਰੀਨ (ਪ੍ਰਿੰਸੀਪਲ, ਐਚ.ਐਮ.ਵੀ. ਕਾਲਜ, ਅੰਮ੍ਰਿਤਸਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਵਾਈਸ ਚਾਂਸਲਰ ਪ੍ਰੋ. ਸੰਧੂ ਵੱਲੋਂ ਸਮੇਂ ਸਮੇਂ ਦਿੱਤੇ ਜਾਂਦੇ ਸਹਿਯੋਗ ਦੀ ਸ਼ਲਾਘਾ ਕੀਤੀ।
ਦੇਸ਼ ਰਾਸ਼ਟਰਪਤੀ ਮਾਣਯੋਗ ਸ੍ਰੀ ਰਾਮ ਨਾਥ ਕੋਵਿੰਦ ਜੀ ਤੋਂ 24ਵੀਂ ਰਿਕਾਰਡ ਤੋੜ ਇਹ ਟਰਾਫੀ ਪ੍ਰਾਪਤ ਕਰਨ ਦੇ ਲਈ ਪ੍ਰੋ. ਸੰਧੂ ਨੇ ਸਾਰਿਆ ਦਾ ਇਕ ਵਾਰ ਫਿਰ ਧੰਨਵਾਦ ਕੀਤਾ ਅਤੇ ਇਸ ਮੌਕੇ ਅੰਤਰਰਾਸ਼ਟਰੀ ਪੱਧਰ `ਤੇ ਮੈਡਲ ਪ੍ਰਾਪਤ ਖਿਡਾਰੀਆਂ ਦਾ ਸਨਮਾਨ ਵੀ ਕੀਤਾ।
 

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …