ਮੁੱਖ ਮੰਤਰੀ ਭਾਰੀ ਮੀਂਹ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਤੁਰੰਤ ਪ੍ਰਭਾਵ ਨਾਲ ਕਦਮ ਚੁੱਕੇ: ਪ੍ਰੋ: ਸਰਚਾਂਦ ਸਿੰਘ ਖਿਆਲਾ, ਕੁਲਦੀਪ ਸਿੰਘ ਕਾਹਲੋਂ।ਅਮਰੀਕ ਸਿੰਘਅੰਮ੍ਰਿਤਸਰ 24 ਜੁਲਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਵਿੱਚ ਭਾਰੀ ਮੀਂਹ ਕਾਰਨ ਝੋਨੇ ਸਮੇਤ ਹੋਰ ਫ਼ਸਲਾਂ ਅਤੇ ਖੇਤੀ ਮਸ਼ੀਨਰੀ ਦੇ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਤੁਰੰਤ ਗਿਰਦਾਵਰੀ ਕਰਵਾਉਣ ਦੀ ਅਪੀਲ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸਿਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਅਤੇ ਬੁਲਾਰੇ ਕੁਲਦੀਪ ਸਿੰਘ ਕਾਹਲੋਂ ਨੇ ਮੁੱਖ ਮੰਤਰੀ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸੂਬੇ ਦੇ ਸਮੂਹ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੁਸਤ-ਦਰੁਸਤ ਬਣਾਉਣ ਲਈ ਕਿਹਾ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਸੂਬੇ ਦੇ ਕਈ ਹਿੱਸਿਆਂ ਵਿੱਚ ਸਿੰਚਾਈ ਲਈ ਨਹਿਰਾਂ ਵਿੱਚ ਤਰੇੜਾਂ ਆ ਗਈਆਂ ਹਨ ਅਤੇ ਨਿਕਾਸੀ ਨਹਿਰਾਂ ਦੀ ਸਮੇਂ ਸਿਰ ਸਫ਼ਾਈ ਨਹੀਂ ਕੀਤੀ ਗਈ, ਜਿਸ ਕਾਰਨ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਭਾਰੀ ਬਰਸਾਤ ਕਾਰਨ ਅੰਮ੍ਰਿਤਸਰ ਦੀ ਅਠਵਾਲ ਨਹਿਰ ’ਚ ਪਾੜ ਪੈ ਗਈ ਹੈ। ਬਾਬਾ ਬਕਾਲਾ ਅਤੇ ਜੰਡਿਆਲਾ ਹਲਕੇ ਦੇ ਕਈ ਪਿੰਡਾਂ ਵਿੱਚ ਇਸੇ ਪਾੜ ਪੈਣ ਕਾਰਨ ਫਸਲਾਂ ਬਰਬਾਦ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁਕਤਸਰ ’ਚ ਕਰਮਗੜ੍ਹ ਮਾਈਨਰ ਪਾਟਣ ਕਾਰਨ ਆਸ-ਪਾਸ ਦੇ ਪਿੰਡਾਂ ਵਿੱਚ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਇਹੀ ਸਥਿਤੀ ਲੰਬੀ, ਮਲੋਟ, ਗਿੱਦੜਬਾਹਾ ਅਤੇ ਹੋਰ ਥਾਵਾਂ ’ਤੇ ਵੀ ਦੇਖਣ ਨੂੰ ਮਿਲੀ। ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਪੱਲਾ ਮੇਘਾ, ਦੁਲਚੀ, ਗੁਰੂਹਰਸਹਾਏ, ਮਮਦੋਟ ਵਿੱਚ ਮੀਂਹ ਕਾਰਨ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਅਤੇ ਸਬਜ਼ੀਆਂ ਪਾਣੀ ਵਿੱਚ ਡੁੱਬ ਗਈਆਂ। ਇੱਥੋਂ ਦੇ ਕਈ ਪਿੰਡਾਂ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਰਸਾਤੀ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ, ਜਿਸ ਕਾਰਨ ਘਰਾਂ ਦਾ ਸਾਮਾਨ ਵੀ ਨੁਕਸਾਨਿਆ ਗਿਆ ਹੈ। ਇਹੀ ਹਾਲ ਜਲਾਲਾਬਾਦ ਇਲਾਕੇ ਦੇ ਪਿੰਡਾਂ ਦਾ ਸੀ। ਮੀਂਹ ਕਾਰਨ ਇਲਾਕੇ ਦੀ ਸੈਂਕੜੇ ਏਕੜ ਫ਼ਸਲ ਤਬਾਹ ਹੋ ਗਈ ਹੈ। ਪਿੰਡਾਂ ਵਿੱਚੋਂ ਲੰਘਦੇ ਚੱਕ ਸੈਦੋ ਕੇ ਅਤੇ ਤਰੋਬਰੀ ਡਰੇਨ ਦੀ ਸਮੇਂ ਸਿਰ ਸਫ਼ਾਈ ਕਰਨ ਵਿੱਚ ਸਬੰਧਤ ਵਿਭਾਗ ਦੀ ਨਾਕਾਮੀ ਕਾਰਨ ਪਿੰਡਾਂ ਦੀ ਸੈਂਕੜੇ ਏਕੜ ਫ਼ਸਲ ਤਬਾਹ ਹੋ ਗਈ ਹੈ। ਜਿਨ੍ਹਾਂ ਨੂੰ ਕਿਸਾਨਾਂ ਨੇ ਮਹਿੰਗੇ ਭਾਅ ਦਾ ਡੀਜ਼ਲ ਅਤੇ ਖਾਦਾਂ ਸਮੇਤ ਹੋਰ ਖਰਚ ਕਰਕੇ ਪਾਲਿਆ ਸੀ। ਫਾਜ਼ਿਲਕਾ ਦੇ ਇਲਾਕੇ 'ਚ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਨਾਲ ਆਸ-ਪਾਸ ਦੇ ਪਿੰਡਾਂ 'ਚ ਖੜ੍ਹੀ ਝੋਨੇ ਦੀ ਫਸਲ ਤੋਂ ਇਲਾਵਾ ਝੋਨੇ ਅਤੇ ਮੂੰਗੀ ਦੀ ਫਸਲ 'ਚ ਪਾਣੀ ਭਰ ਗਿਆ ਹੈ। ਇੱਥੇ ਵੱਖ-ਵੱਖ ਪਿੰਡਾਂ ਵਿੱਚ 600 ਏਕੜ ਤੋਂ ਵੱਧ ਫ਼ਸਲ ਪ੍ਰਭਾਵਿਤ ਹੋਈ ਹੈ। ਇਸੇ ਤਰ੍ਹਾਂ ਸੰਗਰੂਰ ਹਲਕੇ ਦੇ ਪਿੰਡਾਂ ਕੌਹਰੀਆਂ, ਉਭਿਆ, ਹਰੀਗੜ੍ਹ, ਸਾਦੀਹਰੀ ਆਦਿ ਵਿੱਚ ਵੀ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਵਿਭਾਗ ਜਿੱਥੇ ਠੇਕੇਦਾਰਾਂ ਰਾਹੀਂ ਸਫ਼ਾਈ ਦੇ ਨਾਂਅ 'ਤੇ ਗੋਂਗਲੂਆਂ ਤੋਂ ਮਿੱਟੀ ਝਾੜਲਿਆ ਜਾਂਦਾ ਹੈ| ਇਸੇ ਤਰ੍ਹਾਂ ਕਾਲਾਂਵਾਲੀ ਨੇੜਲੇ ਪਿੰਡਾਂ ਤਖਤਮੱਲ, ਕਾਲਾਂਵਾਲੀ, ਕੇਵਲ, ਸਿੰਘਪੁਰਾ, ਦੇਸੂ, ਚਕੇਰੀਆਂ ਆਦਿ ਪਿੰਡਾਂ ਵਿੱਚ ਵੀ ਮੀਂਹ ਕਾਰਨ ਨਰਮੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਭਾਰੀ ਮੀਂਹ ਕਾਰਨ ਢਿਲਵਾਂ ਪਟਿਆਲਾ ਦੇ ਕਿਸਾਨਾਂ ਦੀ ਕਰੀਬ 250 ਏਕੜ ਫ਼ਸਲ ਤਬਾਹ ਹੋ ਗਈ ਹੈ। ਬਰਸਾਤ ਕਾਰਨ ਢਿਲਵਾਂ ਤੋਂ ਖੁੱਡੀ ਲਿੰਕ ਸੜਕ ਦੇ ਨਾਲੇ ਕੋਲ ਸੜਕ ਦਸ ਫੁੱਟ ਤੱਕ ਟੁੱਟ ਗਈ, ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਰੀ ਬਰਸਾਤ ਕਾਰਨ ਕਈ ਕਿਸਾਨਾਂ ਦੇ ਖੇਤਾਂ ਦੀਆਂ ਬਿਜਲਈ ਮੋਟਰਾਂ ਵੀ ਖਰਾਬ ਹੋ ਗਈਆਂ। ਭਾਜਪਾ ਆਗੂਆਂ ਨੇ ਮੁੱਖ ਮੰਤਰੀ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।___