ਮਾਂ ਬੋਲੀ ਪੰਜਾਬੀ ਦੀ ਉੱਨਤੀ ਤੇ ਵਿਕਾਸ ਲਈ ਭਗਵੰਤ ਮਾਨ ਸਰਕਾਰ ਨੇ ਇਤਿਹਾਸਕ ਕੰਮ ਕੀਤੇ: ਫੌਜਾ ਸਿੰਘ ਸਰਾਰੀ• ਸਾਨੂੰ ਆਪਣੀ ਮਾਂ ਬੋਲੀ ਤੇ ਅਮੀਰ ਵਿਰਸੇ ‘ਤੇ ਮਾਣ: ਰਜ਼ਨੀਸ ਦਹੀਆ•ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ ਨੂੰ ਸਰਮਪਿਤ ਰਾਜ ਪੱਧਰੀ ਨਾਟਕ ਮੇਲੇ ਦਾ ਆਯੋਜਨ •ਨਾਟਕ ਪੇਸ਼ਕਾਰੀਆਂ, ਪੁਸਤਕ ਅਤੇ ਮਾਤ ਭਾਸ਼ਾ ਨਾਲ ਸਬੰਧਿਤ ਪ੍ਰਦਰਸ਼ਨੀਆਂ ਰਹੀਆਂ ਖਿੱਚ ਦਾ ਕੇਂਦਰਗੁਰਸ਼ਰਨ ਸਿੰਘ ਸੰਧੂ ਫਿਰੋਜ਼ਪੁਰ 21 ਨਵੰਬਰ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਵੰਬਰ ਦੇ ਮਹੀਨੇ ‘ਪੰਜਾਬੀ ਮਾਹ - 2022’ ਅਧੀਨ ਰਾਜ ਪੱਧਰੀ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਵੀ ਰਾਜ ਪੱਧਰੀ ਸਮਾਗਮ (ਨਾਟਕ ਮੇਲਾ) ਜੈਨਸਿਸ ਡੈਂਟਲ ਕਾਲਜ ਫ਼ਿਰੋਜ਼ਪੁਰ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਪੰਜਾਬ ਸ. ਫੌਜਾ ਸਿੰਘ ਸਰਾਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜ਼ਨੀਸ ਦਹੀਆ ਅਤੇ ਡਿਪਟੀ ਕਮਿਸ਼ਨਰ ਮੈਡਮ ਅੰਮ੍ਰਿਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਸ੍ਰੀ ਕੇਵਲ ਧਾਲੀਵਾਲ ਪ੍ਰਸਿੱਧ ਰੰਗਕਰਮੀ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਸ. ਫੌਜਾ ਸਿੰਘ ਸਰਾਰੀ, ਡਿਪਟੀ ਕਮਿਸ਼ਨਰ ਤੇ ਹੋਰ ਪਤਵੰਤਿਆਂ ਨੇ ਸ਼ਮਾਂ ਰੌਸ਼ਨ ਕਰਕੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਮਾਂ ਬੋਲੀ ਪੰਜਾਬੀ ਦੀ ਉੱਨਤੀ ਤੇ ਵਿਕਾਸ ਲਈ ਇਤਿਹਾਸਕ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਹੀ ਲੜੀ ਤਹਿਤ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ 2022 ਤਹਿਤ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਤਹਿਤ ਅੱਜ ਫਿਰੋਜ਼ਪੁਰ ਵਿਖੇ ਵੀ ਰਾਜ ਪੱਧਰੀ ਨਾਟਕ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਨਾਟਕ ਲਾਕ ਡਾਊਨ - ਇੱਕ ਪ੍ਰੇਮ ਕਹਾਣੀ’ ਅਤੇ ‘ਅੰਨ੍ਹੀ ਮਾਈ ਦਾ ਸੁਪਨਾ’ ਦੀਆਂ ਪੇਸ਼ਕਾਰੀਆਂ ਦੀ ਭਰਪੂਰ ਪ੍ਰਸੰਸਾਂ ਕੀਤੀ ਅਤੇ ਕਿਹਾ ਕਿ ਇਹ ਨਾਟਕ ਸਚਮੁੱਚ ਅਸਲੀ ਕਹਾਣੀ ਜਾਪਦੇ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਦੇ ਅੰਗ ਜਾਪਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਾਂ ਬੋਲੀ ਪੰਜਾਬੀ ਦੀ ਤਰੱਕੀ ਤੇ ਵਿਕਾਸ ਲਈ ਮਿਲ ਕੇ ਹੰਭਲੇ ਮਾਰਨੇ ਚਾਹੀਦੇ ਹਨ ਅਤੇ ਪੰਜਾਬੀ ਹੋਣ ‘ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜ਼ਨੀਸ ਦਹੀਆ ਨੇ ਕਿਹਾ ਕਿ ਪੰਜਾਬੀ ਰੰਗਮੰਚ ਪੰਜਾਬੀਆਂ ਦਾ ਪੰਜਾਬੀ ਮਾਂ ਬੋਲੀ ਨਾਲ ਪਿਆਰ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜੋਕੇ ਸਮੇਂ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਨੂੰ ਹੀ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਕੀ ਭਾਸ਼ਾਵਾਂ ਦਾ ਗਿਆਨ ਵੀ ਜ਼ਰੂਰੀ ਹੈ ਪਰ ਬਹੁਤ ਵਧੀਆ ਹੋਵੇ ਜੇਕਰ ਅਸੀਂ ਆਪਸੀ ਗੱਲਬਾਤ ਦੌਰਾਨ ਆਪਣੀ ਪੰਜਾਬੀ ਬੋਲੀ ਦਾ ਇਸਤੇਮਾਲ ਕਰੀਏ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਤੇ ਅਮੀਰ ਸੱਭਿਆਚਾਰਕ ਵਿਰਸੇ ਅਤੇ ਇਤਿਹਾਸ ‘ਤੇ ਮਾਣ ਹੈ। ਸਮਾਗਮ ਵਿੱਚ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਡਾ. ਲੱਖਾ ਲਹਿਰੀ ਦੇ ਨਿਰਦੇਸ਼ਨ ਅਧੀਨ ਲਾਕ ਡਾਊਨ - ਇਕ ਪ੍ਰੇਮ ਕਹਾਣੀ ਅਤੇ ਨਟਰੰਗ ਅਬੋਹਰ (ਰਜਿ.) ਵੱਲੋਂ ਹਨੀ ਉਤਰੇਜਾ ਦੇ ਨਿਰਦੇਸ਼ਨ ਹੇਠ ‘ਅੰਨ੍ਹੀ ਮਾਈ ਦਾ ਸੁਪਨਾ’ ਨਾਟਕ ਬਾਖੁਬੀ ਨਾਲ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇਸ ਦੌਰਾਨ ਪੁਸਤਕਾਂ ਅਤੇ ਮਾਤ ਭਾਸ਼ਾ ਨਾਲ ਸਬੰਧਿਤ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਇਸ ਸਮਾਗਮ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਾਹਿਤਕਾਰਾਂ, ਕਲਾਕਾਰਾਂ ਅਤੇ ਕਲਾ ਪ੍ਰੇਮੀਆਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਭਾਸ਼ਾ ਵਿਭਾਗ ਪੰਜਾਬ ਦੇ ਰਾਜ ਪੱਧਰੀ ਕਵਿਤਾ ਗਾਇਨ ਮੁਕਾਬਲਿਆਂ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਵਿਦਿਆਰਥਣ ਨਵਜੋਤ ਕੌਰ (ਸਰਕਾਰੀ ਹਾਈ ਸਕੂਲ, ਵਾਹਗੇ ਵਾਲਾ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਇਸ ਵਿਦਿਆਰਥਣ ਨੂੰ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ ਅਤੇ ਇਸ ਵਿਦਿਆਰਥਣ ਵੱਲੋਂ ਪੰਜਾਬੀ ਗੀਤ ਗਾ ਕੇ ਰੰਗ ਬੰਨ੍ਹਿਆ ਗਿਆ। ਇਸ ਤੋਂ ਪਹਿਲਾਂ ਜ਼ਿਲ੍ਹਾ ਭਾਸ਼ਾ ਅਫਸਰ ਡਾ. ਜਗਦੀਪ ਸਿੰਘ ਸੰਧੂ ਨੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਸਮੂਹ ਮਹਿਮਾਨਾਂ ਤੇ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੇ ਸਹਾਇਕ ਡਿਪਟੀ ਡਾਇਰੈਕਟਰ ਸ. ਸਤਨਾਮ ਸਿੰਘ ਅਤੇ ਸ੍ਰੀ ਪ੍ਰਵੀਨ ਕੁਮਾਰ, ਐਸ.ਡੀ.ਐਮ. ਸ. ਰਣਜੀਤ ਸਿੰਘ ਭੁੱਲਰ, ਖੋਜ ਅਫ਼ਸਰ ਪਟਿਆਲਾ ਡਾ. ਸੰਤੋਖ ਸੁੱਖੀ, ਮਨਿੰਦਰ ਸਿੰਘ, ਚੇਅਰਮੈਨ ਸ੍ਰੀ ਵਰਿੰਦਰ ਸਿੰਗਲਾ, ਸ੍ਰੀ ਗੌਰਵ ਭਾਸਕਰ, ਸ੍ਰੀ ਰਣਜੀਤ ਹਰਮਨ, ਡਾ. ਅਜੀਤਪਾਲ ਜ਼ਿਲ੍ਹਾ ਭਾਸ਼ਾ ਅਫਸਰ ਮੋਗਾ, ਡਾ. ਭੁਪਿੰਦਰ ਉਤਰੇਜਾ ਜ਼ਿਲ੍ਹਾ ਭਾਸ਼ਾ ਅਫਸਰ ਫਾਜਿਲਕਾ , ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀ ਸੁਖਵਿੰਦਰ ਸਿੰਘ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਭਾਸ਼ਾ ਮੰਚਾਂ ਦੇ ਸਰਪ੍ਰਸਤ, ਫਿਰੋਜ਼ਪੁਰ ਦੇ ਨਾਮਵਰ ਸਾਹਿਤਕਾਰ, ਦਲਜੀਤ ਸਿੰਘ ਖੋਜ ਅਫ਼ਸਰ, ਰਮਨ ਕੁਮਾਰ, ਨਵਦੀਪ ਸਿੰਘ, ਡਾ. ਸੁਰਜੀਤ ਸਿੱਧੂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।