Breaking News

ਭਾਈ ਗੁਰਦਾਸ ਲਾਇਬ੍ਰੇਰੀ ਵਿਚ ਉੱਘੇ ਨਾਵਲਕਾਰ ਨਾਨਕ ਸਿੰਘ ਸੈਂਟਰ ਹੁਣ ਸਾਹਿਤ ਪ੍ਰੇਮੀਆਂ ਲਈ ਖਿਚ ਦਾ ਕੇਂਦਰ, ਅੱਜ ਹੋਇਆ ਉਦਘਾਟਨ
ਦੁਰਲੱਭ ਪੁਸਤਕਾਂ, ਹੱਥ ਲਿਖਤਾਂ, ਸਮੁੱਚਾ ਸਾਹਿਤ, ਸਨਮਾਨ, ਪੈੱਨ/ਤਖ਼ਤੀ, ਸਰਵਰਕ ਮੌਲਿਕ ਚਿੱਤਰ ਆਦਿ ਪ੍ਰਦਰਸ਼ਤ

ਭਾਈ ਗੁਰਦਾਸ ਲਾਇਬ੍ਰੇਰੀ ਵਿਚ ਉੱਘੇ ਨਾਵਲਕਾਰ ਨਾਨਕ ਸਿੰਘ ਸੈਂਟਰ ਹੁਣ ਸਾਹਿਤ ਪ੍ਰੇਮੀਆਂ ਲਈ ਖਿਚ ਦਾ ਕੇਂਦਰ, ਅੱਜ ਹੋਇਆ ਉਦਘਾਟਨ
ਦੁਰਲੱਭ ਪੁਸਤਕਾਂ, ਹੱਥ ਲਿਖਤਾਂ, ਸਮੁੱਚਾ ਸਾਹਿਤ, ਸਨਮਾਨ, ਪੈੱਨ/ਤਖ਼ਤੀ, ਸਰਵਰਕ ਮੌਲਿਕ ਚਿੱਤਰ ਆਦਿ ਪ੍ਰਦਰਸ਼ਤ

 ਅਮਰੀਕ ਸਿੰਘ 
ਅੰਮ੍ਰਿਤਸਰ, 06 ਅਕਤੂਬਰ
– ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬਰੇਰੀ ਦੀ ਤੀਜੀ ਮੰਜ਼ਿਲ `ਤੇ ਸਥਾਪਤ ਪੰਜਾਬੀ ਦੇ ਉੱਘੇ ਸਾਹਿਤਕਾਰ ਨਾਨਕ ਸਿੰਘ ਸੈਂਟਰ ਦਾ ਉਦਘਾਟਨ ਉੱਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵੱਲੋਂ ਕਰ ਦਿੱਤਾ ਗਿਆ ਹੈ ਜਿਸ ਦੇ ਵਿਚ ਸ. ਨਾਨਕ ਸਿੰਘ ਦੀਆਂ ਦੁਰਲੱਭ ਪੁਸਤਕਾਂ ਦੇ ਮੁੱਢਲੇ ਐਡੀਸ਼ਨ, ਹੱਥ ਲਿਖਤਾਂ, ਸਮੁੱਚਾ ਸਾਹਿਤ, ਉਨ੍ਹਾਂ ਨੂੰ ਮਿਲੇ ਵੱਖ ਵੱਖ ਸਨਮਾਨ, ਉਹਨਾਂ ਦਾ ਪੈੱਨ ਤੇ ਤਖ਼ਤੀ, ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ-ਵਸਤਾਂ, ਕਿਤਾਬਾਂ ਦੇ ਸਰਵਰਕਾਂ ਵਜੋਂ ਚਿੱਤਰਕਾਰ ਸੋਭਾ ਸਿੰਘ ਵੱਲੋਂ ਬਣਾਏ ਗਏ ਮੌਲਿਕ ਚਿੱਤਰ, ਉਨ੍ਹਾਂ ਦੀਆਂ ਤਸਵੀਰਾਂ, ਜੀਵਨ ਦਰਸ਼ਨ ਅਤੇ ਵੱਡੀ ਦੀਵਾਰ ਉੱਪਰ ਲਿਖੀ ਗਈ ਉਨ੍ਹਾਂ ਦੀ ਲਾਈਫ਼ ਲਾਈਨ ਆਦਿ ਸਾਰਾ ਕੁਝ ਸੁਰੱਖਿਅਤ ਰੱਖ ਦਿੱਤਾ ਗਿਆ ਹੈ ਜਿਸ ਨੂੰ ਹੁਣ ਕੋਈ ਵੀ ਆਣ ਕੇ ਇਥੇ ਵੇਖ ਸਕਦਾ ਹੈ ਅਤੇ ਨਾਵਲਕਾਰ ਨਾਨਕ ਸਿੰਘ ਬਾਰੇ ਹੋਰ ਜੋ ਕੋਈ ਵੀ ਸਾਹਿਤਕ ਕੰਮ ਹੈ, ਕਰ ਸਕਦਾ ਹੈ।
ਪਰਿਵਾਰ ਦੇ ਮੈਂਬਰ ਦੀ ਹਾਜ਼ਰ `ਚ ਉਨ੍ਹਾਂ ਵੱਲੋਂ ਸਕਾਲਰਸ਼ਿਪ ਦੇਣ, ਵਰਚੁਅਲ ਸੈਂਟਰ ਬਣਾਉਣ ਅਤੇ ਉਨ੍ਹਾਂ ਦੇ ਪਿੰਡ ਪ੍ਰੀਤ ਨਗਰ `ਚ ਨਾਨਕ ਸਿੰਘ ਨਿਵਾਸ ਨੂੰ ਵੀ ਯਾਦਗਾਰੀ ਬਣਾਉਣ ਦਾ ਐਲ਼ਾਨ ਕੀਤਾ ਹੈ ਜਿਸ ਦੇ ਲਈ ਲਿਟਰੇਰੀ ਫਾਊਂਡੇਸ਼ਨ ਵੱਲੋਂ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਐਲਾਨ ਸ. ਨਾਨਕ ਸਿੰਘ ਦੇ ਪੋਤਰੇ ਨਵਦੀਪ ਸਿੰਘ ਸੂਰੀ ਵੱਲੋਂ ਇਸ ਦਾ ਉਦਘਾਟਨ ਕਰਨ ਤੋਂ ਪਹਿਲਾਂ ਸੈਨੇਟ ਹਾਲ ਵਿਚ ਰੱਖੇ ਉਦਘਾਟਨੀ ਸਮਾਰੋਹ ਸਮੇਂ ਸੰਬੋਧਨ ਕਰਦਿਆਂ ਕੀਤਾ ਗਿਆ ਹੈ। ਸੀਨੀਅਰ ਆਈ ਐਫ਼ ਐਸ ਅਧਿਕਾਰੀ ਨਵਦੀਪ ਸਿੰਘ ਸੂਰੀ ਨੇ ਨਾਨਕ ਸਿੰਘ ਸੈਂਟਰ ਦੇ ਉਦੇਸ਼ਾਂ ਨੂੰ ਸਾਂਝਿਆਂ ਕਰਦਿਆਂ ਕਿਹਾ ਕਿ ਇਸ ਸੈਂਟਰ ਦਾ ਮਨੋਰਥ ਨਾਨਕ ਸਿੰਘ ਦੀਆਂ ਸਾਹਿਤਕ ਕਿਰਤਾਂ ਨੂੰ ਸਾਂਭਣ ਅਤੇ ਇਸ ਪ੍ਤੀ ਖੋਜ-ਕਾਰਜਾਂ ਨੂੰ ਉਤਸ਼ਾਹਿਤ ਕਰਨ ਨਾਲ ਸਬੰਧਤ ਹੈ ਤਾਂ ਜੋ ਇਹ ਸਾਰਾ ਖ਼ਜ਼ਾਨਾਂ  ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕੇ। ਉਪਰੰਤ ਮਨੀ ਸੂਰੀ ਨੇ ਵੀਡੀਓਗ੍ਰਾਫੀ ਰਾਹੀਂ ਨਾਨਕ ਸਿੰਘ ਸੈਂਟਰ ਦੀ ਰੂਪ-ਰੇਖਾ ਤੋਂ ਜਾਣੂ ਕਰਵਾਇਆ।
ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਉੱਪ ਕੁਲਪਤੀ ਡਾ ਜਸਪਾਲ ਸਿੰਘ ਸੰਧੂ ਨੇ ਕੀਤੀ। ਉਨ੍ਹਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਨਾਨਕ ਸਿੰਘ ਸੈਂਟਰ ਦੀ ਸਥਾਪਨਾ ਰਾਹੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਣ ਵਿੱਚ  ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਰਾਹੀਂ ਨਾਨਕ ਸਿੰਘ ਦੇ ਸਮੁੱਚੇ ਸਾਹਿਤਕ ਕਾਰਜ ਨੂੰ ਵਿਦਿਆਰਥੀਆਂ ਲਈ ਸੁਰੱਖਿਅਤ ਅਤੇ ਪ੍ਰਦਰਸ਼ਿਤ ਕੀਤਾ ਗਿਆ ਹੈ। ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਇਸ ਸਮਾਰੋਹ ਦੇ ਸੰਚਾਲਨ ਦੀ ਭੂਮਿਕਾ ਨਿਭਾਈ। ਇਸ ਮੌਕੇ ਉਨ੍ਹਾਂ ਨੇ ਨਾਨਕ ਸਿੰਘ ਦੀ ਤੁਲਨਾ ਟਾਲਸਟਾਏ ਅਤੇ ਮੁਨਸ਼ੀ ਪ੍ਰੇਮਚੰਦ ਨਾਲ ਕਰਦਿਆਂ ਉਨ੍ਹਾਂ ਨੂੰ ਪੰਜਾਬ ਦੀਆਂ ਭੂਗੋਲਿਕ ਹੱਦਾਂ ਤੋਂ ਪਾਰ ਫੈਲ ਕੇ ਹੋਂਦ ਸਥਾਪਿਤ ਕਰਨ ਵਾਲਾ ਸਾਹਿਤਕਾਰ ਮੰਨਿਆ।
ਇਸ ਮੌਕੇ ਨਾਨਕ ਸਿੰਘ ਦੇ ਸਪੁੱਤਰ ਕੁਲਬੀਰ ਸਿੰਘ ਸੂਰੀ ਨੇ ਉਨ੍ਹਾਂ ਨਾਲ ਬਿਤਾਏ ਜੀਵਨ ਅਨੁਭਵਾਂ ਬਾਰੇ ਗੱਲਬਾਤ ਕਰਦਿਆਂ ਨਾਨਕ ਸਿੰਘ ਨੂੰ ਸਾਦਗੀ ਕੇਂਦਰਤ ਸ਼ਖ਼ਸੀਅਤ ਮੰਨਿਆ। ਉਪਰੰਤ ਸ ਨਾਨਕ ਸਿੰਘ ਲਿਟਰੇਰੀ ਫਾਊਂਂਡੇਸ਼ਨ ਦੇ ਉਪ-ਚੇਅਰਮੈਨ ਜਤਿੰਦਰ ਬਰਾੜ ਨੇ ਨਾਨਕ ਸਿੰਘ ਦੀ ਸਿਰਜਣ ਪ੍ਕਿਰਿਆ ਬਾਰੇ ਬੋਲਦਿਆਂ ਨਾਨਕ ਸਿੰਘ ਨੂੰ ਉੱਚ ਮਾਨਵੀ ਆਦਰਸ਼ਾਂ ਨੂੰ ਸਥਾਪਿਤ ਕਰਨ ਵਾਲਾ ਲੇਖਕ ਮੰਨਿਆ। ਨਾਨਕ ਸਿੰਘ ਦੇ ਵੱਡੇ ਸਪੁੱਤਰ ਕੰਵਲਜੀਤ ਸਿੰਘ ਸੂਰੀ ਨੇ ਨਾਨਕ ਸਿੰਘ ਦੀ ਸੰਗੀਤਕ ਰੁਚੀ ਬਾਰੇ ਗੱਲ ਕਰਦਿਆਂ ਉਨ੍ਹਾਂ ਦੀ ਰਚਨਾ `ਦੂਰ ਕਿਨਾਰਾ` ਵਿੱਚੋਂ ਗੀਤ ਪੇਸ਼ ਕੀਤਾ। ਇਸ ਤੋਂ ਬਾਅਦ ਗਾਇਕ ਹਰਿੰਦਰ ਸੋਹਲ ਨੇ ਨਾਨਕ ਸਿੰਘ ਦੁਆਰਾ ਰਚਿਤ ਗੀਤ “ਅੱਲ੍ਹਾ ਹੀ ਅੱਲ੍ਹਾ” ਕਰਿਆ ਕਰ ਪੇਸ਼ ਕੀਤਾ। ਉਪਰੰਤ ਡਾ. ਗੁਰਉਪਦੇਸ਼ ਸਿੰਘ ਨੇ ਨਵਦੀਪ ਸਿੰਘ ਸੂਰੀ ਦੁਆਰਾ ਪੰਜਾਬੀ ਤੋਂ ਅੰਗਰੇਜ਼ੀ ਵਿਚ ਅਨੁਵਾਦਿਤ ਨਾਨਕ ਸਿੰਘ ਦੀਆਂ ਰਚਨਾਵਾਂ “ਖ਼ੂਨ ਦੇ ਸੋਹਿਲੇ”, “ਖ਼ੂਨੀ ਵਿਸਾਖੀ” ਅਤੇ “ਅੱਗ ਦੀ ਖੇਡ” ਬਾਰੇ ਵਿਚਾਰ ਚਰਚਾ ਕੀਤੀ। ਸਮਾਰੋਹ ਦੇ ਅਖ਼ੀਰ ਵਿਚ ਪ੍ਰੋ ਸਰਬਜੋਤ ਸਿੰਘ ਬਹਿਲ (ਡੀਨ ਅਕਾਦਮਿਕ ਮਾਮਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਸਮੂਹ ਵਿਦਵਾਨਾਂ , ਅਧਿਆਪਕਾਂ ਤੇ ਵਿਦਿਆਰਥੀਆ ਦਾ ਇਸ ਸਮਾਗਮ  ਵਿੱਚ  ਸ਼ਿਰਕਤ  ਕਰਨ ਲਈ ਧੰਨਵਾਦ  ਕੀਤਾ।ਇਸ ਉਦਘਾਟਨੀ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਸਮੂਹ ਵਿਦਵਾਨਾਂ, ਅਦੀਬਾਂ, ਸ਼ਹਿਰ ਦੇ ਪਤਵੰਤੇ ਸੱਜਣਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।    

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …