ਬੰਦੀ-ਸਿੰਘਾਂ ਦੀ ਰਿਹਾਈ ਲਈ ਭਗਵੰਤ ਮਾਨ ਸਰਕਾਰ ਪੰਜਾਬ ਦੀ ਅਸੰਬਲੀ ਵਿੱਚ ਮਤਾ ਪਾਸ ਕਰੇ : -ਭੋਮਾਂ ਜੇਕਰ ਬਾਦਲ ਸਰਕਾਰ ਦਿਲੋਂ ਜ਼ੋਰ ਲਾਉਂਦੀ ਤਾਂ ਬੰਦੀ-ਸਿੰਘ ਰਿਹਾਅ ਹੋ ਜਾਂਦੇ :- ਭੋਮਾਂ ਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ 12 ਨਵੰਬਰ ਸ ਮਨਜੀਤ ਸਿੰਘ ਭੋਮਾਂ ਚੇਅਰਮੈਨ ਧਰਮ-ਪ੍ਰਚਾਰ ਕਮੇਟੀ ਪੰਜਾਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਬੰਦੀ-ਸਿੰਘਾਂ ਦੀ ਰਿਹਾਈ ਲਈ ਭਗਵੰਤ ਮਾਨ ਸਰਕਾਰ ਪੰਜਾਬ ਦੀ ਅਸੰਬਲੀ ਵਿੱਚ ਮਤਾ ਪਾਸ ਕਰੇ ਤੇ ਉਹ ਇਸ ਸੰਬੰਧੀ ਮੋਦੀ ਹਕੂਮਤ ਨੂੰ ਸਿਫਾਰਸ਼ ਕਰੇ ਜੋ ਅਦਾਲਤੀ ਸਜ਼ਾਵਾਂ ਪੂਰੀਆਂ ਕਰਦਿਆਂ ਜੇਲਾਂ ਵਿੱਚ ਬਿਰਧ ਹੋ ਗਏ ਹਨ। ਉਹਨਾਂ ਨੂੰ ਤੁਰੰਤ ਰਿਹਾਅ ਕਰੇ । ਰਾਜੀਵ ਗਾਂਧੀ ਕਤਲ ਕਾਂਡ ਚ ਮਾਨਯੋਗ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਲਿੱਟੇ ਕੈਦੀ ਰਿਹਾਅ ਕਰ ਦਿੱਤੇ ਹਨ ਜਿਨ੍ਹਾਂ ਸੰਬੰਧੀ ਤਾਮਿਲਨਾਡੂ ਸਰਕਾਰ ਨੇ ਭਾਰਤ ਸਰਕਾਰ ਨੂੰ ਰਿਹਾਈ ਦੀ ਸਿਫਾਰਸ਼ ਕੀਤੀ ਸੀ। ਇਹਨਾਂ ਦੀ ਰਿਹਾਈ ਦਾ ਸਵਾਗਤ ਕਰਦਿਆਂ ਚੇਅਰਮੈਨ ਮਨਜੀਤ ਸਿੰਘ ਭੋਮਾਂ ਨੇ ਬਾਦਲ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਉਸਨੇ ਲੰਬਾ ਸਮਾਂ ਭਾਜਪਾ ਨਾਲ ਸਾਂਝ ਪਾਕੇ ਸਤਾ ਹੰਢਾਈ ਹੈ ਪਰ ਦਿਲੋਂ ਕਦੇ ਵੀ ਬੰਦੀ ਸਿੰਘ ਰਿਹਾਅ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ । ਭੋਮਾਂ ਮੁਤਾਬਕ ਪੰਥਕ ਸੰਗਠਨ ਲੰਬੇ ਸਮੇਂ ਤੋਂ ਬੰਦੀ ਸਿੰਘ ਰਿਹਾਅ ਕਰਵਾਉਣ ਲਈ ਭਾਰਤ ਸਰਕਾਰ ਨੂੰ ਕਈ ਵਾਰ ਲਿਖਤੀ ਬੇਨਤੀਆਂ ਕਰ ਚੁੱਕੇ ਹਨ ਪਰ ਅੱਜ ਤੱਕ ਬੰਦੀ ਸਿੰਘ ਰਿਹਾਅ ਨਹੀਂ ਹੋਏ। ਦੇਸ਼ ਵਿਚ ਸਮੂਹ ਨਾਗਰਿਕਾਂ ਨੂੰ ਬਰਾਬਰ ਦਾ ਇਨਸਾਫ ਮਿਲਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਵਿਤਕਰਾ ਮਹਿਸੂਸ ਨਾਂ ਕਰ ਸਕੇ। ਉਨ੍ਹਾਂ ਮੁਤਾਬਕ ਸਿੱਖ ਮਹਿਸੂਸ ਕਰਦੇ ਹਨ ਕਿ ਹੈ ਉਹ ਸਾਡੇ ਨਾਲ ਹਰ ਮੁਹਾਜ਼ ਤੇ ਵਿਤਕਰਾ ਕੀਤਾ ਗਿਆ। ਪੰਜਾਬੀ ਸੂਬੇ ਦੇ ਗਠਨ ਸਮੇਂ ਇਨਸਾਫ਼ ਨਹੀਂ ਮਿਲਿਆ, ਦਰਿਆਈ ਪਾਣੀਆਂ ਦੀ ਵੰਡ ਚ ਧੱਕਾ ਕੀਤਾ ਗਿਆ, ਚੰਡੀਗੜ੍ਹ ਰਾਜਧਾਨੀ ਖੋਹ ਲਈ ਗਈ, ਮਹਾਨ ਧਾਰਮਿਕ ਸਥਾਨ ਦਰਬਾਰ ਸਾਹਿਬ ਤੇ ਫੋਜੀ ਹਮਲਾ ਕਰਕੇ ਅਕਾਲ ਤਖ਼ਤ ਤੋਪਾਂ ਨਾਲ ਉਡਾਇਆ ਗਿਆ। ਦਿੱਲੀ ਚ ਸਿੱਖ ਨਸਲਕੁਸ਼ੀ ਕੀਤੀ ਗਈ ਪਰ ਇਨਸਾਫ ਨਹੀਂ ਮਿਲਿਆ। ਇਸ ਤੋਂ ਸਪਸ਼ਟ ਹੈ ਕਿ ਧਾਰਮਿਕ, ਰਾਜਨੀਤਿਕ , ਆਰਥਕ ਅਤੇ ਨਿਆਂਇਕ ਫਰੰਟ ਤੇ ਸਿੱਖ ਕੌਮ ਨਾਲ ਹਮੇਸ਼ਾਂ ਵਿਤਕਰਾ ਕੀਤਾ ਗਿਆ। ਭੋਮਾਂ ਨੇ ਭਾਰਤ ਤੇ ਪੰਜਾਬ ਸਰਕਾਰ ਜ਼ੋਰ ਦਿੱਤਾ ਹੈ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਤੁਰੰਤ ਕਰਵਾਏ।