ਬਾਬਾ ਬਲਬੀਰ ਸਿੰਘ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਬਾਰ ਬਾਰ ਪੈਰੋਲ ਦੇਣ ਤੇ ਜਤਾਇਆ ਸਖ਼ਤ ਇਤਰਾਜ਼
ਅਮਰੀਕ ਸਿੰਘ
ਅੰਮ੍ਰਿਤਸਰ ਜੁਲਾਈ 21
ਨਿਹੰਗ ਸਿੰਘਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14 ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਮੁੜ ਚਾਲੀ ਦਿਨਾਂ ਦੀ ਪੈਰੋਲ ਦਿੱਤੇ ਜਾਣ ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ ਉਨ੍ਹਾਂ ਕਿਹਾ ਕਿ ਸਿੱਖ ਬੰਦੀ ਸਿੰਘ ਜੋ ਆਪਣੀਆਂ ਬਣਦੀਆਂ ਕਨੂੰਨੀ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਹਨ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਦੂਸਰੇ ਪਾਸੇ ਕਈ ਕੇਸਾਂ ‘ਚ ਸ਼ਾਮਲ ਡੇਰਾ ਮੁਖੀ ਰਾਮ ਰਹੀਮ ਨੂੰ ਲਗਾਤਾਰ ਪੈਰੋਲ ਤੇ ਪੈਰੋਲ ਦਿਤੀ ਜਾ ਰਹੀ ਹੈ। ਉਨ੍ਹਾਂ ਕਿਹਾ ਸਾਡੇ ਸਿੱਖ ਸਿੰਘਾਂ ਲਈ ਦੂਜੇ ਦਰਜ਼ੇ ਦੇ ਸ਼ਹਿਰੀਆਂ ਵਾਲਾ ਵਰਤਾਓ ਕਿਉ?
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇਕ ਲਿਖਤੀ ਬਿਆਨ ਵਿੱਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਬਿਮਾਰ ਮਾਂ ਨੂੰ ਮਿਲਣ ਲਈ ਰਾਮ ਰਹੀਮ ਨੂੰ ਪਹਿਲੀ ਵਾਰ 24 ਅਕਤੂਬਰ 2020 ਨੂੰ ਡੇਰਾ ਮੁਖੀ ਨੂੰ ਇਕ ਦਿਨ ਦੀ ਪੈਰੋਲ ਦਿਤੀ ਸੀ। ਦੂਜੀ ਵਾਰ 21 ਮਈ 2021 ਨੂੰ ਇੱਕ ਦਿਨ ਲਈ ਰਿਹਾਅ ਕੀਤਾ ਗਿਆ ਸੀ। ਇਸ ਤੋਂ ਬਾਅਦ 7 ਫਰਵਰੀ 2022 ਨੂੰ ਹਰਿਆਣਾ ਸਰਕਾਰ ਨੇ ਉਸ ਨੂੰ 21 ਦਿਨਾਂ ਦੀ ਪੈਰੋਲ ’ਤੇ ਛੱਡਿਆ ਸੀ। ਇਸ ਤਰ੍ਹਾਂ ਹੀ ਜੂਨ 2022 ਨੂੰ ਇਕ ਮਹੀਨੇ ਲਈ ਅਤੇ ਅਕਤੂਬਰ 2022 ‘ਚ 40 ਦਿਨਾਂ ਲਈ ਪੈਰੋਲ ‘ਤੇ ਰਿਹਾਅ ਕੀਤਾ ਗਿਆ। ਉਨ੍ਹਾਂ ਕਿਹਾ 21 ਜਨਵਰੀ 2023 ਨੂੰ ਡੇਰਾ ਮੁਖੀ ਸ਼ਾਹ ਸਤਨਾਮ ਦੇ ਜਨਮ ਦਿਨ `ਤੇ ਸ਼ਾਮਲ ਹੋਣ ਲਈ 40 ਦਿਨਾਂ ਦੀ ਪੈਰੋਲ ਦਿੱਤੀ ਗਈ ਤੇ ਹੁਣ ਸੱਤਵੀਂ ਵਾਰ ਹਰਿਆਣਾ ਸਰਕਾਰ ਨੇ 30 ਦਿਨ ਦੀ ਪੈਰੋਲ ਮਨਜ਼ੂਰ ਕਰ ਲਈ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੀ ਸਿੱਖ ਕਿਸੇ ਗ਼ੈਰ ਦੇਸ਼ ਦੇ ਵਾਸੀ ਹਨ ਜਿਨ੍ਹਾਂ ਲਈ ਕਨੂੰਨ ਵੀ ਵਖਰੇ ਵਖਰੇ ਘੜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਸਾਰੇ ਸਿੱਖ ਜੋ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਨੂੰ ਬਿਨ੍ਹਾਂ ਸ਼ਰਤ ਤੁਰੰਤ ਰਿਹਾ ਕਰਨਾ ਚਾਹੀਦਾ ਹੈ।
_