Breaking News

ਬਾਦਲ ਨੇ ਅਖੌਤੀ ਸਿੱਖ ਧਾਰਮਿਕ ਸ਼ਖਸੀਅਤਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ’ਤੇ ਚੁੱਪੀ ’ਤੇ ਚੁੱਕੇ ਸਵਾਲ

ਬਾਦਲ ਨੇ ਅਖੌਤੀ ਸਿੱਖ ਧਾਰਮਿਕ ਸ਼ਖਸੀਅਤਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ’ਤੇ ਚੁੱਪੀ ’ਤੇ ਚੁੱਕੇ ਸਵਾਲ

ਸਿੱਖ ਗੁਰਧਾਮਾਂ ਤੇ ਸੰਸਥਾਵਾਂ ਨੂੰ ਬਦਨਾਮ ਕਰ ਕੇ ਪੰਥ ਦੀ ਨਿਆਰੀ ਪਛਾਣ ਖਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ : ਸੁਖਬੀਰ ਸਿੰਘ ਬਾਦਲ

ਅਮਰੀਕ ਸਿੰਗ 

ਲੌਂਗੋਵਾਲ/ਚੰਡੀਗੜ੍ਹ, 20 ਅਗਸਤ:

 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸਿੱਖ ਸੰਸਥਾਵਾਂ, ਸਿੱਖ ਆਗੂਆਂ ਤੇ ਸਿੱਖ ਰਵਾਇਤਾਂ ਨੂੰ ਬਦਨਾਮ ਤੇ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚਣ ਵਾਲੀਆਂ ਪੰਜਾਬ ਵਿਰੋਧੀ ਤੇ ਪੰਥ ਵਿਰੋਧੀ ਤਾਕਤਾਂ ਨੂੰ ਹਰਾਉਣ ਲਈ ਫੈਸਲਾਕੁੰਨ ਤੇ ਇਕਜੁੱਟ ਹੋ ਕੇ ਲੜਾਈ ਲੜਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਅਕਾਲੀ ਦਲ ’ਤੇ  ਵਹਿਸ਼ੀਆਨਾ ਹਮਲੇ ਦਾ ਮੁੱਖ ਮਕਸਦ ਖਾਲਸਾ ਪੰਥ ਦੀ ਨਿਆਰੀ ਤੇ ਵੱਖਰੀ ਪਛਾਣ ਨੂੰ ਖੋਰਾ ਲਾਉਣਾ ਤੇ ਤਬਾਹ ਕਰਨਾ ਹੈ।

ਸਰਦਾਰ ਬਾਦਲ ਨੇ ਦੱਸਿਆ ਕਿ ਕਿਵੇਂ ਇਹਨਾਂ ਤਾਕਤਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਕੀਤਾ ਹੈ। ਉਹਨਾਂ ਨੇ ਹਰਿਆਣਾ ਗੁਰਦੁਆਰਾ ਕਮੇਟੀ ਦੀ ਮੀਟਿੰਗ ਤੋਂ ਸਾਹਮਣੇ ਆਈਆਂ ਵੀਡੀਓ ’ਤੇ ਵੀ ਖੇਦ ਪ੍ਰਗਟਾਇਆ ਜਿਸ ਵਿਚ ਮੈਂਬਰ ਇਕ ਦੂਜੇ ਨੂੰ ਮੰਦਾ ਆਖ ਰਹੇ ਹਨ ਤੇ ਖਿੱਚ ਧੂਹ ਕਰ ਰਹੇ ਹਨ।

ਸਰਦਾਰ ਬਾਦਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 38ਵੀਂ ਬਰਸੀ ਮੌਕੇ ਉਹਨਾਂ ਦੇ ਪਿੰਡ ਵਿਚ ਹੋਏ ਸਮਾਗਮ ਵਿਚ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਉਹਨਾਂ ਨੇ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਹਨਾਂ ਨੂੰ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮਸੀਹਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਨਹੀਂ ਬਲਕਿ ਆਉਂਦੀਆਂ ਪੀੜੀਆਂ ਉਹਨਾਂ ਦੀ ਪੰਜਾਬ, ਪੰਥ ਤੇ ਮਨੁੱਖਤਾ ਦੀ ਸੇਵਾ ਪ੍ਰਤੀ ਵਚਨਬੱਧਤਾ ਤੋਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ।

ਸਰਦਾਰ ਬਾਦਲ ਨੇ ਅਖੌਤੀ ਧਾਰਮਿਕ ਸਿੱਖ ਸ਼ਖਸੀਅਤਾਂ ਤੇ ਜਥੇਬੰਦੀਆਂ ਦੀ ਸੂਬੇ ਵਿਚ ਪਿਛਲੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਤੇ ਨਿਰੰਤਰ ਹੋ ਰਹੀਆਂ ਬੇਅਦਬੀਆਂ ’ਤੇ ਚੁੱਪੀ ’ਤੇ ਵੀ ਸਵਾਲ ਚੁੱਕੇ। ਉਹਨਾਂ ਪੁੱਛਿਆ‌ਕਿ ਕੀ ਇਹਨਾਂ ਸਿੱਖ ਸ਼ਖਸੀਅਤਾਂ ਦੀ ਧਾਰਮਿਕ ਚੇਤਨਤਾ ਸਿਰਫ ਅਕਾਲੀ ਸਰਕਾਰ ਖਿਲਾਫ ਜ਼ਹਿਰ ਉਗਲਣ ਵਾਸਤੇ ਇਕ ਪਰਦਾ ਸੀ? ਹੁਣ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਲਗਾਤਾਰ ਹੋ ਰਹੀਆਂ ਹਨ ਤਾਂ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਦੀ? ਉਹਨਾਂ ਨਾਲ ਹੀ ਕਿਹਾ ਕਿ ਹਾਲੇ ਵੀ ਸਮਾਂ ਹੈ ਕਿ ਇਹ ਸਿੱਖ ਵਿਰੋਧੀ ਤਾਕਤਾਂ ਦੀਆਂ ਕਠਪੁਤਲੀਆਂ ਵਾਲੀ ਆਪਣੀ ਭੂਮਿਕਾ ਤਿਆਗ ਦੇਣ ਤੇ ਵਾਪਸ ਮੁੱਖ ਪੰਥਕ ਧਾਰਾ ਵਿਚ ਮੁੜ ਆਉਣ।

ਭਗਵੰਤ ਮਾਨ ’ਤੇ ਵਰ੍ਹਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਤੇ ਉਹਨਾਂ ਦੇ ਸਾਥੀਆਂ ਨੇ ਸਰਕਾਰ ਚਲਾਉਣ ਦੇ ਗੰਭੀਰ ਕੰਮ ਨੂੰ ਇਕ ਚੁਟਕਲਾ ਬਣਾ ਕੇ ਰੱਖ ਦਿੱਤਾ ਹੈ, ਉਹ ਵੀ ਉਦੋਂ ਜਦੋਂ ਪੰਜਾਬ ਦੇ ਲੋਕ ਹੜ੍ਹਾਂ ਦੀ ਅਣਕਿਆਸੀ ਕੁਦਰਤੀ ਆਫਤ ਨਾਲ ਜੂਝ ਰਹੇ ਹਨ। ਉਹਨਾਂ ਕਿਹਾ ਕਿ ਇਹ ਲੋਕ ਚੁਟਕਲੇ ਸੁਣਾ ਰਹੇ ਹਨ ਜਦੋਂ ਕਿ ਲੋਕਾਂ ਨੂੰ ਆਪਣੇ ਘਰ ਤੇ ਖੇਤ ਛੱਡ ਕੇ ਸੜਕਾਂ ’ਤੇ ਖੁੱਲ੍ਹੇ ਅਸਮਾਨ ਹੇਠ ਰਾਤਾਂ ਬਿਤਾਉਣ ਵਾਸਤੇ ਮਜਬੂਰ ਹੋਣਾ ਪਿਆ ਹੈ।

ਉਹਨਾਂ ਕਿਹਾ ਕਿ ਇਕ ਪਾਸੇ ਤਾਂ ਇਹ ਤ੍ਰਾਸਦੀ ਚਲ ਰਹੀ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਆਪਣੇ ਦਿੱਲੀ ਦੇ ਆਕਾ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਾਇਲਟ ਬਣੇ ਹੋਏ ਉਹਨਾਂ ਨੂੰ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਲੈ ਕੇ ਜਾ ਰਹੇ ਹਨ। ਸਰਦਾਰ ਬਾਦਲ ਨੇ ਕਿਹਾ ਕਿ ਨਾ ਤਾਂ ਸਰਕਾਰ ਨੇ ਹੜ੍ਹਾਂ ਨਾਲ ਨਜਿੱਠਣ ਲਈ ਅਹਿਤਿਆਤੀ ਕਦਮ ਚੁੱਕੇ ਤੇ ਨਾ ਹੀ ਗਰਮੀਆਂ ਦੇ ਮਹੀਨਿਆਂ ਵਿਚ ਹੜ੍ਹਾਂ ਦੀ ਤਿਆਰੀ ਵਾਸਤੇ ਤੈਅਸ਼ੁਦਾ ਮਾਪਦੰਡਾਂ ਦੀ ਪਾਲਣਾ ਕੀਤੀ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …