ਅਜੀਤ ਸਿੰਘ ਨਗਰ ’ਚ ਹੋਵੇਗਾ-ਅਨਮੋਲ ਗਗਨ ਮਾਨ
ਪੰਜਾਬ ਵਿੱਚ ਪਹਿਲਾ ਰੰਗਲਾ ਪੰਜਾਬ ਟੂਰਿਜਮ ਸੰਮੇਲਨ 11 ਸਤੰਬਰ ਤੋਂ ਸਾਹਿਬਜਾਦਾ
ਅਜੀਤ ਸਿੰਘ ਨਗਰ ’ਚ ਹੋਵੇਗਾ-ਅਨਮੋਲ ਗਗਨ ਮਾਨ
ਅੰਮ੍ਰਿਤਸਰ ਵਿੱਚ ਜਨਵਰੀ ਮਹੀਨੇ ਹੋਵੇਗਾ ਰਾਸ਼ਟਰੀ ਪੱਧਰ ਦਾ ਟੂਰਿਜਮ ਮੇਲਾ
ਅਮਰੀਕ ਸਿੰਘ
ਅੰਮ੍ਰਿਤਸਰ, 4 ਸਤੰਬਰ:
ਪੰਜਾਬ ਦੀ ਸੈਰ ਸਪਾਟਾ ਸਨਅਤ ਨੂੰ ਵੱਡਾ ਹੁਲਾਰਾ ਦੇਣ ਲਈ 11 ਤੋਂ 13 ਸਤੰਬਰ ਤੱਕ ਐਮਟੀ ਯੂਨੀਵਰਸਿਟੀ ਸਾਹਿਬਜਾਦਾਅਜੀਤ ਸਿੰਘ ਨਗਰ ਵਿੱਚ ਰੰਗਲਾ ਪੰਜਾਬ ਟੂਰਿਜਮ ਸੰਮੇਲਨ ਕਰਵਾਇਆ ਜਾਵੇਗਾ। ਇਹ ਐਲਾਨ ਅੰਮ੍ਰਿਤਸਰ ਦੇ ਸੈਰ ਸਪਾਟਾ ਸਨਅਤ ਨਾਲ ਸਬੰਧਤ ਕਾਰੋਬਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਮੈਡਮ ਅਨਮੋਲ ਗਗਨ ਮਾਨ ਨੇ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਮੈਂ ਉਕਤ ਸੰਮੇਲਨ ਲਈ ਮਾਝੇ ਦੇ ਕਾਰੋਬਾਰੀਆਂ ਨੂੰ ਸੱਦਾ ਦੇਣ ਲਈ ਅੰਮ੍ਰਿਤਸਰ ਵਿਖੇ ਆਈ ਹਾਂ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਲੱਖਾਂ ਯਾਤਰੀ ਰੋਜਾਨਾ ਆਉਂਦੇ ਹਨ ਜੋ ਕਿ ਚੰਗੀ ਗੱਲ ਹੈ ਪਰ ਪੰਜਾਬ ਵਿੱਚ ਸਾਡੇ ਕੋਲ ਸੈਰ ਸਪਾਟਾ ਸਨਅਤ ਦੀਆਂ ਹੋਰ ਵੀ ਅਥਾਹ ਸੰਭਾਵਨਾਵਾਂ ਹਨ ਜਿੰਨਾਂ ਬਾਰੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਜਾਣਕਾਰੀ ਨਾਮਾਤਰ ਹੈ। ਉਨ੍ਹਾਂ ਕਿਹਾ ਕਿ ਮੇਰੇ ਵਿਭਾਗ ਦੀ ਕੋਸ਼ਿਸ਼ ਹੈ ਕਿ ਇਨ੍ਹਾਂ ਸਾਰੀਆਂ ਕੁਦਰਤੀ, ਇਤਿਹਾਸਕ ਅਤੇ ਸਭਿਆਚਾਰਕ ਸਥਾਨਾਂ ਨੂੰ ਜਨਤਾ ਦੇ ਸਾਹਮਣੇ ਲਿਆ ਕੇ ਪੰਜਾਬ ਵਿੱਚ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਲਈ ਵਿਭਾਗ ਉਕਤ ਸਾਰੀਆਂ ਥਾਂਵਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਵਿਕਸਤ ਕਰਨ ਲਈ ਕੰਮ ਕਰ ਰਿਹਾ ਹੈ ਜਿਸ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਹੈ।
ਮੈਡਮ ਮਾਨ ਨੇ ਕਿਹਾ ਕਿ ਅਸੀਂ ਇਨ੍ਹਾਂ ਥਾਂਵਾਂ ਦੀ ਜਾਣਕਾਰੀ, ਹੋਟਲ ਬੂਕਿੰਗ, ਗਾਇਡ ਆਦਿ ਸਾਰਾ ਕੁਝ ਇਕ ਹੀ ਐਪ ’ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਨਾਲ ਕਿਸੇ ਵੀ ਸੈਲਾਨੀ ਨੂੰ ਪੰਜਾਬ ਘੁੰਮਣ ਬਾਰੇ ਵੱਡੀ ਸਹਾਇਤਾ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਦੀ ਵਿਰਾਸਤ, ਖੇਡਾਂ, ਖਾਣੇ, ਖੇਤੀਬਾੜੀ, ਪੇਂਡੂ ਅਰਥਚਾਰਾ, ਪੰਜਾਬੀ ਨਾਚ ਆਦਿ ਨੂੰ ਅਧਾਰ ਬਣਾ ਕੇ ਅਸੀਂ ਪੰਜਾਬ ਵਿੱਚ 23 ਵੱਡੇ ਮੇਲੇ ਅਗਲੇ ਸਾਲ ਕਰਵਾਉਣ ਦੀ ਯੋਜਨਾਬੰਦੀ ਕੀਤੀ ਹੈ ਜਿਸ ਵਿੱਚ ਜਨਵਰੀ ਮਹੀਨੇ ਅੰਮ੍ਰਿਤਸਰ ਵਿਖੇ ਰਾਸ਼ਟਰੀ ਪੱਧਰ ਦਾ ਰੰਗਲਾ ਪੰਜਾਬ ਮੇਲਾ ਕਰਵਾਇਆ ਜਾਵੇਗਾ ਜੋ ਕਿ ਕਰੀਬ 15 ਦਿਨ ਚੱਲੇਗਾ ਅਤੇ ਇਸ ਵਿੱਚ ਪ੍ਰਵਾਸੀ ਭਾਰਤੀਆਂ ਦੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੈਰ ਸਪਾਟਾ ਸਨਅਤ ਨਾਲ ਜੁੜੇ ਉਦਮੀਆਂ ਨੂੰ ਵਿਸੇਸ਼ ਤੌਰ ਤੇ ਸੱਦਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਇੱਛਾ ਰਾਜ ਨੂੰ ਸੈਰ ਸਪਾਟਾ ਸਨਅਤ ਵਿੱਚ ਵੀ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਦੀ ਹੈ ਅਤੇ ਅਸੀਂ ਇਸ ਲਈ ਨਿਰੰਤਰ ਦਿਨ ਰਾਤ ਬਿਨਾਂ ਥੱਕੇ ਕੰਮ ਕਰ ਰਹੇ ਹਾਂ ਪਰ ਇਸ ਲਈ ਤੁਹਾਡੇ ਸਾਰੇ ਸਾਥ ਦੀ ਵੱਡੀ ਲੋੜ ਹੈ। ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਸੈਲਾਨੀਆਂ ਦੀ ਸਹੂਲਤ ਲਈ ਸ਼ੱਟਲ ਬੱਸ ਸਰਵਿਸ, ਟੂਰਿਜਮ ਪੁਲਿਸ ਅਤੇ ਸੈਲਾਨੀਆਂ ਦੀ ਸਹੂਲਤ ਲਈ ਵਿਸ਼ੇਸ਼ ਮੈਡੀਕਲ ਹੈਲਪ ਲਾਈਨ ਸ਼ੁਰੂ ਕਰਨ ਲਈ ਵੀ ਕੰਮ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਸੰਮੇਲਨ ਨੂੰ ਸੰਬੋਧਨ ਕਰਦੇ ਵਿਧਾਇਕ ਸ੍ਰ ਦਲਬੀਰ ਸਿੰਘ ਟੌਂਗ ਨੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਵੱਲੋਂ ਕੀਤੇ ਗਏ ਇਸ ਨਿਵੇਕਲੇ ਉਦਮ ਦੀ ਪ੍ਰਸੰਸਾ ਕਰਦੇ ਕਿਹਾ ਕਿ ਜੇਕਰ ਪੰਜਾਬ ਸੈਰ ਸਪਾਟਾ ਵਿੱਚ ਅੱਗੇ ਵੱਧਦਾ ਹੈ ਤਾਂ ਸਭ ਤੋਂ ਵੱਧ ਲਾਭ ਅੰਮ੍ਰਿਤਸਰ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਨੂੰ ਹੋਵੇਗਾ। ਉਨ੍ਹਾਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਅੰਮ੍ਰਿਤਸਰ ਆਉਣ ਤੇ ਜੀ ਆਇਆ ਕਿਹਾ।
ਇਸ ਤੋਂ ਪਹਿਲਾਂ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਨੇ ਪੰਜਾਬ ਦੇ ਰੰਗਲੇ ਸਭਿਆਚਾਰ ਨੂੰ ਦਰਸਾਉਂਦੀਆਂ ਵੀਡੀਓ ਅਤੇ ਤਸੀਵਰਾਂ ਨਾਲ ਵਿਸਥਾਰ ਪੂਰਵਕ ਜਾਣਕਾਰੀ ਸਾਰੇ ਉਦਮੀਆਂ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਅਸੀਂ ਪੰਜਾਬ ਦੇ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਤ ਕਰਨ ਲਈ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਅਜਿਹੇ ਸੰਮੇਲਨ ਕਰ ਚੁੱਕੇ ਹਾਂ। ਇਸ ਮੌਕੇ ਸੀ:ਈ:ਓ ਇਨਵੈਸਟ ਪੰਜਾਬ ਸ੍ਰੀ ਡੀ:ਪੀ:ਐਸ ਖਰਬੰਦਾ ਨੇ ਸੰਬੋਧਨ ਕਰਦੇ ਸਾਰੇ ਉਦਮੀਆਂ ਨੂੰ ਭਰੋਸਾ ਦਿੱਤਾ ਕਿ ਤੁਸੀਂ ਕੋਈ ਵੀ ਪ੍ਰਾਜੈਕਟ ਵਿਸਥਾਰ ਸਾਡੇ ਨਾਲ ਸਾਂਝਾ ਕਰੋ ਤਾਂ ਅਸੀਂ ਆਪਣੀ ਜਿੰਮੇਵਾਰੀ ਸਮਝਦੇ ਹੋਏ ਮਿਥੇ ਸਮੇਂ ਵਿੱਚ ਹਰੇਕ ਪ੍ਰਵਾਨਗੀ ਲੈ ਕੇ ਦੇਵਾਂਗੇ। ਉਨ੍ਹਾਂ ਕਿਹਾ ਕਿ ਸੈਰ ਸਪਾਟਾ ਸਨਅਤ ਨੂੰ ਉਚਾ ਚੁੱਕਣ ਲਈ ਵਿਭਾਗ ਹਰ ਵੇਲੇ ਤਿਆਰ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ, ਐਸ:ਈ ਪੰਜਾਬ ਟੂਰਿਜਮ ਸ੍ਰ ਬੀ:ਐਸ:ਚਾਨਾ, ਜੀ:ਐਮ ਇੰਡਸਰਟੀ ਸ੍ਰੀ ਇੰਦਰਜੀਤ ਸਿੰਘ ਟਾਂਡੀ ਅਤੇ ਹੋਰ ਵੀ ਹਾਜਰ ਸਨ।