ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖ਼ਤ,ਅਟਾਰੀ ਸਰਹੱਦ ਤੋਂ ਪਾਕਿਸਤਾਨ ਨਾਲ ਵਪਾਰ ਸੁਰਜੀਤ ਕੀਤਾ ਜਾਵੇ: ਪ੍ਰੋ: ਸਰਚਾਂਦ ਸਿੰਘ ਖਿਆਲਾ।ਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ 19 ਜਨਵਰੀ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਟਾਰੀ ਇੰਟੈਗਰੇਟਿਡ ਚੈੱਕ ਪੋਸਟ (ICP) ਰਾਹੀਂ ਭਾਰਤ ਪਾਕਿਸਤਾਨ ਦੁਵੱਲੇ ਵਪਾਰ ਬਹਾਲ ਕਰਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਗਏ ਪੱਤਰ ਵਿਚ ਉਨ੍ਹਾਂ ਪੰਜਾਬ ਦੀ ਪੀੜਾ ਨੂੰ ਬਿਆਨ ਕਰਦਿਆਂ ਕਿਹਾ ਕਿ ਸਨਅਤੀ ਵਿਕਾਸ ਅਤੇ ਵਪਾਰਕ ਉੱਨਤੀ ਤੋਂ ਬਗੈਰ ਪੰਜਾਬ ਤਰੱਕੀ ਨਹੀਂ ਕਰ ਸਕਦਾ।ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਕੰਮ ਆਪਣੇ ਲੋਕਾਂ ਦੀ ਬਿਹਤਰੀ ਦਾ ਹਰ ਪੱਖੋਂ ਖ਼ਿਆਲ ਰੱਖਿਆ ਜਾਣਾ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੁੰਦਾ ਹੈ। ਫਰਵਰੀ 2019 ’ਚ ਪੁਲਵਾਮਾ ਅਤਿਵਾਦੀ ਹਮਲੇ ਪਿੱਛੋਂ ਭਾਰਤ ਨੇ ਪਾਕਿਸਤਾਨ ਨਾਲ ਵਪਾਰ ਬੰਦ ਕਰਦਿਆਂ ਉਸ ਤੋਂ ਤਰਜੀਹੀ ਦੇਸ਼ ਹੋਣ ਦਾ ਦਰਜਾ ਵਾਪਸ ਲੈ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਚਾਰ ਸਾਲ ਦਾ ਇਕ ਲੰਮਾ ਅਰਸਾ ਬੀਤ ਗਿਆ ਹੈ। ਸਥਿਤੀਆਂ ਬਦਲ ਚੁੱਕੀਆਂ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਆਰਥਿਕ ਨਜ਼ਰੀਏ ਤੋਂ ਦੁਨੀਆ ਦੇ ਸਭ ਤੋਂ ਵੱਡੇ ਦੇਸ਼ਾਂ ਦੇ ਸਮੂਹ ਜੀ 20 ਸਿਖਰ ਸੰਮੇਲਨ ਹੋਣ ਜਾ ਰਿਹਾ ਹੈ। ਪੰਜਾਬ ਨੂੰ ਕੌਮਾਂਤਰੀ ਮੰਚ ’ਤੇ ਵਪਾਰ ਲਈ ਉਭਾਰਨ ਦੀਆਂ ਕੋਸ਼ਿਸ਼ਾਂ ਉਨ੍ਹਾਂ ਚਿਰ ਕਾਮਯਾਬ ਨਹੀਂ ਹੋਣਗੀਆਂ ਜਦ ਤਕ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਅਤੇ ਕੇਂਦਰੀ ਏਸ਼ੀਆ ਸਮੇਤ ਖਾੜੀ ਦੇਸ਼ਾਂ ਨਾਲ ਵਪਾਰ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ। ਅਟਾਰੀ ਵਾਹਗਾ ਸਰਹੱਦ ਰਾਹੀਂ ਵਪਾਰ ਤੋਂ ਬਿਨਾ ਪੰਜਾਬ ਦਾ ਵਿਕਾਸ ਮਾਡਲ ਅਧੂਰਾ ਰਹੇਗਾ।ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਦੁਵੱਲੇ ਵਪਾਰ ਦੀ ਪ੍ਰਸੰਗਿਕਤਾ ਇਸ ਲਈ ਵੀ ਹੈ ਕਿ ਇਸ ਨਾਲ ਭਾਰਤ ਦੇ ਕਈ ਸੂਬਿਆਂ ਨੂੰ ਆਰਥਿਕ ਖ਼ੁਸ਼ਹਾਲੀ ਦੇ ਮੌਕੇ ਮਿਲਣਗੇ। ਖ਼ਾਸ ਕਰ ਪੰਜਾਬ ਲਈ ਵਿਕਾਸ ਦੇ ਨਵੇਂ ਦਿਸਹੱਦੇ ਖੁੱਲ੍ਹਣਗੇ। ਸ਼ਾਂਤੀ ਸਦਭਾਵਨਾ ਅਤੇ ਸੁਰੱਖਿਆ ਵਿਵਸਥਾ ਦੇ ਉਦੇਸ਼ ਲਈ ਕੂਟਨੀਤਕ ਪਹੁੰਚ ਅਪਣਾਉਂਦਿਆਂ ਵਪਾਰਕ ਪਾਬੰਦੀਆਂ ’ਤੇ ਮੁੜ ਵਿਚਾਰ ਕਰਨ ਅਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਦੀ ਲੋੜ ਹੈ। ਸਮੁੰਦਰੀ ਰੂਟ ਰਾਹੀਂ ਪਾਕਿਸਤਾਨ ਨਾਲ ਵਪਾਰ ਹੋ ਸਕਦਾ ਹੈ ਤਾਂ ਫਿਰ ਪੰਜਾਬ ਦੀ ਜ਼ਮੀਨੀ ਮਾਰਗ ਰਾਹੀਂ ਕਿਉਂ ਨਹੀਂ? ਮਾਹਿਰਾਂ ਅਨੁਸਾਰ ਵਪਾਰ ਦੇ ਬੰਦ ਹੋਣ ਨਾਲ ਪੰਜਾਬ ਨੂੰ 5000-7000 ਕਰੋੜ ਰੁਪਏ ਸਾਲਾਨਾ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ। ਵਿਸ਼ਵ ਬੈਂਕ ਅਨੁਸਾਰ ਇਸ ਰੂਟ ਵਿੱਚ 37 ਬਿਲੀਅਨ ਅਮਰੀਕੀ ਡਾਲਰ ਦਾ ਵਪਾਰ ਕਰਨ ਦੀ ਸਮਰੱਥਾ ਹੈ।ਭਾਰਤੀ ਉਪ-ਮਹਾਂਦੀਪ ਦੇ ਦੇਸ਼ ਭਾਰਤ ਦੀ ਅਗਵਾਈ ਦੀ ਲੋੜ ਨੂੰ ਸ਼ਿੱਦਤ ਨਾਲ ਮਹਿਸੂਸ ਕਰ ਰਹੇ ਹਨ। ਤਾਲਿਬਾਨ ਹੇਠ ਅਫ਼ਗ਼ਾਨਿਸਤਾਨ ਭਾਰਤ ਨਾਲ ਸੰਬੰਧ ਵਧਾਉਣ ਦਾ ਖ਼ਾਹਿਸ਼ਮੰਦ ਹੈ। ਜਿਵੇਂ ਭੁੱਖ, ਗ਼ਰੀਬੀ ਅਤੇ ਗ਼ੁਰਬਤ ਦੇ ਮਾਰੇ ਅਫਗਾਨੀ ਲੋਕ ਘਰਾਂ ਦਾ ਸਮਾਨ ਹੀ ਨਹੀਂ ਆਪਣੇ ਸਰੀਰ ਦੇ ਅੰਗ ਅਤੇ ਬੱਚੇ ਤਕ ਵੇਚਣ ਲਈ ਮਜਬੂਰ ਹਨ, ਪਾਕਿਸਤਾਨ ਦੀ ਸਥਿਤੀ ਇਸ ਤੋਂ ਬਾਹਲੀ ਬਿਹਤਰ ਨਹੀਂ ਹੈ। ਅੱਜ ਪਾਕਿਸਤਾਨ ਦੀ ਅਰਥ ਵਿਵਸਥਾ ਤਹਿਸ ਨਹਿਸ ਹੋਣ ਨਾਲ ਉਸ ਦੀ ਹਾਲਤ ਪਤਲੀ ਹੋ ਚੁੱਕੀ ਹੈ। ਅੰਦਰੂਨੀ ਅਸਥਿਰਤਾ ਦੀ ਸਥਿਤੀ ਵਿਚੋਂ ਗੁੱਜਰ ਰਹੇ ਪਾਕਿਸਤਾਨ ਵੱਲੋਂ ਭਾਰਤ ਨਾਲ ਵਪਾਰ ਪ੍ਰਤੀ ਹਾਂ ਪੱਖੀ ਵਤੀਰਾ ਦੇਖਿਆ ਜਾ ਰਿਹਾ ਹੈ। ਬੇਸ਼ੱਕ ਅੱਤਵਾਦ ਅਤੇ ਹਿੰਸਾ ਮੁਕਤ ਮਾਹੌਲ ’ਚ ਹੀ ਭਾਰਤ ਪਾਕਿਸਤਾਨ ਨਾਲ ਆਮ ਗੁਆਂਢੀਆਂ ਵਾਲਾ ਰਿਸ਼ਤਾ ਚਾਹੁੰਦਾ ਹੈ। ਪਰਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਅਟਾਰੀ ਰਾਹੀਂ ਵਪਾਰ ਦੇ ਬੰਦ ਹੋਣ ਨਾਲ ਵਪਾਰ ਪੱਖੋਂ ਵਾਹਗਾ ਸਰਹੱਦ ਸੁੰਨਸਾਨ ਹੈ। ਸਰਹੱਦੀ ਖੇਤਰ ਦੇ ਲੋਕ ਅਤੇ ਵਪਾਰੀ ਵਪਾਰਕ ਪਾਬੰਦੀਆਂ ਕਾਰਨ ਵਿੱਤੀ ਅਤੇ ਮਾਨਸਿਕ ਸਦਮੇ ਤੋਂ ਹੁਣ ਤਕ ਵੀ ਉੱਭਰ ਨਹੀਂ ਸਕੇ ਹਨ। ਵਪਾਰ ਬੰਦ ਹੋਣ ਤੋਂ ਪਹਿਲਾਂ ਇਸ ਸਰਹੱਦੀ ਰਸਤੇ ਰਾਹੀਂ ਰੋਜ਼ਾਨਾ 400 ਟਰੱਕਾਂ ਦਾ ਆਉਣ ਜਾਣ ਸੀ। ਜਿੱਥੇ ਕਸਟਮ ਡਿਊਟੀ 200 ਫ਼ੀਸਦੀ ਵਧਾ ਦਿੱਤੇ ਜਾਣ ਨਾਲ ਵਪਾਰ ਵੀ ਠੱਪ ਹੋ ਕੇ ਰਹਿ ਗਿਆ ਹੈ। ਅਟਾਰੀ-ਵਾਹਗਾ ਸਰਹੱਦ 'ਤੇ ਵਪਾਰ ਦੇ ਬੰਦ ਹੋਣ ਨਾਲ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਵਿੱਚ ਵੱਡੇ ਪੱਧਰ 'ਤੇ ਬੇਰੁਜ਼ਗਾਰੀ ਪੈਦਾ ਹੋਈ। ਤਿੰਨ ਪੀੜੀਆਂ ਤੋਂ ਕੁਲੀ ਵਜੋਂ ਕੰਮ ਕਰ ਰਹੇ ਕਰੀਬ 3 ਹਜ਼ਾਰ ਲੋਕ ਅਤੇ ਉਨ੍ਹਾਂ ਦੇ ਪਰਿਵਾਰ, ਟਰੱਕਾਂ ਵਾਲਿਆਂ, ਡਰਾਈਵਰਾਂ, ਮਕੈਨਿਕ, ਸਥਾਨਕ ਵਪਾਰੀ ਅਤੇ ਢਾਬੇ ਵਾਲਿਆਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਈ ਹੈ। ਅੰਮ੍ਰਿਤਸਰ ਧਾਰਮਿਕ ਸੈਰ ਸਪਾਟੇ ਤੋਂ ਇਲਾਵਾ ਇਕ ਪ੍ਰਮੁੱਖ ਵਪਾਰਕ ਕੇਂਦਰ ਹੈ। ਅਟਾਰੀ ਲੈਂਡ ਪੋਰਟ ਨੂੰ ਭਾਰਤ ਨੇ ਅੰਮ੍ਰਿਤਸਰ ਤੋਂ ਕੁਝ ਦੂਰੀ 'ਤੇ ਸਥਿਤ ਭਾਰਤ ਅਤੇ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਅਟਾਰੀ ਵਿਖੇ ਆਪਣਾ ਪਹਿਲਾ ਲੈਂਡ ਪੋਰਟ - ਜ਼ਮੀਨੀ ਬੰਦਰਗਾਹ ਵਜੋਂ ਵਿਕਸਤ ਕੀਤਾ ਹੈ। ਇਹ ਵਪਾਰ ਲਈ ਮਨਜ਼ੂਰਸ਼ੁਦਾ ਜ਼ਮੀਨੀ ਰਸਤਾ ਹੈ। ਕੁੱਲ 120 ਏਕੜ ਵਿੱਚ ਫੈਲਿਆ ਲੈਂਡ ਪੋਰਟ ਅਟਾਰੀ ਨੈਸ਼ਨਲ ਹਾਈਵੇ-1 ਨਾਲ ਸਿੱਧੀ ਪਹੁੰਚ ਰੱਖਦਾ ਹੈ। ਦੁਵੱਲੇ ਵਪਾਰ ਲਈ ਅਟਾਰੀ ਵਿਖੇ ਬਣਾਇਆ ਗਿਆ ਇੰਟੀਗਰੇਟਿਡ ਚੈੱਕ ਪੋਸਟ ( ਆਈ ਸੀ ਪੀ) ਨੂੰ ਸਕੈਨਰ ਵਿਵਸਥਾ, ਮਸ਼ੀਨੀ ਕਾਰਗੋਹੈਂਡਲਿੰਗ ਉਪਕਰਨ ਅਤੇ ਹਾਈਡਰਾ ਕਰੇਨ ਸਮੇਤ ਤਮਾਮ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਪ੍ਰਾਪਤ ਹਨ। ਸੂਬਾ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਪਾਕਿਸਤਾਨ ਨਾਲ ਅਟਾਰੀ-ਵਾਹਗਾ ਰਾਹੀਂ ਵਪਾਰ ਨੂੰ ਖੋਲ੍ਹਦਿਆਂ ਇਸ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਹ ਰਸਤਾ ਇਕ ਵਿਹਾਰਕ ਅਤੇ ਆਰਥਿਕ ਗੇਟਵੇਅ ਹੈ। ਰਾਸ਼ਟਰੀ ਸੁਰੱਖਿਆ ਸਾਡੇ ਲਈ ਸਭ ਤੋਂ ਵੱਧ ਤਰਜੀਹ ਏਜੰਡਾ ਹੈ। ਵਪਾਰ ਦਾ ਅਮਲ ਨੇ ਕੇਵਲ ਚਲਦਾ ਰਹਿਣਾ ਚਾਹੀਦਾ ਹੈ। ਸਗੋਂ ਆਯਾਤ ਨਿਰਯਾਤ ਦੀਆਂ ਵਸਤਾਂ ਦੀ ਗਿਣਤੀ ਵੀ ਵਧਾਈ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਵਪਾਰੀਆਂ ਅਤੇ ਯਾਤਰੂਆਂ ਦੀ ਸਹੂਲਤ ਲਈ ਅੰਮ੍ਰਿਤਸਰ ਜਾਂ ਅਟਾਰੀ ਤੋਂ ਵੀਜ਼ਾ ਵਿਵਸਥਾ ਸ਼ੁਰੂ ਕਰਨ ਦੀ ਲੋੜ ਹੈ। ਅਟਾਰੀ-ਵਾਹਗਾ ਰਾਹੀਂ ਵਪਾਰ ਨੂੰ ਸੁਰਜੀਤ ਕਰਨ ਲਈ ਰਾਜਨੀਤਿਕ ਇੱਛਾ ਸ਼ਕਤੀ ਦੀ ਲੋੜ ਹੈ। ਜੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਵਿਚ ਕੋਈ ਕਮੀ ਨਹੀਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ ਭਾਰਤ ਦਾ ਦੁਨੀਆ ਭਰ ’ਚ ਮਾਣ ਵਧਿਆ ਹੈ। ਵਿਦੇਸ਼ਾਂ ਵਿਚ ਵੱਸਦੇ ਸਾਡੇ ਲੋਕ ਸਿਰ ਉੱਚਾ ਕਰ ਕੇ ਤੁਰਨ ਲੱਗੇ ਹਨ। ਪੰਜਾਬ, ਪੰਜਾਬੀ ਅਤੇ ਸਿੱਖਾਂ ਪ੍ਰਤੀ ਤੁਹਾਡੀ ਚੰਗੀ ਸੋਚ ਅਤੇ ਪਹੁੰਚ ਤੋਂ ਹਰ ਕੋਈ ਵਾਕਿਫ ਹੈ। ਪੰਜਾਬ ਪੰਜਾਬੀਆਂ ਦਾ ਹੈ। ਪਰ ਅਫ਼ਸੋਸ ਕਿ ਜਿਸ ਗਿਣਤੀ ਅਤੇ ਗਤੀ ਨਾਲ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਵਿਚ ਪੜਾਈ ਅਤੇ ਰੁਜ਼ਗਾਰ ਦੇ ਬਹਾਨੇ ਵਾਪਸ ਨਾ ਮੁੜਨ ਦੀ ਇੱਛਾ ਨਾਲ ਪੰਜਾਬ ਛੱਡ ਰਹੇ ਹਨ, ਬਹੁਤ ਜਲਦ ਇਹ ਪੰਜਾਬ ਪੰਜਾਬ ਨਹੀਂ ਰਹੇਗਾ। ਪੰਜਾਬ ਦੀ ਮਾਨਸਿਕ ਪੀੜਾ ਨੂੰ ਸਮਝਣ ਦੀ ਲੋੜ ਹੈ। ਲੰਮਾ ਸਮਾਂ ਚਲੇ ਖਾੜਕੂਵਾਦ ਅਤੇ ਸਮੇਂ ਦੀਆਂ ਨਾ ਕਾਬਲ ਲੀਡਰਸ਼ਿਪ ਸਦਕਾ ਗੈਂਗਲੈਂਡ ਬਣੇ ਪੰਜਾਬ ਦੇ ਵਿਕਾਸ ਨੂੰ ਬਰੇਕਾਂ ਲੱਗ ਚੁੱਕੀਆਂ ਹਨ। ਅੱਜ ਪੰਜਾਬ ਅਮਨ ਕਾਨੂੰਨ ਦੀ ਸਥਿਤੀ ਅਤੇ ਬੇਰੁਜ਼ਗਾਰੀ ਦੀ ਵੱਡੀ ਸਮੱਸਿਆ ਨਾਲ ਜੂਝ ਰਿਹਾ ਹੈ। ਆਰਥਿਕ ਤੰਗੀ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਨੌਜਵਾਨੀ ਨਸ਼ਿਆਂ ਦੇ ਵਹਿਣ ’ਚ ਵਹਿ ਰਹੀ ਹੈ। ਉਦਯੋਗਿਕ ਖੇਤਰ ’ਚ ਖੜੋਤ ਹੀ ਨਹੀਂ ਆਈ ਸਗੋਂ ਪੰਜਾਬ ਦੀ ਇੰਡਸਟਰੀ ਹੋਰਨਾਂ ਰਾਜਾਂ ਵਿਚ ਪਲਾਇਨ ਕਰ ਰਹੀਆਂ ਹਨ।