ਕਿਸਾਨ ਪੀ ਏ ਯੂ ਦੀਆਂ ਸਿਫਾਰਿਸ਼ ਕਿਸਮਾਂ ਦੀ ਕਾਸ਼ਤ ਯਕੀਨੀ ਬਣਾਉਣ : ਪੀ ਏ ਯੂ ਵਾਈਸ ਚਾਂਸਲਰ
ਪੀ ਏ ਯੂ ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਹਾੜ੍ਹੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਾ ਆਯੋਜਿਤ ਹੋਇਆ
ਕਿਸਾਨ ਪੀ ਏ ਯੂ ਦੀਆਂ ਸਿਫਾਰਿਸ਼ ਕਿਸਮਾਂ ਦੀ ਕਾਸ਼ਤ ਯਕੀਨੀ ਬਣਾਉਣ : ਪੀ ਏ ਯੂ ਵਾਈਸ ਚਾਂਸਲਰ
ਅਮਰੀਕ ਸਿੰਘ
ਗੁਰਦਾਸਪੁਰ 12 ਸਤੰਬਰ
ਪੀ.ਏ.ਯੂ. ਦੇ ਹਾੜ੍ਹੀ ਦੀਆਂ ਫਸਲਾਂ ਲਈ ਕਿਸਾਨ ਮੇਲਿਆਂ ਦੇ ਸਿਲਸਿਲੇ ਵਿਚ ਅੱਜ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਪੰਜਾਬ ਦੇ ਫੂਡ ਅਤੇ ਸਿਵਲ ਸਪਲਾਈ ਅਤੇ ਕੰਜ਼ਿਊਮਰ ਅਫੇਅਰਜ਼ ਅਤੇ ਜੰਗਲਾਤ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਸਨ। ਜਦਕਿ ਮੇਲੇ ਦੀ ਪ੍ਰਧਾਨਗੀ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ।
ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਹਾਜ਼ਿਰ ਸਨ। ਇਸ ਤੋਂ ਇਲਾਵਾ ਗੁਰਦਾਪੁਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ ਐੱਸ ਪੀ ਸ਼੍ਰੀ ਹਰੀਸ਼ ਦਹੀਆ, ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਦੇ ਸਹਿਯੋਗੀ ਨਿਰਦੇਸ਼ਕ ਡਾ ਸਰਬਜੀਤ ਸਿੰਘ ਔਲਖ, ਜ਼ਿਲਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ ਕਿਰਪਾਲ ਸਿੰਘ ਢਿੱਲੋਂ ਅਤੇ ਸ ਸ਼ਮਸ਼ੇਰ ਸਿੰਘ ਹਲਕਾ ਇੰਚਾਰਜ ਦੀਨਾਨਗਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਮੁੱਖ ਮਹਿਮਾਨ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਗੁਰਦਾਸਪੁਰ ਕੇਂਦਰ ਵਿਚ ਮੇਲਾ ਲੱਗਣਾ ਇਸ ਇਲਾਕੇ ਦੇ ਕਿਸਾਨਾਂ ਲਈ ਚੰਗਾ ਸ਼ਗਨ ਹੈ। ਕਿਸਾਨਾਂ ਵੱਲੋਂ ਮੇਲੇ ਦਾ ਪੂਰਾ ਲਾਭ ਲਿਆ ਜਾਣਾ ਚਾਹੀਦਾ ਹੈ, ਬੀਜ, ਸਾਹਿਤ ਤੇ ਫਲਦਾਰ ਬੂਟੇ ਖਰੀਦ ਕੇ ਇਸ ਮੇਲੇ ਦਾ ਮੰਤਵ ਸਿੱਧ ਹੋ ਸਕਦਾ ਹੈ। ਕਿਸਾਨ ਮਾਹਿਰਾਂ ਕੋਲੋਂ ਤਕਨੀਕਾਂ ਸਿੱਖ ਰਹੇ ਹਨ ਤੇ ਆਸ ਹੈ ਕਿ ਇਹ ਤਕਨੀਕਾਂ ਆਪਣੀ ਖੇਤੀ ਉੱਪਰ ਲਾਗੂ ਵੀ ਕਰਨਗੇ। ਉਨ੍ਹਾਂ ਕਿਹਾ ਕਿ ਵਰਤਮਾਨ ਸਰਕਾਰ ਕਿਸਾਨੀ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਹੈ ਤੇ ਜਲਦ ਹੀ ਖੇਤੀਬਾੜੀ ਨੀਤੀ ਲਾਗੂ ਕਰਕੇ ਇਸ ਦਿਸ਼ਾ ਵਿਚ ਵੱਡਾ ਕਦਮ ਪੁੱਟਿਆ ਜਾਵੇਗਾ। ਸ਼੍ਰੀ ਕਟਾਰੂਚੱਕ ਨੇ ਕਿਹਾ ਕਿ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਖੇਤੀਬਾੜੀ ਨੂੰ ਲਾਹੇਵੰਦ ਕਿੱਤਾ ਬਣਾਏਗੀ ਤੇ ਖੇਤੀ ਤੋਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਖੇਤੀਬਾੜੀ ਨੂੰ ਸਮਾਜ ਦੀ ਰੀੜ੍ਹ ਦੀ ਹੱਡੀ ਕਹਿੰਦਿਆਂ ਬਦਲਦੇ ਸਮੇਂ ਮੁਤਾਬਕ ਚੁਣੌਤੀਆਂ ਦੇ ਸਾਮ੍ਹਣੇ ਲਈ ਨਵੀਆਂ ਤਕਨੀਕਾਂ ਅਪਣਾਉਣ ਲਈ ਕਿਸਾਨਾਂ ਨੂੰ ਕਿਹਾ। ਇਸ ਖੇਤਰੀ ਕੇਂਦਰ ਤੇ ਪੀ ਏ ਯੂ ਵਲੋਂ ਕੀਤੇ ਕਾਰਜਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਖੋਜ ਇਤਿਹਾਸ ਅੱਗੇ ਸਿਰ ਝੁਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨ ਮਿਲਣੀਆਂ ਨਾਲ ਪਹਿਲੀ ਵਾਰ ਕਿਸਾਨਾਂ ਤਕ ਸਰਕਾਰ ਨੇ ਪਹੁੰਚ ਕੀਤੀ ਤੇ ਕਿਸਾਨਾਂ ਨੂੰ ਬਣਦਾ ਮਾਣ ਵੀ ਦਿੱਤਾ। ਕਿਸਾਨਾਂ ਦੀ ਮੁਸ਼ੱਕਤ ਸਭ ਤੋਂ ਸਖ਼ਤ ਘਾਲਣਾ ਹੈ ਤੇ ਕਿਸਾਨ ਹੀ ਅਸਲ ਤਜਰਬਾ ਕਰਨ ਵਾਲਾ ਹੁੰਦਾ ਹੈ। ਮੰਤਰੀ ਸਾਹਿਬ ਨੇ ਕਿਸਾਨਾਂ ਨੂੰ ਆਪਣੇ ਇਲਾਕੇ ਦੇ ਖੇਤਰੀ ਖੋਜ ਕੇਂਦਰਾਂ ਨਾਲ ਸਾਂਝ ਨੂੰ ਪਕੇਰਾ ਕਰਨ ਦੀ ਅਪੀਲ ਕੀਤੀ। ਪਠਾਨਕੋਟ ਨੂੰ ਲੀਚੀ ਦੀ ਕਾਸ਼ਤ ਦਾ ਵਿਸ਼ੇਸ਼ ਖੇਤਰ ਬਣਾਉਣ ਬਾਰੇ ਗੱਲ ਕਰਦਿਆਂ ਸ਼੍ਰੀ ਕਟਾਰੂਚੱਕ ਨੇ ਅਬੋਹਰ ਵਿਚ ਕਿੰਨੂ ਤੇ ਪਠਾਨਕੋਟ ਵਿਚ ਲੀਚੀ ਦੀ ਪ੍ਰੋਸੈਸਿੰਗ ਦੇ ਸੰਸਥਾਨ ਸਥਾਪਿਤ ਕਰਨ ਦੀ ਗੱਲ ਕੀਤੀ । ਉਨ੍ਹਾਂ ਦੱਸਿਆ ਕਿ ਪਠਾਨਕੋਟ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਿਤ ਕਰਨ ਦੀ ਯੋਜਨਾ ਹੈ। ਸ਼੍ਰੀ ਕਟਾਰੂ ਚੱਕ ਨੇ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਅੰਨ ਪੱਖੋਂ ਸੁਰੱਖਿਅਤ ਬਣਾਇਆ । ਇਸ ਲਈ ਆਉਂਦੇ ਦਿਨੀਂ ਫ਼ਸਲਾਂ ਦੀ ਯਕੀਨੀ ਖਰੀਦ ਅਤੇ ਮੰਡੀਆਂ ਵਿਚ ਹਰ ਸਹੂਲਤ ਕਿਸਾਨਾਂ ਮੁਹਈਆ ਕਰਾਈ ਜਾਵੇਗੀ।
ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਰਮਨ ਬਹਿਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਮੇਲੇ ਦੇ ਮੰਤਵ ਨੂੰ ਦ੍ਰਿੜ ਕਰਾਇਆ
…